ਸਰੀ, 15 ਜੁਲਾਈ (ਬੁਲੰਦ ਆਵਾਜ ਬਿਊਰੋ) – ਬੀਤੇ ਦਿਨੀਂ ਅੱਗ ਲੱਗਣ ਕਾਰਨ 90 ਫੀਸਦੀ ਸੜ ਕੇ ਸੁਆਹ ਹੋਏ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਲਿਟਨ ਪਿੰਡ ਨੂੰ ਮੁੜ ਵਸਾਉਣ ਲਈ ਪੰਜਾਬੀਆਂ ਦੀ ਇੱਕ ਕੰਪਨੀ ਅੱਗੇ ਆਈ ਹੈ। ਲਾਂਗਲੀ ਸ਼ਹਿਰ ਦੀ ‘ਸੈਨ ਗਰੁੱਪ’ ਨਾਂ ਦੀ ਇਸ ਕੰਪਨੀ ਨੇ ਲਿਟਨ ਵਿੱਚ ਮਕਾਨ ਬਣਾਉਣ ਲਈ ਲੱਕੜ ਦਾਨ ਕਰਨ ਦਾ ਐਲਾਨ ਕਰ ਦਿੱਤਾ ਹੈ। ਲਾਂਗਲੀ ਸ਼ਹਿਰ ਦੇ ਸੈਨ ਗਰੁੱਪ ਕੋਲ ਬਹੁਤ ਸਾਰੀਆਂ ਆਰਾ ਮਿੱਲਾਂ ਅਤੇ ਪੋਰਟ ਅਲਬਰਨੀ ਵਿੱਚ ਇੱਕ ਪੁਨਰ ਨਿਰਮਾਣ ਪਲਾਂਟ ਹੈ। ਇਸ ਗਰੁੱਪ ਨੇ ਲਿਟਨ ਪਿੰਡ ਦੇ ਪੁਨਰ ਨਿਰਮਾਣ ਵਾਸਤੇ 50 ਮਕਾਨ ਦੀ ਉਸਾਰੀ ਲਈ ਲੱਕੜ ਤੇ ਹੋਰ ਸਮੱਗਰੀ ਭੇਜਣ ਦਾ ਵਾਅਦਾ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਬੀ.ਸੀ. ਦਾ ਲਿਟਨ ਪਿੰਡ ਜੰਗਲ ਦੀ ਅੱਗ ਦੀ ਲਪੇਟ ਵਿੱਚ ਆ ਗਿਆ ਸੀ, ਜਿਸ ਕਾਰਨ ਲਗਭਗ 1 ਹਜ਼ਾਰ ਲੋਕਾਂ ਦੇ ਮਕਾਨ ਅਤੇ ਕਾਰੋਬਾਰ ਅੱਗ ਦੀ ਭੇਟ ਚੜ੍ਹ ਗਏ ਸਨ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਥੈਂਪਸਨ-ਨਿਕੋਲਾ ਰੀਜਨਲ ਡਿਸਟ੍ਰਿਕਟ ਅਤੇ ਨੇੜੇ-ਤੇੜੇ ਦੇ ਖੇਤਰ ਵਿੱਚ ਅਜੇ ਵੀ ਅੱਗ ਲੱਗੀ ਹੋਈ ਹੈ।
‘ਸੈਨ ਗਰੁੱਪ’ ਦੇ ਮਾਲਕ ਦੋ ਪੰਜਾਬੀ ਭਰਾ ਕਮਲ ਸੰਘੇੜਾ ਅਤੇ ਸੁੱਕੀ ਸੰਘੇੜਾ ਲਿਟਨ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ, ਜਿਨ੍ਹਾਂ ਨੇ ਪਿੰਡ ਵਿੱਚ 50 ਮਕਾਨ ਬਣਾਉਣ ਲਈ ਲੱਕੜ ਤੇ ਹੋਰ ਸਾਮਾਨ ਭੇਜਣ ਦਾ ਐਲਾਨ ਕਰ ਦਿੱਤਾ ਹੈ। ਸੰਘੇੜਾ ਭਰਾਵਾਂ ਨੇ ਇਹ ਕਦਮ ਟੀਲ-ਜੋਨਸ ਗਰੁੱਪ ਦੀ ਹੱਲਾਸ਼ੇਰੀ ਮਗਰੋਂ ਚੁੱਕਿਆ ਹੈ। ਇਸ ਗਰੁੱਪ ਨੇ ਲਿਟਨ ਦੀ ਮਦਦ ਲਈ ਖੁਦ ਅੱਗੇ ਆਉਂਦੇ ਹੋਏ ਸੰਘੇੜਾ ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਸੀ। ਟੀਲ-ਜੋਨਸ ਦੇ ਜੈਕ ਗਾਰਡਨਰ ਲੱਕੜ ਦੇ ਕਾਰੋਬਾਰ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਵੀ ਲਿਟਨ ਵਾਸੀਆਂ ਦੀ ਮਦਦ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਿਹਾ ਹੈ। ‘ਸੈਨ ਗਰੁੱਪ’ ਦੇ ਮਾਲਕ ਸੰਘੇੜਾ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਲਿਟਨ ਪਿੰਡ ਦਾ ਉਹ ਦੁਖਾਂਤ ਤਸਵੀਰਾਂ ’ਚ ਵੇਖਿਆ ਹੈ, ਜਿਸ ਵਿੱਚ ਮਕਾਨ, ਗਾਰਡਨ ਅਤੇ ਗਲੀਆਂ ਅੱਗ ਨਾਲ ਸੜ ਰਹੀਆਂ ਸਨ। ਉਹ ਉੱਥੋਂ ਉਜੜੇ ਲੋਕਾਂ ਦਾ ਦਰਦ ਪਛਾਣਦੇ ਹਨ। ਇਸ ਲਈ ਉਨ੍ਹਾਂ ਨੂੰ ਲਿਟਨ ਵਾਸੀਆਂ ਨਾਲ ਹਮਦਰਦੀ ਹੈ ਅਤੇ ਉਹ ਉਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਕਰਨਗੇ।