More

  ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਕਰਵਾਇਆ ਗਿਆ ਵੈਬਿਨਾਰ

  ਅੰਮ੍ਰਿਤਸਰ, 25 ਮਈ (ਰਛਪਾਲ ਸਿੰਘ)  -ਕੋਰੋਨਾ ਵਾਇਰਸ ਤੇ ਇਸ ਮਹਾਂਮਾਰੀ ਦੌਰਾਨ ਚਾਰ ਚੁਫੇਰੇ ਨੂੰ ਸਾਫ ਰੱਖਣ ਬਾਰੇ ਜਾਗਰੂਕ ਕਰਨ ਲਈ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਦੇਸ਼ ਭਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਮੰਤਰਾਲੇ ਵੱਲੋਂ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਦਿੰਦਿਆਂ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਐਨ.ਜੀ.ਓ. ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਤੇ ਸੰਸਥਾ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਵੈਬਿਨਾਰ ਵਿੱਚ ਲੋਕਾਂ ਨੂੰ ਨਾ ਸਿਰਫ ਸਵੱਛਤਾ ਬਾਰੇ ਜਾਣਕਾਰੀ ਦਿੱਤੀ ਗਈ ਬਲਕਿ ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਇਸਦੇ ਫ਼ਾਇਦੇ ਵੀ ਦੱਸੇ ਗਏ।

  ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਕਿਹਾ ਕਿ ਵਿਕਸਿਤ ਮੁਲਕਾਂ ਵੱਲੋਂ ਸਾਫ ਸਫਾਈ ਅਤੇ ਖੇਡਾਂ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਵਿਚ ਵੀ ਅਜਿਹੀ ਪਹਿਲ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਕਰਨੀ ਹੋਵੇਗੀ। ਕਿਓਂਕਿ ਆਮ ਲੋਕਾਂ ਤੋਂ ਬਿਨਾ ਸਰਕਾਰ ਦੀ ਕੋਈ ਨੀਤੀ ਸਫਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਜ਼ਮੀਨੀ ਪੱਧਰ ‘ ਤੇ ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਵੱਡੇ ਪੱਧਰ ‘ ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਤਾਂ ਜੋ ਕੌਮਾਂਤਰੀ ਪੱਧਰ ‘ ਤੇ ਭਾਰਤ ਸਾਫ ਸਫਾਈ ਦੇ ਮੱਦੇਨਜ਼ਰ ਮੋਹਰੀ ਮੁਲਕ ਬਣ ਸਕੇ।

  ਇਸ ਮੌਕੇ ਵੈਬਿਨਾਰ ਵਿੱਚ ਬੋਲਦਿਆਂ ਦੂਜੇ ਬੁਲਾਰੇ ਮਨਜੀਤ ਸਿੰਘ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵੱਛ ਭਾਰਤ ਮੁਹਿੰਮ ‘ਤੇ ਆਧਾਰਿਤ ਅਜਿਹੇ ਪ੍ਰੋਗਰਾਮ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਨੇ, ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਨੂੰ ਸਾਹਮਣੇ ਆਉਣਾ ਪਵੇਗਾ ਅਤੇ ਆਪਣੀ ਜਿੰਮੇਵਾਰੀ ਸਮਝਦਿਆਂ ਚਾਰ ਚੁਫੇਰੇ ਨੂੰ ਸਾਫ ਰੱਖਣ ਲਈ ਅਹਿਦ ਲੈਣਾ ਪਵੇਗਾ। ਓਹਨਾਂ ਕਿਹਾ ਕਿ ਸਰਕਾਰ ਵਲੋਂ ਵੱਖੋ ਵੱਖ ਥਾਵਾਂ ‘ਤੇ ਸਾਫ਼ ਸਫ਼ਾਈ ਦਾ ਖ਼ਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਮਨਜੀਤ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਮਾਸਕ ਦੀ ਵਰਤੋਂ ਵੱਡੇ ਪੱਧਰ ਉੱਤੇ ਹੋ ਰਹੀ ਹੈ, ਜਿਸਦੇ ਚਲਦਿਆਂ ਸਾਨੂੰ ਵਰਤੋਂ ਦੇ ਨਾਲ – ਨਾਲ ਇਸਦੇ ਡਿਸਪੋਜ਼ਲ ਬਾਰੇ ਵੀ ਜਾਗਰੂਕ ਹੋਣ ਦੀ ਲੋੜ ਹੈ।

  ਇਸ ਵੈਬਿਨਾਰ ਵਿੱਚ ਬੁਲਾਰਿਆਂ ਦਾ ਸਵਾਗਤ ਫੀਲਡ ਆਊਟਰੀਚ ਬਿਊਰੋ ਜਲੰਧਰ ਦੇ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਿਚ ਕਾਫੀ ਮਦਦ ਮਿਲਦੀ ਹੈ। ਰਾਜੇਸ਼ ਬਾਲੀ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਲੋਕਾਂ ਨੂੰ ਜਾਗਰੂਕ ਕਰਨ ਵਿਚ ਮੋਹਰੀ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਬਾਰੇ ਮੰਤਰਾਲੇ ਵਲੋਂ ਵੱਡੇ ਪੱਧਰ ‘ਤੇ ਮੁਹਿੰਮ ਵਿੱਢੀ ਗਈ ਹੈ।

  ਇਸ ਮੌਕੇ ਮਿਨਿਸਟਰੀ ਆਫ਼ ਆਈ ਐਂਡ ਬੀ ਦੇ ਫੀਲਡ ਪਬਲਿਸਿਟੀ ਅਫ਼ਸਰ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਜਿਹੇ ਪ੍ਰੋਗਰਾਮਾਂ ਨੂੰ ਚਲਾਉਣ ਦਾ ਮਕਸਦ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ‘ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਸ਼ਾਸਤਰੀ ਜੀ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਦੇਸ਼ ਵਾਸੀਆਂ ਨੇ ਵੱਡੇ ਪੱਧਰ ‘ਤੇ ਹੁੰਗਾਰਾ ਦਿੱਤਾ ਸੀ। ਇਸੇ ਤਰ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੋ ਯੋਗਦਾਨ ਮੰਗਿਆ ਗਿਆ, ਉਸ ਵਿੱਚ ਵੀ ਦੇਸ਼ ਵਾਸੀਆਂ ਨੇ ਵੱਧ ਚੜ੍ਹ ਕੇ ਹੁੰਗਾਰਾ ਦਿੱਤਾ। ਕੁਝ ਇਸੇ ਤਰ੍ਹਾਂ ਹੁਣ ਸਵੱਛਤਾ ਅਭਿਆਨ ਨੂੰ ਵੀ ਜਨ ਅੰਦੋਲਨ ਬਣਾਉਣ ਦੀ ਲੋੜ ਹੈ।

  ਬੁਲਾਰਿਆਂ ਅਤੇ ਵੈਬਿਨਾਰ ਵਿਚ ਹਿੱਸਾ ਲੈ ਰਹੇ ਲੋਕਾਂ ਦਾ ਧੰਨਵਾਦ ਕਰਦਿਆਂ ਪ੍ਰੈੱਸ ਇਨਫਾਰਮੇਸ਼ਨ ਬਿਊਰੋ, ਜਲੰਧਰ ਦੇ ਅਸਿਸਟੈਂਟ ਡਾਇਰੈਕਟਰ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਸਮੇਂ ਸਵੱਛਤਾ ਇਕ ਅਹਿਮ ਭੂਮਿਕਾ ਅਦਾ ਕਰਦੀ ਹੈ। ਇਸ ਕਰਕੇ ਹਰ ਵਿਅਕਤੀ ਨੂੰ ਆਪਣੇ ਘਰ ਤੋਂ ਇਲਾਵਾ ਚਾਰ ਚੁਫੇਰੇ ਨੂੰ ਵੀ ਸਾਫ਼ ਰੱਖਣ ਦੀ ਲੋੜ ਹੈ, ਜਿਸਦੇ ਚਲਦਿਆਂ ਨਾ ਸਿਰਫ ਮਹਾਂਮਾਰੀ ਤੋਂ ਬਚਣ ਵਿੱਚ ਮਦਦ ਮਿਲੇਗੀ ਬਲਕਿ ਸਵੱਛ ਭਾਰਤ ਮੁਹਿੰਮ ਦਾ ਟੀਚਾ ਵੀ ਪੂਰਾ ਹੋ ਸਕੇਗਾ।

  ਇਸ ਵੈਬਿਨਾਰ ਦੌਰਾਨ ਲੋਕਾਂ ਨੇ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਸਵੱਛਤਾ ਬਾਰੇ ਕਈ ਤਰ੍ਹਾਂ ਦੇ ਸਵਾਲ ਕੀਤੇ ਅਤੇ ਅਪਣੇ ਸੰਸ਼ੇ ਦੂਰ ਕੀਤੇ। ਵੈਬਿਨਾਰ ਵਿੱਚ ਮਾਸਕ ਨੂੰ ਕੱਟ ਕੇ ਡਿਸਪੋਜ਼ ਕਰਨ ਦੀ ਸਲਾਹ ਦਿੱਤੀ ਗਈ, ਤਾਂ ਜੋ ਉਸਨੂੰ ਕੋਈ ਦੂਜਾ ਵਿਅਕਤੀ ਇਸਤੇਮਾਲ ਨਾ ਕਰ ਸਕੇ। ਵੈਬਿਨਾਰ ਵਿੱਚ ਲੋਕਾਂ ਨੂੰ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਮਿੱਤਰਾਂ ਨਾਲ ਵੱਧ ਤੋਂ ਵੱਧ ਸਾਂਝਾ ਕਰਨ ਦੀ ਗੱਲ ਵੀ ਆਖੀ ਗਈ।

  ਬਹਿਰਹਾਲ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਟੀਚਾ ਹਰ ਵਿਅਕਤੀ ਤੱਕ ਸਵੱਛਤਾ ਬਾਰੇ ਸੰਪੂਰਨ ਜਾਣਕਾਰੀ ਪਹੁੰਚਾਉਣਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਚਲਾਏ ਗਏ ਇਸ ਜਾਗਰੂਕਤਾ ਅਭਿਆਨ ਦੀ ਪ੍ਰਤੀਭਾਗੀਆਂ ਵਲੋਂ ਵੱਡੇ ਪੱਧਰ ‘ਤੇ ਸ਼ਲਾਘਾ ਕੀਤੀ ਗਈ ਅਤੇ ਇਸ ਨੂੰ ਜਨ ਅੰਦੋਲਨ ਬਣਾਉਣ ਦਾ ਵਾਅਦਾ ਵੀ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img