ਮਹਿਕਮਾ ਪੰਜਾਬੀ
ਉੱਨੀ ਸੌ ਚੁਰਾਸੀ (੧੯੮੪ ) ਤੋਂ ਹੁਣ ਤੱਕ ਪੰਜਾਬ ਦੀ ਫਿਜਾ ‘ਚ ਇਕ ਕਵੀਸ਼ਰੀ ਗੂੰਜਦੀ ਰਹਿੰਦੀ ਹੈ “ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ”। ਕਵਿਤਾ ਦੇ ਜਾਣੂੰ ਦੱਸਦੇ ਨੇ ਕਿ ਇਹ ਮੇਘਵਰਨ ਛੰਦ ਦੀ ਤਰਜ ਹੈ। ਇਸ ਤਰਜ ‘ਚ ਲਿਖਿਆ ਗਾਇਆ ਗਿਆ ਸਭ ਤੋਂ ਮਸ਼ਹੂਰ ਗਾਉਣ ਅਮਰ ਸਿੰਘ ਚਮਕੀਲੇ ਦਾ “ਭੁੱਲ ਗਈ ਮੈਂ ਘੁੰਡ ਕੱਢਣਾ, ਜੇਠਾ ਵੇ ਮੁਆਫ਼ ਕਰੀਂ” ਹੈ। ਪਰ ਚਮਕੀਲੇ ਤੋਂ ਚਿਰ ਪਹਿਲਾਂ ਇਹ ਤਰਜ ਧੰਨੇ ਭਗਤ ਦੇ ਪ੍ਰਸੰਗ ‘ਚ ਰਿਕਾਰਡ ਹੋ ਚੁੱਕੀ ਸੀ।
ਮੇਘਵਰਨ ਛੰਦ ‘ਚ ਇਹ ਕਵਿਤਾ ਇਉੰ ਸੀ :
ਧੰਨਾ ਸੀ ਪਿੰਡ ਨੂੰ ਆਉਂਦਾ
ਰਾਹ ਵਿੱਚ ਸੀ ਪੰਡਤ ਨਾਹੁੰਦਾ
ਪੰਡਿਤ ਫਰਮਾਏ ਏਦਾਂ
ਚੋਭਾਂ ਜੀਆਂ ਲਾ ਕੇ ਏਦਾਂ
….
…………..
ਕਿਥੇ ਰਾਮ ਜੀ ਕਿਨਾਰੇ ਤੇਰੇ ਮੋੜਦਾ।
ਤਰਜ ਤੋਂ ਵੱਧ ਤਿਲਸਮੀ ਇਸ ਕਵਿਤਾ ਦੇ ਬੋਲ ਹਨ, ਜੋ ਬਿਨਾਂ ਕਿਸੇ ਜਾਂਚ ਏਜੰਸੀ ਦੀ ਮਦਦ ਦੇ 500 ਕਿਲੋਮੀਟਰ ਦੂਰ ਵਾਪਰਿਆ ਦ੍ਰਿਸ਼ ਹੂ ਬ ਹੂ ਚਿਤਰਦੇ ਹਨ, ਜੋ ਕਿ ਦਹਾਕਿਆਂ ਬਾਅਦ ਦਰਬਾਰੀ ਲਿਖਤਾਂ ‘ਚ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡ ਸ਼ੂਹਰਾ ‘ਚ ਬੈਠਾ ਮੁਕਾਮੀ ਕਵੀਸ਼ਰ “ਮੇਜਰ ਸਿੰਘ ਸ਼ੂਹਰਾ” ਨੇ ਇਹ ਤਸੱਵਰ ਕਿਵੇਂ ਕਰ ਲਿਆ ਕਿ ਹਿੰਦ ਦੀ ਰਾਣੀ ਇੰਦਰਾ ਗਾਂਧੀ ਨੇ ਉਸ ਦਿਨ ਬੁਲਟ-ਪਰੂਫ ਜੈਕਟ ਨਹੀਂ ਪਾਈ ਸੀ? ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲਾ ਪੱਤਰਕਾਰ ਇੰਦਰ ਮਲਹੋਤਰਾ ਆਪਣੀ ਕਿਤਾਬ ਦੇ ਚੈਪਟਰ The Last Walk : Indira Gandhi’s last morning as PM (ਲਿੰਕ ਪਹਿਲੇ ਕੁਮੈਂਟ ‘ਚ) ‘ਚ ਲਿਖਦਾ ਹੈ : “ਉਸ ਦਿਨ ਇੰਦਰਾ ਗਾਂਧੀ ਆਪਣੇ ਲਿਬਾਸ ਦਾ ਜ਼ਿਆਦਾ ਧਿਆਨ ਕਰ ਰਹੀ ਸੀ ਕਿਉਂ ਕਿ ਵਲੈਤ ਦੇ ਨਾਟਕ-ਲਿਖਾਰੀ, ਮਜਾਹੀਏ Peter Ustinov ਨਾਲ ਉਸ ਦੀ ਟੀ ਵੀ ਮੁਲਾਕਾਤ ਸੀ। ਉਸ ਦਿਨ ਪਾਉਣ ਲਈ ਉਸ ਨੇ ਭਗਵੇਂ ਰੰਗ ਦੀ ਸਾੜ੍ਹੀ ਚੁਣੀ ਕਿਉਂਕਿ ਉਹਨੂੰ ਸਲਾਹ ਦਿੱਤੀ ਗਈ ਸੀ ਕਿ ਭਗਵਾਂ ਰੰਗ ਸਕਰੀਨ ਤੇ ਜ਼ਿਆਦਾ ਵਧੀਆ ਨਜ਼ਰ ਆਉਂਦਾ ਹੈ। ਕਿਉਂਕਿ ਉਹ ਟੀਵੀ ਕੈਮਰੇ ਲਈ ਤਿਆਰ ਹੋ ਰਹੀ ਸੀ ਗੋਲੀਆਂ ਲਈ ਨਹੀਂ, ਇਸ ਲਈ ਉਸ ਨੇ ਉਹ ਬੁਲਟ ਪਰੂਫ ਨਾ ਪਾਇਆ।
ਦਿੱਲੀ ਤੋਂ 500 ਕਿਲੋਮੀਟਰ ਦੂਰ ਬੈਠੇ ਮੇਜਰ ਸਿੰਘ ਸ਼ਹੂਰੇ ਹੁਰਾਂ ਨੇ ਇਹ ਤਸੱਵਰ ਕਰ ਲਿਆ ਕਿ ਜ਼ਰੂਰ ਇੰਦਰਾ ਬੁਲਟ ਪਰੂਫ ਪਾਉਣਾ ਭੁੱਲ ਗਈ ਹੋਵੇਗੀ। ਉਸ ਨੇ ਇਹ ਕਵਿਤਾ ਲਿਖ ਦਿੱਤੀ। ਉਸ ਪਿੱਛੋਂ ਇਹ ਪੰਜਾਬ ਦੇ ਚੋਟੀ ਦੇ ਕਵੀਸ਼ਰੀ ਜੱਥਿਆਂ ਨੇ ਗਾਈ। ਜਿੰਨਾ ਵਿੱਚ ਭਾਈ ਨਿਰਮਲ ਸਿੰਘ ਚੋਹਲਾ ਵੀ ਸ਼ੁਮਾਰ ਹਨ। ਲੱਗਭੱਗ ਤੀਹ ਸਾਲਾਂ ਪਿੱਛੋਂ ਦਰਬਾਰੀ ਲਿਖਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਦਿਨ ਸੱਚਮੁੱਚ ਹੀ ਇੰਦਰਾ ਗਾਂਧੀ ਬੁਲਟ ਪਰੂਫ ਜੈਕੇਟ ਪਾਉਣਾ ਭੁੱਲ ਗਈ ਸੀ। ਪਰ ਮੇਜਰ ਸਿੰਘ ਸ਼ਹੂਰਾ ਅਤੇ ਨਿਰਮਲ ਸਿੰਘ ਚੋਹਲਾ ਆਪਣੀ ਕਲਾ ਕਾਰਨ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਮਾਰ ਦਿਤੇ ਗਏ ਪਰ ਕਵਿਤਾ ਅੱਜ ਵੀ ਗੂਜਦੀ ਹੈ।