More

  ਕਿਸਾਨ ਸੰਘਰਸ਼ ਕਿਉ ਜ਼ਰੂਰੀ…?

  ਕੇਂਦਰੀ ਹਿੰਦੂਤਵੀ ਹਾਕਮਾਂ ਨੇ ਸਿੱਖੀ, ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਕਿਸਾਨੀ ‘ਤੇ ਹਮਲਾ ਤੇਜ਼ ਕਰ ਦਿੱਤਾ ਹੈ। ਇਸ ਲਈ ਪਹਿਰੇਦਾਰ ਨਿਰੰਤਰ ਪੰਜਾਬ ਤੇ ਪੰਜਾਬ ਦੀ ਸਿੱਖੀ ਨੂੰ ਬਚਾਉਣ ਦਾ ਹੋਕਾ ਦਿੰਦਾ ਆ ਰਿਹਾ ਹੈ। ਅੱਜ ਅਸੀਂ ਪੰਜਾਬ ਦੀ ਕਿਸਾਨੀ ‘ਤੇ ਹੋਏ ਹਮਲੇ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਉਸ ਹੱਲੇ ਦਾ ਮੂੰਹ ਮੋੜਨ ਲਈ ਸ਼ੁਰੂ ਕੀਤੇ ਜੇਲ੍ਹ ਭਰੋ ਅੰਦੋਲਨ ਦਾ ਜ਼ਿਕਰ ਕਰਨ ਜਾ ਰਹੇ ਹਾਂ। ਪੰਜਾਬ ਦੇ ਕਿਸਾਨਾਂ ਨੂੰ ਖ਼ਾਸ ਕਰ ਕੇ ਆਮ ਪੰਜਾਬੀਆਂ ਨੂੰ ਆਮ ਕਰ ਕੇ ਇਸ ਗੱਲ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਕਿ ਮੋਦੀ ਹਕੂਮਤ ਪੰਜਾਬ ਦੀ ਛੋਟੀ ਕਿਸਾਨੀ ਨੂੰ ਖ਼ਤਮ ਕਰਨ ਦੇ ਮਨਸੂਬੇ ਘੜ੍ਹ ਚੁੱਕੀ ਹੈ ਅਤੇ ਉਹਨਾਂ ਨੂੰ ਨੇਪਰੇ ਚੜ੍ਹਾਉਣ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ। ਪੰਜਾਬ ‘ਚ ਮੰਡੀਕਰਨ ਬੋਰਡ ਨੂੰ ਖ਼ਤਮ ਕਰ ਕੇ ਅਤੇ ਫ਼ਸਲਾਂ ਦੇ ਘੱਟੋ-ਘੱਟ ਮੁੱਲ ਦਾ ਭੋਗ ਪਾ ਕੇ, ਛੋਟੇ ਕਿਸਾਨ ਨੂੰ ਕੰਗਾਲ ਬਣਾ ਦਿੱਤਾ ਜਾਵੇਗਾ। ਫ਼ਿਰ ਉਸ ਨੂੰ ਉਸਦੀ ਜ਼ਮੀਨ ਨੂੰ ਵਧ ਮੁੱਲ ‘ਤੇ ਖ੍ਰੀਦਣ ਦਾ ਲਾਲਚ ਦਿੱਤਾ ਜਾਵੇਗਾ। ਕਰਜ਼ੇ ਦੇ ਮੱਕੜ ਜਾਲ ‘ਚ ਫਸਿਆ ਕਿਸਾਨ ਆਪਣੀ ਦੋ-ਤਿੰਨ ਏਕੜ ਜ਼ਮੀਨ ਨੂੰ ਵੇਚਣ ਲਈ ਮਜ਼ਬੂਰ ਹੋ ਜਾਵੇਗਾ, ਜਿਸ ਤਰ੍ਹਾਂ ਬਾਦਲਾਂ ਨੇ ਪੰਜਾਬ ‘ਚੋਂ ਛੋਟੇ ਟ੍ਰਾਂਸਪੋਰਟਰਾਂ ਨੂੰ ਖ਼ਤਮ ਕੀਤਾ ਸੀ। ਉਸੇ ਤਰ੍ਹਾਂ ਹੀ ਛੋਟੇ ਕਿਸਾਨ ਬੇਜ਼ਮੀਨੇ ਬਣਾ ਦਿੱਤੇ ਜਾਣਗੇ। ਦੂਜਾ ਪੰਜਾਬ ਤੋਂ ਪਾਣੀ ਖੋਹ ਕੇ, ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣ ਦੀ ਯੋਜਨਾ ਹੈ। ਫਿਰ ਸਰਮਾਏਦਾਰ ਘਰਾਣੇ ਹੀ ਧਰਤੀ ਹੇਠੋਂ ਪਾਣੀ ਲੈਣ ਲਈ 700-800 ਫੁੱਟ ਡੂੰਘੇ  ਟਿਊਬਵੈਲ ਲਾ ਸਕਣਗੇ। ਛੋਟੇ ਕਿਸਾਨ ਨੂੰ ਤਾਂ ਆਪਣੀ ਜ਼ਮੀਨ ਵੇਚਣ ਲਈ ਹੀ ਮਜ਼ਬੂਰ ਹੋਣਾ ਪਵੇਗਾ। ਮਹਿੰਗੀ ਹੋ ਰਹੀ ਬਿਜਲੀ ਵੀ ਭਾਂਵੇਂ ਮੁੱਦਾ ਹੈ, ਪ੍ਰੰਤੂ ਉਸ ਤੋਂ ਪਹਿਲਾਂ ਪੰਜਾਬ ਦੀ ਛੋਟੀ ਕਿਸਾਨੀ ਦੀ ਹੋਂਦ ਨੂੰ ਬਚਾਉਣਾ, ਵੱਡਾ ਮੁੱਦਾ ਹੈ। ਇਸ ਸਮੇਂ ਕਿਸਾਨ ਜਥੇਬੰਦੀਆਂ ਨੇ ਤਿੰਨ ਖੇਤੀ ਆਰਡੀਨੈਂਸਾਂ ਦੀ ਵਾਪਸੀ ਲਈ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਹੈ। ਕਰੋਨਾ ਦੀ ਦਹਿਸ਼ਤ ਦੇ ਬਾਵਜੂਦ ਜਿਸ ਤਰ੍ਹਾਂ ਕਿਸਾਨਾਂ ਨੇ ਡੱਟ ਕੇ ਇਸ ਸੰਘਰਸ਼ ਨੂੰ ਹੁੰਗਾਰਾ ਭਰਿਆ ਹੈ, ਉਹ ਕਾਬਲ-ਏ-ਤਾਰੀਫ਼ ਹੈ। ਪ੍ਰੰਤੂ ਅੱਜ ਵੱਡੇ ਤੇ ਤਿੱਖ਼ੇ ਸੰਘਰਸ਼ ਦੀ ਲੋੜ ਸੀ। ਇਸ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ ਇੱਕ ਸਾਂਝਾ ਏਜੰਡਾ ਤੇ ਇੱਕ ਸਾਂਝਾ ਪਲੇਟ ਫ਼ਾਰਮ ਜ਼ਰੂਰੀ ਹੈ। ਆਪਣੀ ਦੁਕਾਨ ਜਾਂ ਆਪਣੀ ਚੌਧਰ ਚਮਕਾਉਣ ਦੀ ਲਾਲਸਾ ਛੱਡ ਕੇ , ਅੱਜ ਕਿਸਾਨੀ ਨੂੰ ਬਚਾਉਣਾ ਹੀ ਮੁੱਖ ਏਜੰਡਾ ਹੋਣਾ ਚਾਹੀਦਾ ਹੈ। ਪੰਜਾਬ ਦੀ ਤ੍ਰਾਸਦੀ ਹੀ ਆਖ਼ੀ ਜਾ ਸਕਦੀ ਹੈ ਕਿ ਜੇ ਸਿੱਖੀ ਦੀ ਹੋਂਦ ਨੂੰ ਖ਼ਤਰਾ ਹੈ ਤਾਂ ਵਿਰੋਧ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਖੱਖੜੀਆਂ-ਕਰੇਲੇ ਹਨ। ਜੇ ਕਿਸਾਨੀ ਦੀ ਹੋਂਦ ਨੂੰ ਖ਼ਤਰਾ ਹੈ ਤਾਂ ਕਿਸਾਨ ਜਥੇਬੰਦੀਆਂ ਲੀਰੋ-ਲੀਰ ਹਨ। ਫ਼ੁੱਟ, ਸਫ਼ਲਤਾ ‘ਚ ਵੱਡੀ ਰੁਕਾਵਟ ਬਣ ਸਕਦੀ ਹੈ। ਇਸ ਸੱਚ ਨੂੰ  ਸਾਰੀਆਂ ਧਿਰਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਰਾਜਸੀ ਲੋਕ, ਚਾਹੇ ਉਹ ਕਿਸੇ ਵੀ ਰੰਗ ਦੇ ਹੋਣ, ਕਿਸੇ ਦੇ ਸਕੇ ਨਹੀਂ ਹੁੰਦੇ । ਉਹ ਆਪਣੀ ਵੋਟ ਰਾਜਨੀਤੀ ਲਈ ਕਿਸਾਨਾਂ ਨੂੰ ਵਰਤਦੇ ਹਨ। ਪ੍ਰੰਤੂ ਅਸਲ ‘ਚ ਉਹ ਕਿਸਾਨਾਂ ਦੇ ਕਦੇ ਵੀ  ਹਮਦਰਦ ਨਹੀਂ ਹੁੰਦੇ। ਹੁਣ ਜਦੋਂ ਪੰਜਾਬ ਦੀ ਧਰਤੀ ‘ਤੇ ਕਿਸਾਨਾਂ ਨੇ ਸੰਘਰਸ਼ ਦਾ ਬਿਗੁਲ ਵਜਾ ਹੀ ਦਿੱਤਾ ਹੈ ਤਾਂ ਉਸ ਸਮੇਂ ਕਈ ਸਿਆਸੀ ਧਿਰਾਂ ਗਿਰਗਿਟ ਵਾਂਗੂੰ ਰੰਗ ਬਦਲ ਜਾਂ ਆਪਣੀ ਪਹਿਲੀ ਆਵਾਜ਼ ਬਦਲ ਕੇ ਸਾਹਮਣੇ ਆਉਣਗੀਆਂ ਤਾਂ ਕਿਸਾਨ ਜਥੇਬੰਦੀਆਂ ਤੇ ਹੋਰ ਹਮ-ਖ਼ਿਆਲੀ ਧਿਰਾਂ ਦੀ ਏਕਤਾ ਹੀ ਕਰਾਰਾ ਜਵਾਬ ਦੇ ਸਕਦੀ ਹੈ। ਅਸੀਂ ਸਮਝਦੇ ਹਾਂ ਕਿ ਕਿਸਾਨਾਂ ਲਈ ਇਹ ਸੰਘਰਸ਼ ‘ਕਰੋ ਜਾਂ ਮਰੋ ਵਾਲਾ ਹੈ। ਜੇ ਕਿਸਾਨ, ਸਰਕਾਰ ਦੀ ਮਕਾਰ ਜਾਂ ਜ਼ਾਬਰ ਨੀਤੀ ਅੱਗੇ ਝੁਕ ਗਏ ਤਾਂ ਉਨ੍ਹਾਂ ਦੀ ਹੋਂਦ ਖ਼ਤਰੇ ਵਿੱਚ ਪੈ ਜਾਵੇਗੀ। ਦੇਸ਼ ਦਾ ਕਿਸਾਨ, ਖ਼ਾਸ ਕਰ ਕੇ ਪੰਜਾਬ ਤੇ ਮਹਾਰਾਸ਼ਟਰ ਦਾ ਕਿਸਾਨ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਕਿਸਾਨੀ ਦੀਆਂ ਜੜ੍ਹਾਂ ‘ਤੇ ਹਮਲਾ ਹੈ ਤੇ ਛੋਟੇ ਕਿਸਾਨ ਨੂੰ ਮਜ਼ਦੂਰ ਮੰਡੀ ‘ਚ ਲਿਆ ਕੇ ਖੜ੍ਹਾ ਕਰਨ ਦੀ ਸਾਜ਼ਿਸ਼ ਹੈ। ਸਾਰੀਆਂ ਕਿਸਾਨ ਜਥੇਬੰਦੀਆਂ, ਜਿਹੜੀਆਂ ਆਪਣੇ-ਆਪ ਨੂੰ ਕਿਸਾਨਾਂ ਦੀਆਂ ਹਮਦਰਦ ਜਥੇਬੰਦੀਆਂ ਦੱਸਦੀਆਂ ਹਨ, ਉਨ੍ਹਾਂ ਨੂੰ ਸੁਆਰਥ ਦੀ ਨੀਤੀ ਛੱਡ ਕੇ, ਕਿਸਾਨਾਂ ਲਈ ਜਿਊਣ ਤੇ ਕਿਸਾਨਾਂ ਲਈ ਮਰਨ ਦਾ ਪ੍ਰਣ ਕਰਨਾ ਪਵੇਗਾ। ਏਕੇ ‘ਚ ਹੀ ਹਮੇਸ਼ਾਂ ਬਰਕਤ ਤੇ ਬਲ ਦੋਵੇਂ ਹੁੰਦੇ ਹਨ। ਇਸ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਦੇ ਰਾਹ ‘ਤੇ ਤੁਰਨਾ ਪਵੇਗਾ। ਕਿਸਾਨ ਏਕੇ ਤੋਂ ਸਰਕਾਰ ਵੀ ਡਰੇਗੀ ਅਤੇ ਛੋਟੀ ਕਿਸਾਨੀ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦਾ ਸੁਫ਼ਨਾ ਪਾਲ਼ੀ ਬੈਠੇ ਅੰਬਾਨੀ-ਅੰਡਾਨੀ ਵਰਗਿਆਂ ਦੇ ਮੂੰਹ ‘ਤੇ ਵੀ ਸਿਕਰੀ ਆਵੇਗੀ।

   

   

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img