More

  ਕਿਸਾਨ ਮੋਰਚੇ ਵੱਲੋਂ ਜੇਲ੍ਹੀਂ ਡੱਕੇ ਕੈਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ

  ਬਰਨਾਲਾ, 24 ਫਰਵਰੀ 2021: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਸੰਘਰਸ਼ ਅੱਜ 147 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਅੱਜ ਬੁਲਾਰੇ ਆਗੂਆਂ ਮਲਕੀਤ ਸਿੰਘ ਈਨਾ, ਗੁਰਮੇਲ ਸਿੰਘ ਠੁੱਲੀਵਾਲ, ਗੋਬਿੰਦਰ ਸਿੰਘ ਮਹਿਲਕਲਾਂ, ਜਥੇਦਾਰ ਅਜਮੇਰ ਸਿੰਘ ਮਹਿਲਕਲਾਂ,ਮਾ. ਸੋਹਣ ਸਿੰਘ ਮਹਿਲਕਲਾਂ , ਸ਼ਿੰਗਾਰਾ ਸਿੰਘ, ਨਛੱਤਰ ਸਿੰਘ ਕਲਕੱਤਾ,ਸੁਖਦੇਵ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਤਿੰਨ ਮਹੀਨਿਆਂ ਤੋਂ ਲਗਤਾਰ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ/ਲੋਕ ਸੰਘਰਸ਼ ਨੂੰ ਡਰਾਉਣ,ਧਮਕਾਉਣ,ਦਹਿਸ਼ਤਜਦਾ ਕਰਨ ਦੀ ਨੀਅਤ ਨਾਲ ਅਗਵਾਈ ਕਰਨ ਵਾਲੇ ਕਿਸਾਨ ਆਗੂਆਂ ਖਿਲ਼ਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਨ, 26 ਜਨਵਰੀ ਲਾਲ ਕਿਲੇ ਵਾਪਰੀਆਂ ਘਟਨਾਵਾਂ ਨਾਲ ਜੋੜਕੇ ਅਨੇਕਾਂ ਕਿਸਾਨਾਂ-ਨੌਜਵਾਨਾਂ ਨੂੰ ਜੇਲ੍ਹੀਂ ਡੱਕਣ, ਸੰਘਰਸ਼ ਦੇ ਹਮਾਇਤ ਕਰਨ ਵਾਲੇ ਰਾਵੀ ਦਿਸ਼ਾ ਵਰਗੇ ਕਾਰਕੁਨਾਂ ਖਿਲਾਫ ਦੇਸ਼ ਧਰੋਹ ਵਰਗੇ ਸੰਗੀਨ ਮੁਕੱਦਮੇ ਦਰਜ ਕਰਨ ਖਿਲ਼ਾਫ ਗੁੱਸੇ ਦੀ ਲਹਿਰ ਦੌੜ ਗਈ ਹੈ।

  ਬੁਲਾਰਿਆਂ ਕਿਹਾ ਕਿ ਖੇਤੀ ਖੇਤਰ ਦੇ ਨਾਲ-ਨਾਲ ਸਮੁੱਚਾ ਅਰਥਚਾਰਾ ਹੀ ਇਨ੍ਹਾਂ ਕਾਨੂੰਨਾਂ ਦੀ ਜੱਦ ਵਿੱਚ ਆਵੇਗਾ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ।ਇਸੇ ਕਰਕੇ ਹੁਣ ਸਮੁੱਚੇ ਭਾਰਤ ਅੰਦਰ ਚੱਲ ਰਿਹਾ ਸੰਘਰਸ਼ ਕਿਸਾਨਾਂ ਦਾ ਨਾਂ ਰਹਿਕੇ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਇਨ੍ਹਾਂ ਕਿਸਾਨ/ਲੋਕ ਵਿਰੋਧੀ ਕਾਨੂੰਨਾਂ ਨਾਲ ਪ੍ਰਭਾਵਿਤ ਹੋਣ ਵਾਲਾ ਹਰ ਤਬਕਾ ਕਿਸੇ ਨਾਂ ਕਿਸੇ ਰੂਪ ਵਿੱਚ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।ਵਿਸ਼ਵ ਪਾਰ ਸੰਸਥਾ, ਕੌਮਾਂਤਰੀ ਮੁਦਾਰ ਫੰਡ ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਨਾ ਤਹਿਤ ਸੁਪਰ ਅਮੀਰਾਂ(ਅਡਾਨੀ,ਅੰਬਾਨੀ ਅਤੇ ਹੋਰ) ਨੂੰ ਅੰਨ੍ਹੇ ਮੁਨਾਫੇ ਬਖਸ਼ਣ ਲਈ ਲਿਆਂਦੇ ਇਨ੍ਹਾਂ ਕਾਨੁੰਨਾਂ ਦੀ ਅਸਲੀਅਤ ਨੂੰ ਪੰਜਾਬ ਤੋਂ ਬਾਅਦ ਮੁਲਕ ਦਾ ਬੱਚਾ-ਬੱਚਾ ਸਮਝਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਆਇਆ ਹੈ।ਮੋਦੀ ਹਕੂਮਤ ਵੱਲੋਂ ਲਿਆਂਦੇ ਕਾਨੂੰਨਾਂ ਸਬੰਧੀ ਗੋਦੀ ਮੀਡੀਆ ਭਲੇ ਹੀ ਹਕੂਮਤ ਦੀ ਬੋਲੀ ਬੋਲ ਰਿਹਾ ਹੈ,ਪਰ ਲੋਕ ਪੱਖੀ ਮੀਡੀਆ ਬਾਖੂਬੀ ਆਪਣਾ ਫਰਜ ਅਦਾ ਕਰ ਰਿਹਾ ਹੈ।

  ਇਸ ਸਮੇਂ ਬੁਲਾਰਿਆਂ ਨੇ ਜੇਲ੍ਹੀਂ ਡੱਕੇ ਕਿਸਾਨਾਂ ਨੂੰ ਰਿਹਾਅ ਕਰਨ, ਲਾਲ ਕਿਲੇ ਦੀਆਂ ਘਟਨਾਵਾਂ ਨਾਲ ਜੋੜਕੇ ਕਿਸਾਨ ਆਗੂਆਂ ਖਿਲਾਫ ਦਰਜ ਕੀਤੇ ਪੁਲਿਸ ਕੇਸ ਰੱਦ ਕਰਨ, ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿੱਚ ਟੂਲ ਕਿੱਟ ਰਾਹੀਂ ਪ੍ਰਚਾਰ ਕਰਨ ਵਾਲੀ ਦਿਸ਼ਾ ਰਾਵੀ ਹੋਰਾਂ ਖਿਲ਼ਾਫ ਦਰਜ ਕੀਤੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਖਾਰਜ ਕਰਨ ਦੀ ਮੰਗ ਕੀਤੀ।ਉਪਰੰਤ ਟੋਲ ਪਲਾਜਾ ਦੇ ਨਜਦੀਕ ਵਿਸ਼ਾਲ ਰੋਸ ਮਾਰਚ ਕੀਤਾ । 26 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਸੰਘਰਸ਼ ਦੇ ਤਿੰਨ ਮਹੀਨੇ ਪੂਰੇ ਹੋਣ ਤੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ 27 ਫਰਵਰੀ ਨੂੰ ਭਗਤ ਰਵੀਦਾਸ ਜੀ ਅਤੇ ਸ਼ਹੀਦ ਚੰਦਰ ਸ਼ੇਖਰ ਦਾ ਜਨਮ ਦਿਨ ਸੰਘਰਸ਼ ਅਖਾੜੇ ਟੋਲ ਪਲਾਜਾ ਮਹਿਲਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਮੋਦੀ ਹਕੂਮਤ ਦੇ ਲੱਖ ਸਾਜਿਸ਼ਾਂ ਨਵੀਆਂ ਤੋਂ ਨਵੀਆਂ ਸੰਘਰਸ਼ਾਂ ਦੀ ਸਾਂਝ ਦੀਆਂ ਤੰਦਾਂ ਜੋੜਦਾ ਹੋਇਆ ਅੱਗੇ ਵਧ ਰਿਹਾ ਹੈ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img