ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਸਿਰਜਿਆ ਇਤਿਹਾਸ

376

ਹਨੂੰਮਾਨਗੜ੍ਹ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ ਨੇ ਇਕੱਠਿਆਂ ਰਾਜ ਦੀ ਪ੍ਰਸ਼ਾਸਕੀ ਪ੍ਰੀਖਿਆ (ਆਰਏਐੱਸ) ਪਾਸ ਕੀਤੀ ਹੈ। ਇਨ੍ਹਾਂ ਦੀਆਂ ਦੋ ਹੋਰ ਭੈਣਾਂ ਰੋਮਾ ਤੇ ਮੰਜੂ ਪਹਿਲਾਂ ਹੀ ਆਰਏਐੱਸ ਅਫਸਰ ਹਨ। ਹੁਣ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਆਰਏਐੱਸ ਅਫਸਰ ਬਣ ਗਈਆਂ ਹਨ। ਸਹਾਰਨ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਹੈ ਜਦਕਿ ਉਸ ਦੀ ਪਤਨੀ ਲਕਸ਼ਮੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ ’ਚ ਅੰਸ਼ੂ ਨੇ ਓਬੀਸੀ ’ਚ 31ਵਾਂ ਰੈਂਕ ਮਿਲਿਆ ਹੈ ਜਦਕਿ ਰੀਤੂ ਨੂੰ 96ਵਾਂ ਤੇ ਸੁਮਨ ਨੂੰ 98ਵਾਂ ਰੈਂਕ ਮਿਲਿਆ ਹੈ। ਰੀਤੂ ਭੈਣਾਂ ’ਚੋਂ ਸਭ ਤੋਂ ਛੋਟੀ ਹੈ। ਰੋਮਾ ਨੇ 2010 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਉਹ ਆਪਣੇ ਪਰਿਵਾਰ ’ਚ ਪਹਿਲੀ ਆਰਏਐੱਸ ਅਫਸਰ ਸੀ।

Italian Trulli

ਉਹ ਇਸ ਸਮੇਂ ਝੁਨਝੁਨ ਜ਼ਿਲ੍ਹੇ ਦੇ ਸੁਜਾਨਗੜ੍ਹ ’ਚ ਬਲਾਕ ਡਿਵੈਲਪਮੈਂਟ ਅਫਸਰ ਵਜੋਂ ਤਾਇਨਾਤ ਹੈ। ਮੰਜੂ ਨੇ 2017 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਤੇ ਉਹ ਇਸ ਸਮੇਂ ਹਨੂੰਮਾਨਗੜ੍ਹ ਦੇ ਨੋਹਾਰ ਦੇ ਕੋਆਪਰੇਟਿਵ ਵਿਭਾਗ ’ਚ ਸੇਵਾ ਨਿਭਾ ਰਹੀ ਹੈ। ਇਸ ਸਬੰਧੀ ਖ਼ਬਰ ਭਾਰਤੀ ਜੰਗਲਾਤ ਸੇਵਾਵਾਂ (ਆਈਐੱਫਐੱਸ) ਅਫਸਰ ਪ੍ਰਵੀਨ ਕਾਸਵਾਨ ਨੇ ਟਵਿੱਟਰ ’ਤੇ ਸਾਂਝੀ ਕੀਤੀ। ਉਨ੍ਹਾਂ ਟਵੀਟ ਕੀਤਾ, ‘ਬਹੁਤ ਚੰਗੀ ਖ਼ਬਰ ਹੈ। ਹਨੂੰਮਾਨਗੜ੍ਹ ਤੋਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ। ਅੱਜ ਇਹ ਤਿੰਨੇ ਹੀ ਆਰਏਐੱਸ ਚੁਣੀਆਂ ਗਈਆਂ ਹਨ। ਆਪਣੇ ਪਿਤਾ ਤੇ ਪਰਿਵਾਰ ਦਾ ਮਾਣ ਵਧਾਇਆ। ਉਹ ਪੰਜ ਭੈਣਾਂ ਹਨ। ਬਾਕੀ ਦੋ ਰੋਮਾ ਤੇ ਮੰਜੂ ਪਹਿਲਾਂ ਹੀ ਆਰਏਐੱਸ ਹਨ। ਕਿਸਾਨ ਸ੍ਰੀ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਹੁਣ ਆਰਏਐੱਸ ਹਨ।’ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਨੇ ਆਰਏਐੱਸ 2018 ਦਾ ਨਤੀਜਾ ਐਲਾਨਿਆ ਹੈ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟੌਪਰਾਂ ਨੂੰ ਵਧਾਈ ਦਿੱਤੀ ਹੈ।