ਕਿਸਾਨਾਂ ਵਲੋਂ ਤਿੰਨ ਖੇਤੀ ਮਾਰੂ ਆਰਡੀਨੈਂਸਾਂ ਖ਼ਿਲਾਫ਼ ਚਲਾਏ ਜਾ ਰਹੇ ਸੂਬਾ ਪੱਧਰੀ ਨਾਕਾਬੰਦੀ ਸੰਘਰਸ਼ ਵਿੱਚ ਅੱਜ ਜ਼ਿਲ੍ਹਾ ਮਾਨਸਾ ਦੇ ਅਨੇਕਾਂ ਪਿੰਡ ਨਾਕਿਆਂ ’ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ ਅਕਾਲੀ ਤੇ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ। ਇਨ੍ਹਾਂ ਐਕਸ਼ਨਾਂ ਵਿੱਚ ਅੱਜ ਵਿਸ਼ੇਸ਼ ਕਰਕੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ, ਜਿਨ੍ਹਾਂ ਕਿਸਾਨ ਦੋਖੀ ਸਰਕਾਰਾਂ ਦਾ ਰੱਜ ਕੇ ਸਿਆਪਾ ਕੀਤਾ। ਜ਼ਿਲ੍ਹੇ ਦੇ 81 ਪਿੰਡਾਂ ਵਿੱਚ ਇਨ੍ਹਾਂ ਨਾਕਾਬੰਦੀ ਇਕੱਠਾਂ ਵਿੱਚ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤੇ ਖੇਤੀ ਉਜਾੜੂ ਰਵਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਆਰਡੀਨੈਂਸਾਂ, ਬਿਜਲੀ ਬਿੱਲ ਅਤੇ ਤੇਲ ਕੀਮਤ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਇਸ ਮੌਕੇ ਕਿਸਾਨਾਂ ਨੂੰ ਰਾਜਸੀ ਤੌਰ ਤੇ ਚੇਤੰਨ ਕਰਦੇ ਹੋਏ ਸਰਕਾਰੀ ਕਿਸਾਨ ਮਾਰੂ ਕਦਮਾਂ ਦੀ ਵਿਸਥਾਰ ਸਹਿਤ ਵਿਆਖਿਆ ਵੀ ਕੀਤੀ। ਬਲਾਕ ਮਾਨਸਾ ਦੇ ਨਾਕਾ ਧਰਨਿਆਂ ਨੂੰ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਬਲਾਕ ਪ੍ਰਧਾਨ ਜਗਦੇਵ ਸਿੰਘ ਤੇ ਦਰਸ਼ਨ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ, ਬੁਢਲਾਡਾ ਬਲਾਕ ਦੇ ਨਾਕਿਆਂ ਉਤੇ ਜੁਗਿੰਦਰ ਦਿਆਲਪੁਰਾ, ਜਰਨੈਲ ਸਿੰਘ ਤੇ ਮੇਜਰ ਸਿੰਘ ਗੋਬਿੰਦਪੁਰਾ, ਭੀਖੀ ਦੇ ਧਰਨਿਆਂ ਨੂੰ ਇੰਦਰਜੀਤ ਸਿੰਘ ਝੱਬਰ ਤੇ ਮੇਜਰ ਸਿੰਘ ਅਕਲੀਆ, ਝੁਨੀਰ ਬਲਾਕ ਦੇ ਪਿੰਡਾਂ ਵਿੱਚ ਮਲਕੀਤ ਸਿੰਘ, ਉੱਤਮ ਸਿੰਘ ਰਾਮਾਨੰਦੀ ਤੇ ਲੀਲੂ ਸਿੰਘ ਅਤੇ ਬਲਾਕ ਸਰਦੂਲਗੜ੍ਹ ਦੇ ਧਰਨਿਆਂ ਨੂੰ ਜੱਗਾ ਸਿੰਘ ਤੇ ਮਹਿੰਦਰ ਸਿੰਘ ਰੁਮਾਣਾ ਨੇ ਸੰਬੋਧਨ ਕੀਤਾ ਅਤੇ ਆਉਣ ਵਾਲੇ ਤਿੰਨ ਦਿਨ ਹੋਰ ਜ਼ੋਰਦਾਰ ਢੰਗ ਨਾਲ਼ ਨਾਕਾਬੰਦੀਆਂ ’ਚ ਭਾਗ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਕਿਸਾਨ ਜਥੇਬੰਦੀਆਂ ਨੇ ਅੱਜ ਦੂਸਰੇ ਦਿਨ ਅਕਾਲੀ-ਭਾਜਪਾ ਆਗੂਆਂ ਨੂੰ ਪਿੰਡਾਂ ‘ਚ ਦਾਖਲ ਹੋਣ ਤੋਂ ਰੋਕਿਆ
