More

  ਕਿਵੇਂ! ਪੂਰੇ ਕਰੀਏ ਘਟੇ ਹੋਏ ਸੈੱਲ

  ਪੰਜਾਬ, 24 ਅਕਤੂਬਰ (ਬੁਲੰਦ ਆਵਾਜ ਬਿਊਰੋ) – ਅਗਸਤ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਡੇਂਗੂ ਬੁਖ਼ਾਰ ਕਈਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਬੁਖ਼ਾਰ ਦੇ ਨਾਲ- ਨਾਲ ਸਰੀਰ ਦੇ ਕਈ ਹਿੱਸਿਆਂ ਵਿੱਚੋਂ ਖ਼ੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਖ਼ੂਨ ਦੇ ਸੈੱਲ ਖੁਰਦਬੀਨ ਰਾਹੀਂ ਪਲੇਟਾਂ ਵਰਗੇ ਨਜ਼ਰ ਆਉਣ ਕਾਰਨ ਇਨ੍ਹਾਂ ਨੂੰ ਪਲੇਟਲੈੱਟ ਕਹਿੰਦੇ ਹਨ। ਇਨ੍ਹਾਂ ਦੀ ਗਿਣਤੀ ਘਟਣ ਕਰਕੇ ਖੂਨ ਵਗਦਾ ਹੈ। ਖ਼ੂਨ ਵਿਚਲੇ ਲਾਲ ਅਤੇ ਚਿੱਟੇ ਸੈਲਾਂ ਤੋਂ ਇਲਾਵਾ ਇਸ ਤੀਸਰੀ ਕਿਸਮ ਦੇ ਸੈਲਾਂ ਨੂੰ ਪਲੇਟਲੈੱਟਸ ਕਹਿੰਦੇ ਹਨ ਜੋ ਖ਼ੂਨ ਦੇ ਜਮਾਉ ਵਿੱਚ ਸਹਾਈ ਹੁੰਦੇ ਹਨ ਲਾਲ ਤੇ ਚਿੱਟੇ ਸੈਲਾਂ ਵਾਂਗ ਪਲੇਟਲੈਟਸ ਵੀ ਹੱਡੀਆਂ ਦੀ ਮਿੱਝ ਜਾਂ ਬੋਨ ਮੈਰੋ ਵਿੱਚ ਹੀ ਬਣਦੇ ਹਨ ਇਨ੍ਹਾਂ ਸੈਲਾਂ ਕਰਕੇ ਹੀ ਆਮ ਹਾਲਤਾਂ ਵਿੱਚ ਮਾੜੀ- ਮੋਟੀ ਸੱਟ ਲੱਗਣ ਜਾਂ ਅਪ੍ਰੇਸ਼ਨ ਤੋਂ ਬਾਅਦ, ਖ਼ੂਨ ਜੰਮ ਜਾਂਦਾ ਤੇ ਵਗਣੋਂ ਰੁਕ ਜਾਂਦਾ ਹੈ ਸਾਧਾਰਨ ਖ਼ੂਨ ਵਿੱਚ ਇਨ੍ਹਾਂ ਸੈਲਾਂ ਦੀ ਗਿਣਤੀ ਡੇਢ ਲੱਖ ਤੋਂ ਲੈ ਕੇ ਚਾਰ ਲੱਖ ਪ੍ਰਤੀ ਕਿਊਬਿਕ ਮਿਲੀਮੀਟਰ ਤੱਕ ਹੁੰਦੀ ਹੈ ਇਹ ਗਿਣਤੀ ਘਟਣ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਡੇਂਗੂ ਬੁਖ਼ਾਰ ਇਕ ਹੈ।

  ਇਨ੍ਹਾਂ ਦੀ ਗਿਣਤੀ ਕਰਨ ਲਈ ਇਲੈਕਟ੍ਰੌਨਿਕ ਕਾਊਂਟਰ ਉਪਲਭਧ ਹਨ ਜਦੋਂ ਇਹ ਗਿਣਤੀ ਘਟ ਕੇ ਪੰਜਾਹ ਹਜ਼ਾਰ ਜਾਂ ਇਸ ਤੋਂ ਵੀ ਥੋੜ੍ਹੀ ਰਹਿ ਜਾਵੇ ਤਾਂ ਕਿਸੇ ਬਾਹਰੀ ਸੱਟ ਦੇ ਬਗ਼ੈਰ ਵੀ ਖੂਨ ਵਗਣਾ ਸ਼ੁਰੂ ਹੋ ਸਕਦਾ ਹੈ ਜਿਵੇਂ ਨਕਸੀਰ ਫੁੱਟਣਾ, ਮਸੂੜਿਆਂ ’ਚੋਂ ਲਹੂ ਨਿਕਲਣਾ, ਪਿਸ਼ਾਬ ਜਾਂ ਟੱਟੀ ਰਸਤੇ ਖ਼ੂਨ, ਲਹੂ ਦੀ ਉਲਟੀ, ਚਮੜੀ ਹੇਠਾਂ ਖ਼ੂਨ ਜਮ੍ਹਾਂ ਹੋ ਜਾਣਾ, ਆਦਿ ਕਈ ਵਾਰ ਤਾਂ ਇਨ੍ਹਾਂ ਸੈਲਾਂ ਦੀ ਗਿਣਤੀ ਸਿਰਫ ਛੇ ਤੋਂ ਦਸ ਹਜ਼ਾਰ ਹੀ ਰਹਿ ਜਾਂਦੀ ਹੈ।

  ਐਸੀ ਹਾਲਤ ਵਿੱਚ ਰੋਗੀ ਬਹੁਤ ਖ਼ਤਰਨਾਕ ਸਥਿਤੀ ਚੋਂ ਗ਼ੁਜ਼ਰ ਰਿਹਾ ਹੁੰਦਾ ਹੈ। ਪੈਦਾਵਾਰ ਘਟਣਾ: ਕਿਉਂਕਿ ਇਹ ਸੈਲ ਬੋਨ-ਮੈਰੋ ਵਿੱਚ ਬਣਦੇ ਹਨ, ਇਸ ਲਈ ਬੋਨ-ਮੈਰੋ ਦੇ ਨੁਕਸਾਂ ਨਾਲ ਇਨ੍ਹਾਂ ਦੀ ਪੈਦਾਵਾਰ ’ਤੇ ਬੁਰਾ ਅਸਰ ਪੈਂਦਾ ਹੈ। ਖ਼ੂਨ ਦੇ ਕੈਂਸਰ (ਐਕਿਊਟ ਮਾਇਲਾਇਡ / ਲਿੰਫਾਇਡ ਲਿਊਕੀਮੀਆ) ਜਾਂ ਲਿੰਫੋਮਾਂ ਵਿੱਚ ਨਾਰਮਲ ਸੈਲ ਪੈਦਾ ਕਰਨ ਵਾਲੀ ਮਿੱਝ, ਕੈਂਸਰ ਵਾਲੇ ਅਸਾਧਾਰਨ ਸੈਲਾਂ ਨਾਲ ਹੀ ਡੱਕੀ ਰਹਿੰਦੀ ਹੈ, ਇਸ ਲਈ ਨਾਰਮਲ ਸੈਲ (ਪਲੇਟਲੈੱਟ) ਬਨਣ ਦੀ ਗੁੰਜ਼ਾਇਸ਼ ਹੀ ਨਹੀਂ ਰਹਿੰਦੀ। ਇਸ ਲਈ ਇਨ੍ਹਾਂ ਦੀ ਗਿਣਤੀ ਘਟਣ ਕਰਕੇ ਐਕਿਊਟਲਿਊਕੀਮੀਆ ਦੇ ਮਰੀਜ਼ ਮਸੂੜਿਆਂ ’ਚੋਂ ਖ਼ੂਨ ਦੀ ਸ਼ਿਕਾਇਤ ਨਾਲ ਆਉਂਦੇ ਹਨ। ਕਈ ਦਵਾਈਆਂ ਤੇ ਰੇਡੀਏਸ਼ਨਜ਼ ਬੋਨ-ਮੈਰੋ ’ਤੇ ਸਿੱਧਾ ਅਸਰ ਕਰਕੇ ਇਸ ਨੂੰ ਸੈਲ ਬਨਾਉਣ ਦੇ ਅਸਮਰੱਥ ਕਰ ਦਿੰਦੀਆਂ ਹਨ।

  ਇਨ੍ਹਾਂ ਦਵਾਈਆਂ ਦੀ ਸੂਚੀ ਲੰਮੀ ਹੈ, ਜਿਵੇਂ ਮਲੇਰੀਏ ਲਈ ਕੁਨੀਨ ਤੇ ਕੈਂਸਰ ਦੇ ਇਲਾਜ ਲਈ ਕੀਮੋਥੈਰਾਪੀ ਤੇ ਰੇਡੀਏਸ਼ਨ, ਐਂਟੀ ਬਾਇਉਟਿਕ ਲਈ ਕਲੋਰੋਮਾਇਸਿਟਿਨ, ਸਰੀਰ ਦੀਆਂ ਦਰਦਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਇਬੂਜੈਸਿਕ, ਫਿਨਾਇਲਬੂਟਾਜ਼ੋਨ, ਆਦਿ, ਦਿਲ ਰੋਗ ਦੀਆਂ ਦਵਾਈਆਂ ਡਿਜੌਕਸਿਨ, ਆਦਿ। ਇਸ ਕਰਕੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ ਨਾ ਲਵੋ ਵਾਇਰਸ: ਡੇਂਗੂ ਦਾ ਵਾਇਰਸ, ਹੈਪੇਟਾਇਟਿਸ, ਰੂਬੈਲਾ, ਵੈਰੀਸੈਲਾ (ਚਿਕਨ ਪੌਕਸ), ਐਚ.ਆਈ.ਵੀ (ਏਡਜ਼ ਵਾਇਰਸ) ਆਦਿ ਬੋਨ ਮੈਰੋ ਨੂੰ ਬੇਅਸਰ ਕਰਦੇ ਹਨ ਤੇ ਪਲੇਟਲੈੱਟਸ ਦੀ ਪੈਦਾਵਾਰ ਘਟ ਜਾਂਦੀ ਹੈ। ਏਪਲਾਸਟਿਕ ਅਨੀਮੀਆ ਵਿੱਚ ਬੋਨ-ਮੈਰੋ ਨੁਕਸਾਨੀ ਜਾਣ ਕਰਕੇ, ਪਲੇਟਲੈੱਟਸ ਸਮੇਤ ਸਾਰੇ ਹੀ ਸੈੱਲਾਂ ਦੀ ਪੈਦਾਵਾਰ ਘਟ ਜਾਂਦੀ ਹੈ ਜੋ ਕਈ ਵਾਰ ਘਾਤਕ ਸਿੱਧ ਹੁੰਦੀ। ਵਿਟਾਮਿਨ ਦੀ ਕਮੀ: ਵਿਟਾਮਿਨ ਬੀ-12 ਅਤੇ ਫੋਲਿਕ ਏਸਿਡ ਦੀ ਕਮੀ ਕਰਕੇ ਉਤਪੰਨ ਹੋਣ ਵਾਲੇ (ਮੈਗਾਲੋ-ਬਲਾਸਟਿਕ) ਅਨੀਮੀਆਂ ਵਿੱਚ ਪਲੇਟਲੈੱਟਸ ਵੀ ਘਟ ਜਾਂਦੇ ਹਨ। ਅਜਿਹੇ ਕੇਸਾਂ ਵਿੱਚ ਇਹ ਵਿਟਾਮਿਨ ਦੇਣ ਨਾਲ ਹਾਲਤ ਸੁਧਰ ਜਾਂਦੀ ਤੇ ਬਿਲਕੁਲਠੀਕ ਹੋ ਜਾਂਦੀ ਹੈ। ਆਈਟੀ ਪੀ (ਈਡੀਓਪੈਥਿਕ ਥਰੋਂਬੋ-ਸਾਇਟੋ-ਪੀਨੀਆ): ਇਹ ਸਮੱਸਿਆ ਸਭ ਵਿੱਚ ਹੋ ਸਕਦੀ ਹੈ ਪਰ ਔਰਤਾਂ ’ਚ ਕੁਝ ਵਧੇਰੇ ਹੁੰਦੀ ਹੈ।ਇਹ ਇਕਦਮ ਸ਼ੁਰੂ ਹੁੰਦੀ ਤੇ ਖ਼ਤਰਨਾਕ ਹੋ ਸਕਦੀ ਹੈ। ਜਾਂ ਫਿਰ ਹੌਲੀ ਹੌਲੀ ਸ਼ੁਰੂ ਹੋ ਕੇ ਲੰਮਾ ਸਮਾਂ ਚਲਦੀ ਹੈ। ਇਸ ਨੂੰ ਪ੍ਰਾਇਮਰੀ ਥਰੋਂਬੋ-ਸਾਇਟੋ-ਪੀਨੀਆ ਵੀ ਕਿਹਾ ਜਾਂਦਾ ਹੈ।

  ਇਸ ਰੋਗ ਦਾ ਆਧਾਰ ਇਮਿਊਨ ਸਿਸਟਮ ਦਾ ਆਪਣੇ-ਪਰਾਏ ਦੀ ਪਛਾਣ ਭੁੱਲਣਾ ਹੈ। ਇਹ ਸਿਸਟਮ ਬਣਿਆ ਤਾਂ ਸਰੀਰ ਦੀ ਸੁਰੱਖਿਆ ਵਾਸਤੇ ਹੈ ਪਰ ਕਈ ਸਥਿਤੀਆਂ ਵਿੱਚ ਇਹ ਆਪਣੇ ਬੇਗਾਨੇ ਦੀ ਪਛਾਣ ਭੁੱਲ ਕੇ, ਆਪਣਿਆਂ ਨੂੰ ਨਸ਼ਟ ਕਰਨ ਲਗਦਾ ਹੈ। ਸੋ ਪਲੇਟਲੈੱਟਸ ਘਟ ਜਾਂਦੇ ਹਨ ਤੇ ਖ਼ੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਨੂੰ ਆਟੋ-ਇਮਿਊਨ ਬਿਮਾਰੀਆਂ ਕਿਹਾ ਜਾਂਦਾ ਹੈ। ਇਹ ਹਨ-ਰਿਊਮੇਟਾਇਡ ਆਰਥਰਾਇਟਿਸ, ਸਿਸਟੈਮਿਕ-ਲਿਊਪਸ ਇਰਿਥਮੇਟੋਸਿਸ, ਆਈ. ਟੀ. ਪੀ. ਆਦਿ ਤਿੱਲੀ (ਸਪਲੀਨ) ਵਿੱਚ ਸੈਲਾਂ ਦਾ ਜਮ੍ਹਾਂ ਹੋਣਾ (ਸਪਲੈਨਿਕ ਸਿਕੁਐਸਟ੍ਰੇਸ਼ਨ) ਵੀ ਪਲੇਟਲੈਟਸ ਦੀ ਗਿਣਤੀ ਘਟਾਉਂਦਾ ਹੈ। ਜਿਗਰ ਰੋਗ (ਸਿਰੋਸਿਸ) ਕਰਕੇ ਜਦੋਂ ਤਿੱਲੀ ਵਿਚ ਕਾਫੀ ਖ਼ੂਨ ਜਮਾਂ ਰਹਿੰਦਾ ਹੈ ਤਾਂ ਉਹਦੇ ਨਾਲ ਕਾਫੀ ਸੈਲ ਉਥੇ ਡੱਕੇ ਰਹਿੰਦੇ ਹਨ ਤੇ ਬਾਕੀ ਖ਼ੂਨ ਵਿੱਚ ਇਨ੍ਹਾਂ ਦੀ ਘਾਟ ਹੋ ਜਾਂਦੀ ਹੈ। ਡੇਂਗੂ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਉਂਜ ਬੱਚਿਆਂ ਦੇ ਮੁਕਾਬਲੇ, ਵੱਡਿਆਂ ਵਿੱਚ ਇਹ ਵਧੇਰੇ ਖ਼ਤਰਨਾਕ ਹੁੰਦਾ ਹੈ। ਬੁਖ਼ਾਰ ਭਾਵੇਂ ਕਿਸੇ ਵੀ ਕਿਸਮ ਦਾ ਹੋਵੇ, ਨੀਮ-ਹਕੀਮਾਂ ਕੋਲੋਂ ਇਲਾਜ ਨਹੀਂ ਕਰਵਾਉਣਾ ਚਾਹੀਦਾ।

  ਖ਼ੂਨੀ ਡੇਂਗੂ ਵਾਲੇ ਰੋਗੀ ਨੂੰ ਫੌਰਨ ਐਮਰਜੈਂਸੀ ਵਿੱਚ ਹਸਪਤਾਲ ਦਾਖ਼ਲ ਕਰਵਾਉਣਾ ਚਾਹੀਦਾ ਹੈ। ਸਰੀਰ ’ਚੋਂ ਨਿਕਲ ਰਹੇ ਖ਼ੂਨ ਨੂੰ ਪੂਰਾ ਕਰਨ ਲਈ ਰਿਸ਼ਤੇਦਾਰਾਂ, ਦੋਸਤਾਂ ਦਾ ਤਾਜ਼ਾ ਖ਼ੂਨ ਦੇਣਾ ਚਾਹੀਦਾ ਹੈ। ਤਾਜ਼ੇ ਖ਼ੂਨ ਨਾਲ, ਪਲੇਟਲੈਟਸ ਤੇ ਖੂਨ, ਦੋਵਾਂ ਦੀ ਕਮੀ ਪੂਰੀ ਹੋ ਜਾਂਦੀ ਹੈ ਪਲੇਟਲੈੱਟਸ ਸੈਲਾਂ ਦੀ ਕਮੀ ਵਾਲੇ ਵਿਅਕਤੀ ਵਾਸਤੇ ਚੈਰੀ, ਸੰਤਰਾ, ਟਮਾਟਰ, ਅਖ਼ਰੋਟ, ਅੰਗੂਰ, ਕਾਜੂ ਆਦਿ ਫਲ, ਪੱਤਿਆਂ ਵਾਲੀਆਂ ਹਰੀਆਂ ਸਬਜ਼ੀਆਂ, ਪਪੀਤਾ, ਮੱਛੀ / ਮੱਛੀ ਦਾ ਤੇਲ ਲਾਹੇਵੰਦ ਹਨ ਡੱਬਾ-ਬੰਦ ਖਾਣੇ, ਜੰਕ ਫੂਡ, ਤਲੇ ਹੋਏ ਭੋਜਨਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਡੇਂਗੂ ਪੈਦਾ ਕਰਨ ਵਾਲਾ ਮੱਛਰ, ਜਿਸ ਦੀ ਬੜੀ ਦਹਿਸ਼ਤ ਹੈ, ਸਾਫ ਪਾਣੀ ’ਤੇ ਵਧਦਾ ਫੁਲਦਾ ਹੈ। ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ। ਇਹ ਮਲੇਰੀਏ ਵਾਲੇ ਮੱਛਰ ਨਾਲੋਂ ਕੁਝ ਵੱਡੇ ਸਾਇਜ਼ ਦਾ ਹੁੰਦਾ ਹੈ। ਜਿੱਥੇ ਲੜਦਾ ਹੈ ਉਥੇ ਖ਼ਾਰਿਸ਼ ਜਾਂ ਸਾੜ ਜਿਹਾ ਪੈਂਦਾ ਹੈ ਡੇਂਗੂ ਦੇ ਮੱਛਰ ਤੋਂ ਬਚਾਅ ਵਾਸਤੇ ਘਰਾਂ ਵਿਚ ਕੂਲਰਾਂ ਅਤੇ ਗਮਲਿਆਂ ਵਿਚ ਖੜਾ ਪਾਣੀ ਕੱਢ ਦੇਣਾ ਚਾਹੀਦਾ ਹੈ। ਛੱਤਾਂ ਉਤੇ ਅਕਸਰ ਟੁੱਟੇ ਹੋਏ ਗਮਲੇ, ਪੁਰਾਣੇ ਟਾਇਰ, ਮਿੱਟੀ ਦੇ ਭਾਂਡੇ, ਚੀਨੀ ਦੇ ਪੁਰਾਣੇ ਬਰਤਨ ਆਦਿ ਪਏ ਹੁੰਦੇ ਹਨ ਜਿਨ੍ਹਾਂ ਵਿੱਚ ਖੜਾ ਪਾਣੀ ਡੇਂਗੂ ਵਾਲੇ ਮਛੱਰ ਪੈਦਾ ਕਰ ਸਕਦਾ ਹੈ। ਐਸੀਆਂ ਸਭ ਵਸਤਾਂ ਨੂੰ ਸੰਭਾਲ ਲੈਣਾ ਚਾਹੀਦਾ ਹੈ। ਸੈਰ ਵੇਲੇ ਤੇ ਸ਼ਾਮ ਨੂੰ ਲਾਅਨ ਵਿਚ ਬੈਠਣ ਵੇਲੇ ਬਾਹਵਾਂ ਤੇ ਲੱਤਾਂ ਪੂਰੀਆਂ ਢੱਕੀਆਂ ਹੋਣ। ਇਸ ਦੀ ਪਛਾਣ ਇਹ ਹੈ ਕਿ ਇਹ ਕਾਲੇ ਰੰਗ ਦਾ ਹੁੰਦਾ ਹੈ ਤੇ ਵਿੱਚ ਚਿੱਟੇ ਨਿਸ਼ਾਨ ਹੁੰਦੇ ਹਨ। ਇਸ ਲਈ ਆਲੇ ਦੁਆਲੇ ਦੀ ਸਫਾਈ ਰੱਖੋ। ਪਾਣੀ ਇਕੱਠਾ ਨਾ ਹੋਣ ਦਿਓ। ਘਰਾਂ ਨੂੰ ਜਾਲੀਆਂ ਵਾਲੇ ਦਰਵਾਜ਼ੇ ਬਾਰੀਆਂ ਲਗਵਾਓ। ਮੱਛਰਦਾਨੀਆਂ ਦਾ ਪ੍ਰਯੋਗ ਕਰੋ। ਮੱਛਰਾਂ ਨੂੰ ਭਜਾਉਣ ਵਾਲੀਆਂ ਅਗਰਬੱਤੀਆਂ ਤੇ ਮੈਟਾਂ ਦੀ ਵਰਤੋਂ ਕਰੋ। ਮੱਛਰਾਂ ਨੂੰ ਭਜਾਉਣ ਵਾਲੀਆਂ ਖ਼ਾਸ ਤੇਲ ਜਾਂ ਕਰੀਮਾਂ ਵਰਤਣ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img