27.9 C
Amritsar
Monday, June 5, 2023

ਕਿਉਂ ਵਧ ਰਹੀ ਹੈ ਈਰਖਾ , ਕਿਉਂ ਖਤਮ ਹੋ ਰਿਹਾ ਪਿਆਰ

Must read

ਜਸਵਿੰਦਰ ਸਿੰਘ ਲਾਡੀ ਅਬਿਆਣਾ
ਪਹਿਲਾਂ ਸਮਾਂ ਸੀ ਜਦੋਂ ਪਿੰਡਾਂ ਦੀਆਂ ਸੱਥਾਂ ਵਿੱਚ ਮਹਿਫ਼ਲਾਂ ਜੁੜਨੀਆਂ  , ਸਾਰਾ ਦਿਨ ਕੰਮ ਤੋਂ ਥੱਕੇ – ਟੁੱਟੇ ਹੋਏ ਘਰ ਆਉਣਾ ਤੇ ਘਰ ਰੋਟੀ ਪਾਣੀ ਛੱਕ ਕੇ ਸੱਥਾਂ ਵਿੱਚ ਇਕੱਠੇ ਹੋਣਾ । ਜਿੱਥੇ ਗੀਤ , ਕਵਿਤਾਵਾਂ , ਟੋਟਕੇ , ਬੋਲੀਆਂ , ਬਾਤਾਂ  , ਕਹਾਣੀਆਂ ਅਤੇ ਆਪਸੀ ਦੁੱਖ ਸੁੱਖ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ । ਉਨ੍ਹਾਂ ਸਮਿਆਂ ਵਿੱਚ ਆਪਸੀ ਪਿਆਰ ਐਨਾ ਸੀ ਕਿ ਹੁਣ ਦੀ ਪੀੜ੍ਹੀ ਸੋਚ ਵੀ ਨਹੀਂ ਸਕਦੀ ।

ਇੱਕ ਦੂਜੇ ਦੇ ਕੰਮਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕਰਵਾਉਣਾ , ਵਿਆਹਾਂ – ਸ਼ਾਦੀਆਂ ਚ ਪੂਰੀਆਂ ਰੌਣਕਾਂ ਰਹਿਣੀਆਂ  । ਵਿਆਹ ਲਈ ਮੰਜੇ ਪਤੀਲੇ ਤੇ ਹੋਰ ਸਾਜ਼ੋ – ਸਾਮਾਨ ਇਕੱਠਾ ਕਰਨਾ ।  ਇਸ ਤਰ੍ਹਾਂ ਦਾ ਮਾਹੌਲ ਸੀ ਕਿ ਘਰ ਵਾਲੇ ਨੂੰ ਆਪਣੇ ਘਰ ਹੋਣ ਵਾਲੇ ਵਿਆਹ ਦੀ ਚਿੰਤਾ ਨਹੀਂ ਸੀ ਹੁੰਦੀ ।

ਸਮਾਂ ਆਪਣੀ ਚਾਲ ਚੱਲਦਾ ਗਿਆ । ਅਜੋਕੇ ਸਮੇਂ ਵਿੱਚ ਹੁਣ ਇਹ ਜਗ੍ਹਾ ਪੈਲੇਸਾਂ ਨੇ ਲੈ ਲਈ ਹੈ ਤੇ ਪੁਰਾਣੇ ਰੀਤੀ ਰਿਵਾਜ਼  ਖ਼ਤਮ ਹੋ ਗਏ ਜਾਪਦੇ ਹਨ  । ਉਨ੍ਹਾਂ ਰੀਤੀ ਰਿਵਾਜਾਂ ਦੇ ਜਾਣ ਨਾਲ ਜਿਵੇਂ ਕਿਸੇ ਸਰੀਰ ਵਿੱਚੋਂ ਰੂਹ ਨਿਕਲ ਗਈ ਹੋਵੇ ਤੇ ਸਰੀਰ ਬੇਜਾਨ ਹੋ ਗਿਆ ਹੋਵੇ , ਅਤੇ ਹਾਸਾ – ਠੱਠਾ , ਗੀਤ -ਸੰਗੀਤ ਨੂੰ ਠੱਲ੍ਹ ਪੈ ਗਈ ਹੋਵੇ । ਸਮਝ ਨੀ ਆਉਂਦੀ ਹੋਇਆ ਕੀ ?  ਹਾਂ ਇੱਕ ਚੀਜ਼ ਦਾ ਪਸਾਰਾ ਬੜੀ ਤੇਜ਼ੀ ਨਾਲ ਸਮਾਜ  ਚ ਹੋਇਆ ਹੈ ਈਰਖਾ , ਆਲੋਚਨਾ ਅਤੇ ਕਿਸੇ ਦੇ ਕੰਮ ਨੂੰ ਨਾ ਜਰ ਸਕਣਾ । ਚਾਹੇ ਅਸੀਂ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਜਾਣਦੇ ਹੋਈਏ ਜਾਂ ਨਾ । ਪਰ ਆਲੋਚਨਾ ਈਰਖਾ ਰੁਕਣ ਦਾ ਨਾਂ ਨਹੀਂ ਲੈ ਰਹੀ ।

ਸਮਾਜ ਵਿੱਚ ਬਹੁਤ ਲੋਕ ਅਜਿਹੇ ਹਨ ਜੋ ਦਿਖਾਵੇ ਲਈ ਇੱਕ ਦੂਜੇ ਨੂੰ ਮਿਲਦੇ ਹਨ । ਪਰ ਅਕਸਰ ਅਸੀਂ ਉਨ੍ਹਾਂ ਲੋਕਾਂ ਨੂੰ ਹੀ ਪਿੱਠ ਪਿੱਛੇ ਆਲੋਚਨਾ ਕਰਦੇ ਵੇਖਿਆ ਹੋਵੇਗਾ । ਅਜਿਹਾ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਤੁਹਾਨੂੰ ਅੰਦਰੋਂ ਅੰਦਰੀ ਉੱਪਰ ਜਾਣ ਤੋਂ ਰੋਕਣ ਦਾ ਹਰ ਸੰਭਵ ਯਤਨ ਕਰ ਰਹੇ ਹਨ , ਪਰ ਬੋਲ ਕੁਝ ਨਹੀਂ ਸਕਦੇ ।

ਅੱਜ ਈਰਖਾ ਦਾ ਅਜਿਹਾ ਬੀਜ ਬੂਟਾ ਬਣ ਰਿਹਾ ਹੈ , ਜਿਸ ਦੇ ਪੈਦਾ ਹੋਣ ਨਾਲ ਅਸੀਂ ਆਪ ਮਿਹਨਤ ਕਰਕੇ ਚੰਗਾ ਕਰਨ ਦੀ ਕੋਸ਼ਿਸ਼ ਘੱਟ ਕਰਦੇ ਹਾਂ  , ਪਰ ਦੂਜੇ ਨੂੰ ਕਿਵੇਂ ਰੋਕਣਾ ਹੈ ਇਸ ਬਾਰੇ ਬਹੁਤ ਵੱਡੀ ਸਮੱਸਿਆ ਚ ਹਾਂ । ਜੇਕਰ ਏਨਾ ਸਮਾਂ ਅਸੀਂ ਆਪਣੀ ਮਿਹਨਤ ਕਰਨ ਤੇ ਲਾ ਲਈਏ ਤਾਂ ਕਾਮਯਾਬੀ ਦੂਰ ਨਹੀਂ ਹੋਵੇਗੀ ।

ਸਮਾਂ ਅਜਿਹਾ ਚੱਲ ਰਿਹਾ ਹੈ ਕਿ ਜ਼ਿਆਦਾਤਰ ਲੋਕ ਜੋ ਤੁਹਾਡੇ ਬਹੁਤ ਨਜ਼ਦੀਕ ਅਤੇ ਹਮੇਸ਼ਾਂ ਸਾਥ ਦੇਣਾਂ ਨੂੰ ਕਹਿੰਦੇ ਹਨ ,  ਉਹ ਅਸਲੀਅਤ ਤੋਂ ਕੋਹਾਂ ਦੂਰ ਹੁੰਦੇ ਹਨ ।

**ਆਪਣਿਆਂ ਤੋਂ ਬਚ ਸੱਜਣਾ ਗੈਰ ਤੇਰੇ ਕਿਹੜਾ ਭੇਤੀ ਹੈ**
ਅਜਿਹੇ ਲੋਕ ਸਮਾਂ ਆਉਣ ਤੇ ਤੁਹਾਡਾ ਸਾਥ ਤਾਂ ਦੇਣਾ ਦੂਰ ਦੀ ਗੱਲ , ਆਪਣਾ ਪੱਖ ਸੋਚ ਕੇ ਤੁਹਾਡੀ ਆਲੋਚਨਾ ਕਰਨ ਦੇ ਨਾਲ- ਨਾਲ ਨੀਵਾਂ  ਦਿਖਾਉਣ ਦਾ ਹਰ ਸੰਭਵ ਯਤਨ ਕਰਦੇ ਹਨ । ਉਹ ਇਹ ਵੀ ਵਿਸਾਰ ਦਿੰਦੇ ਹਨ ਕਿ ਜਿਸ ਇਨਸਾਨ ਬਾਰੇ ਅਸੀਂ ਅਜਿਹੇ ਬੇ ਘੜਤ ਗੱਲਾਂ ਕਰ ਰਹੇ ਹਾਂ ਉਸ ਨੂੰ ਤੁਹਾਡੇ ਤੇ ਕਿੰਨਾ ਵਿਸ਼ਵਾਸ ਸੀ । ਇਸ ਤਰ੍ਹਾਂ ਪਿਆਰ ਈਰਖਾ ਵਿੱਚ ਬਦਲਦਾ ਦਿਖਾਈ ਦਿੰਦਾ ਹੈ ।

ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ , ਬੜੀ ਮਿਹਰਬਾਨੀ ਉਨ੍ਹਾਂ ਵੱਡੇ ਸਰਦਾਰਾਂ ਦੀ । ਜਿਹੜੇ ਤੈਨੂੰ ਔਖੇ ਵੇਲੇ ਇਕੱਲੇ ਨੂੰ ਹੀ ਛੱਡ ਤੁਰੇ , ਬੜੀ ਮਿਹਰਬਾਨੀ ਉਨ੍ਹਾਂ ਸਾਰਿਆਂ ਹੀ ਯਾਰਾਂ ਦੀ ।ਜਿਨ੍ਹਾਂ ਮੌਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ , ਬੜੀ ਮਿਹਰਬਾਨੀ ਧੋਖਾ ਦੇਣਿਆਂ ਮੱਕਾਰਾਂ ਦੀ । ਇਹੋ ਲੋਕ ਮੰਗਣਾ ਪਹੁੰਚਾਉਂਦੇ ਨੇ ਮੰਜ਼ਿਲਾਂ ਤੇ , ਇਹੋ ਲੋਕ ਦੱਸਦੇ ਨੇ ਜਾਂਚ ਜਿੱਤਾਂ ਹਾਰਾਂ ਦੀ ।*    ” ਮੰਗਲ ਹਠੂਰ ਦੀ ਡੇਅਰੀ ਚੋਂ “

ਅੱਜ ਉਹ ਸਮਾਂ ਆ ਗਿਆ ਹੈ ਕਿ ਸਾਨੂੰ ਅਜਿਹੇ ਲੋਕਾਂ ਨੂੰ ਪਹਿਚਾਨਣਾ ਹੋਵੇਗਾ , ਜੋ ਤੁਹਾਡਾ ਸਾਥ ਹਮੇਸ਼ਾ ਦੇਣਾ ਕਹਿ ਕੇ ਮੌਕਾ ਪ੍ਰਸਤ ਹੋ ਜਾਂਦੇ ਹਨ । ਜਿਨ੍ਹਾਂ ਦੇ ਕਰਕੇ ਤੁਸੀਂ ਜੋ ਕੰਮ ਆਪ ਕਰ ਸਕਦੇ ਹੋ  , ਲਈ ਵੀ ਮੁਹਤਾਜ਼ ਹੋ ਜਾਂਦੇ ਹੋ  , ਆਪਣਾ ਹਰ ਕੰਮ ਸੱਚੇ ਰਾਹ ਤੇ ਚੱਲ ਕੇ , ਦ੍ਰਿੜ੍ਹ ਇਰਾਦੇ ਨਾਲ ਕਰਨ ਦੀ ਕੋਸ਼ਿਸ਼ ਕਰੋ , ਤਾਂ ਕਿ ਤੁਹਾਨੂੰ ਕੋਈ ਇਸਤੇਮਾਲ ਨਾ ਕਰ ਸਕੇ  ।    ~

***ਜੁਗਨੂੰ  ਕਦੇ ਰੋਸ਼ਨੀ ਦੇ ਮੁਹਤਾਜ ਨਹੀਂ ਹੁੰਦੇ , ਬਿਨਾਂ  ਇਰਾਦੇ ਤੱਕ ਤੋਂ ਤਾਜ ਨਹੀਂ ਮਿਲਦੇ ।***

ਆਲੋਚਨਾਵਾਂ ਤੋਂ ਸਬਕ ਸਿਖ ਕੇ ਸਾਨੂੰ ਚੰਗੇ ਕੰਮਾਂ ਵੱਲ ਧਿਆਨ ਦੇਣਾ ਪਵੇਗਾ ,  ਤਾਂ ਹੀ ਸਾਰਥਿਕ ਸਿੱਟੇ ਨਿਕਲਣ ਦੀ ਆਸ ਹੈ  । ਨਹੀਂ ਤਾਂ ਚੰਦਰਾ ਸਮਾਜ ਤੁਹਾਨੂੰ ਘੁਣ ਵਾਂਗ ਖਾ ਜਾਵੇਗਾ ਅਤੇ ਤੁਹਾਨੂੰ ਤੁਹਾਡੇ ਅਸਲ ਮਕਸਦ ਤੋਂ ਪਿੱਛੇ ਧਕੇਲ ਦੇਵੇਗਾ। ਆਪਣੇ ਹੌਸਲੇ ਨੂੰ ਬੁਲੰਦ ਕਰਕੇ ਮਹਾਂਪੁਰਸ਼ਾਂ ਦੀਆਂ ਜੀਵਨੀਆਂ , ਸਿਧਾਂਤ , ਆਈਆਂ ਰੁਕਾਵਟਾਂ ਤੋਂ ਸਿੱਖ ਕੇ ਅੱਗੇ ਵਧਦੇ ਜਾਓ । ਫੇਰ ਉਹ ਦਿਨ ਦੂਰ ਨਹੀਂ ਜਦੋਂ ਅਸਲ ਵਿੱਚ ਤੁਹਾਡੇ ਚਾਹੁਣ ਵਾਲੇ ਤੁਹਾਡੇ ਨਾਲ ਹੋਣਗੇ ਤੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ।

- Advertisement -spot_img

More articles

- Advertisement -spot_img

Latest article