More

  ਕਸ਼ਮੀਰੀ ਸਿੱਖ ਲੜਕੀਆਂ ਦਾ ਵਿਵਾਦ ਅਤੇ ਅਖੌਤੀ ‘ਲਵ ਜਿਹਾਦ’

  ਭਾਰਤ ਇੱਕ ਸਰਮਾਏਦਾਰਾ ਮੁਲਕ ਹੈ। ਇੱਥੇ ਜਗੀਰੂ ਪੈਦਾਵਾਰੀ ਸਬੰਧ ਬੀਤੇ ਦੀ ਗੱਲ ਹੋ ਗਈ ਹੈ। ਪਰ ਅਸੀਂ ਮੱਧਯੁੱਗੀ ਜਗੀਰੂ ਕਦਰਾਂ ਕੀਮਤਾਂ ਦਾ ਕੂੜਾ ਕਰਕਟ ਅਜੇ ਤੱਕ ਵੀ ਹੂੰਝ ਨਹੀਂ ਸਕੇ ਹਾਂ। ਉਲਟਾ ਹਰ ਤਰ੍ਹਾਂ ਦੇ ਪਛੜੇਪਣ ਨੂੰ ਸਜਾ ਸੰਵਾਰ ਕੇ, ਸਰਮਾਏਦਾਰਾ ਮੰਡੀ ਦੀਆਂ ਲੋੜਾਂ ਅਨੁਸਾਰ ਢਾਲ਼ ਲਿਆ ਹੈ। ਦੂਜੇ ਪਾਸੇ ਸੰਕਟਗ੍ਰਸਤ ਸਰਮਾਏੇਦਾਰਾ ਪ੍ਰਬੰਧ ਵਿੱਚ ਇਨਕਲਾਬੀ ਤਬਦੀਲੀਆਂ ਰੋਕਣ ਵਾਸਤੇ ਪਿਛਾਖੜੀ ਵਿਚਾਰ ਹਾਕਮਾਂ ਦਾ ਬਹੁਤ ਭਰੋਸੇਯੋਗ ਅਤੇ ਅਜ਼ਮਾਇਆ ਹੋਇਆ ਹਥਿਆਰ ਹੈ। ਪਿਛਾਖੜੀ ਕਦਰਾਂ ਕੀਮਤਾਂ ਸਾਰੇ ਸਮਾਜਿਕ ਤਾਣੇ-ਬਾਣੇ ਨੂੰ ੳਲ਼ਝਾ ਕੇ ਹਰ ਅਗਾਂਹਵਧੂ ਪਹਿਲਕਦਮੀ ਦਾ ਸਾਹ ਘੁੱਟ ਦੇਂਦੀਆਂ ਹਨ। ਪਰ ਔਰਤਾਂ, ਦਲਿਤ ਅਬਾਦੀ ਅਤੇ ਆਮ ਕਿਰਤੀ ਲੋਕਾਂ ’ਤੇ ਪਛੜੇਪਣ ਦਾ ਕੁਹਾੜਾ ਕੁਝ ਜ਼ਿਆਦਾ ਹੀ ਬੇਕਿਰਕੀ ਨਾਲ਼ ਚਲਦਾ ਹੈ। ਪੰਜਾਬੀ ਦੇ ਮਹਾਨ ਸ਼ਾਇਰ ਵਾਰਿਸ ਸ਼ਾਹ ਨੇ ਲਿਖਿਆ ਸੀ, “ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ ਜਦੋਂ ਗੁੱਸਿਆਂ ਤੇ ਬਾਪ ਆਂਵਦੇ ਨੀ।” ਇਨ੍ਹਾਂ ਸ਼ਬਦਾਂ ਵਿੱਚ ਮਹਾਨ ਸ਼ਾਇਰ ਜਿੱਥੇ ਆਪਣੇ ਸਮੇਂ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਸੱਚ ਬਿਆਨਦਾ ਹੈ ਉੱਥੇ ਇਨ੍ਹਾਂ ਕਦਰਾਂ-ਕੀਮਤਾਂ ’ਤੇ ਸਵਾਲ ਖੜ੍ਹੇ ਕਰਦਾ ਵੀ ਨਜ਼ਰ ਆਉਂਦਾ ਹੈ। ਇਹ 18ਵੀਂ ਸਦੀ ਦਾ ਉਹ ਦੌਰ ਸੀ ਜਦੋਂ ਸਾਡੇ ਮੁਲਕ ਦਾ ਜਗੀਰਦਾਰੀ ਪ੍ਰਬੰਧ ਤਿੜਕ ਰਿਹਾ ਸੀ ਅਤੇ ਖਾਸ ਕਰਕੇ ਪੰਜਾਬ ਵਿੱਚ ਵੱਡੀ ਉੱਥਲ-ਪੁਥਲ ਦਾ ਦੌਰ ਸੀ। ਬੇਸ਼ੱਕ ਵਰਤਮਾਨ ਦੌਰ ਵਿੱਚ ਬਹੁਤ ਕੁਝ ਬਦਲ ਚੁੱਕਾ ਹੈ। ਸਮਾਜ ਵਿੱਚ ਔਰਤਾਂ ਦੀ ਭੂਮਿਕਾ ਦੀ ਵੀ 18ਵੀਂ ਸਦੀ ਦੇ ਜਗੀਰੂ ਦੌਰ ਦੀਆਂ ਔਰਤਾਂ ਨਾਲ਼ ਤੁਲਨਾ ਨਹੀਂ ਕੀਤੀ ਜਾ ਸਕਦੀ। ਪਰ ਔਰਤਾਂ ਪ੍ਰਤੀ ਜਗੀਰੂ ਧੌਂਸ ਵਾਲ਼ੀ ਇਹ ਮਾਨਸਿਕਤਾ ਹਾਲੇ ਵੀ ਵੱਡੇ ਪੱਧਰ ’ਤੇ ਬਰਕਰਾਰ ਹੈ। ਪਿਛਲੇ ਮਹੀਨੇ ਕਸ਼ਮੀਰ ਵਿੱਚ ਸਿੱਖ ਲੜਕੀਆਂ ਦੇ ਵਿਵਾਦ ਵਿੱਚ ਇਸਦਾ ਨੀਚ ਦਰਜੇ ਦਾ ਪ੍ਰਗਟਾਵਾ ਹੋਇਆ ਹੈ।

  ਪਿਛਲੇ ਮਹੀਨੇ ਕਸ਼ਮੀਰੀ ਸਿੱਖ ਲੜਕੀਆਂ ਦੇ ਜਬਰੀ ਧਰਮ ਬਦਲੀ ਕਰਕੇ ਮੁਸਲਮਾਨ ਲੜਕਿਆਂ ਨਾਲ਼ ਵਿਆਹ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਰਹੀਆਂ ਹਨ। ਖ਼ਬਰ ਮੁਤਾਬਕ 18 ਸਾਲਾ ਮਨਮੀਤ ਕੌਰ ਨੇ 29 ਸਾਲ ਦੇ ਸ਼ਾਹਿਦ ਭੱਟ ਨਾਲ਼ ਵਿਆਹ ਕਰਵਾਇਆ। ਉਸ ਨੇ 21 ਜੂਨ 2021 ਨੂੰ ਆਪਣਾ ਘਰ ਛੱਡਿਆ। ਇਹਨੀ ਦਿਨੀਂ ਵਾਪਰੇ ਘਟਨਾ ਚੱਕਰ ਵਿੱਚ ਪੁਲੀਸ ਹਰਕਤ ਵਿੱਚ ਆਉਂਦੀ ਹੈ ਅਤੇ ਭੱਟ ਨੂੰ ‘ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿੱਚ’ ਗਿ੍ਰਫਤਾਰ ਕਰਦੀ ਹੈ। ਮਨਮੀਤ ਨੂੰ ਫੜ੍ਹ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉਂਝ ਇਸ ਤੋਂ ਪਹਿਲਾਂ ਸ੍ਰੀਨਗਰ ਦੀ ਅਦਾਲਤ ਵਿੱਚ ਲੜਕੀ ਬਿਆਨ ਦੇ ਚੁੱਕੀ ਹੈ ਕਿ ਉਸ ਦੇ ਮਾਪਿਆਂ ਦਾ ਇਲਜ਼ਾਮ ਗ਼ਲਤ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ਼ ਵਿਆਹ ਕਰਵਾਇਆ ਹੈ। ਲੜਕੀ ਦੇ ਬਿਆਨ ਵੇਲ਼ੇ ਘੱਟਗਿਣਤੀ ਸਿੱਖ ਫਿਰਕੇ ਦੇ ਕੁਝ ਲੋਕ ਅਦਾਲਤ ਦੇ ਬਾਹਰ ਰੋਸ ਮੁਜ਼ਾਹਰਾ ਵੀ ਕਰਦੇ ਹਨ। ਅਗਲੇ ਦਿਨ 27 ਜੂਨ ਨੂੰ ਸਿੱਖ ਫਿਰਕੇ ਦੇ ਆਪੂੰ ਬਣੇ ਆਗੂ ਸ਼੍ਰੀਨਗਰ ਵਿੱਚ ਮੁਜ਼ਾਹਰਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਦੋ ਲੜਕੀਆਂ ਦੀ ਧਰਮ ਬਦਲੀ ਕਰਕੇ ਮੁਸਲਮਾਨ ਲੜਕਿਆਂ ਨਾਲ਼ ਜ਼ਬਰਦਸਤੀ ਵਿਆਹ ਕਰਵਾਏ ਗਏ ਹਨ। ਦਿਲਚਸਪ ਗੱਲ ਹੈ ਕਿ ਇਸ ਮੁਹਿੰਮ ਦੀ ਅਗਵਾਈ ਕਰਨ ਵਾਲਿਆਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਇੱਕ ਆਗੂ ਹੈ ਜਿਸ ਦੇ ਸੰਘ ਪਰਿਵਾਰ ਨਾਲ਼ ਗੂੜ੍ਹੇ ਸਬੰਧ ਜੱਗ ਜ਼ਾਹਰ ਹਨ। ਉਸ ਨੇ ਅਤੇ ਹੋਰ ਆਗੂਆਂ ਨੇ ਆਪਣੇ ਬਿਆਨਾਂ ਵਿੱਚ ਇੱਥੋਂ ਤੱਕ ਕੁਫਰ ਤੋਲਿਆ ਕਿ ਲੜਕੀ ਨਾਬਾਲਗ ਹੈ ਅਤੇ ਲੜਕਾ 60 ਸਾਲ ਦਾ ਬੁੱਢਾ ਆਦਮੀ ਹੈ। ਭਾਵੇਂ ਕਿਸੇ ਸੂਤਰ ਤੋਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਲੱਗਦਾ ਹੈ ਕਿ ਇਹ ਘੱਟ ਗਿਣਤੀ ਫਿਰਕੇ ਦੀਆਂ ਭਾਵਨਾਵਾਂ ਭੜਕਾਉਣ ਦੇ ਮਕਸਦ ਨਾਲ਼ ਕੀਤੀ ਗਈ ਗਲਤ ਬਿਆਨੀ ਹੈ।

  ਦੂਜੀ ਚਰਚਿਤ ਲੜਕੀ ਦਮਨੀਤ ਕੌਰ ਹੈ ਜਿਸ ਦੀ ਉਮਰ 29 ਸਾਲ ਕਹੀ ਜਾ ਰਹੀ ਹੈ ਅਤੇ ਉਸ ਨੇ ਆਪਣੇ ਨਾਲ਼ ਪੜ੍ਹਨ ਵਾਲ਼ੇ 30 ਸਾਲਾ ਮੁਜੱਫਰ ਸ਼ਾਬਾਨ ਨਾਲ਼ ਵਿਆਹ ਕਰਵਾਇਆ ਹੈ। ਨਵਨੀਤ ਨੇ ਇੱਕ ਵੀਡੀਉ ਵਿੱਚ ਕਿਹਾ ਹੈ ਕਿ ਉਸ ਨੇ 2012 ਵਿੱਚ ਆਪਣੀ ਮਰਜ਼ੀ ਨਾਲ਼ ਧਰਮ ਬਦਲੀ ਕੀਤੀ ਸੀ ਅਤੇ 2014 ਵਿੱਚ ਵਿਆਹ ਕਰਵਾ ਲਿਆ ਸੀ। ਇਸ ਵੀਡੀਉ ਤੋਂ ਬਿਨਾਂ ਸਾਡੀ ਜਾਣਕਾਰੀ ਦਾ ਸ੍ਰੋਤ ਅਖ਼ਬਾਰੀ ਖ਼ਬਰਾਂ ਹੀ ਹਨ। ਰਾਜਨੀਤੀ ਸ਼ਾਸਤਰ ਦੀ ਐੱਮ.ਏ. ਦਮਨੀਤ ਕੌਰ ਨੇ ਸ਼ਾਬਾਨ ਨਾਲ਼ ਰਹਿਣ ਲਈ 6 ਜੂਨ ਨੂੰ ਆਪਣਾ ਘਰ ਛੱਡਿਆ। ਉਸ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਪਤੀ ਨਾਲ਼ ਰਹਿਣ ਜਾ ਰਹੀ ਹੈ। ਪਰ ਉਸ ਦੀ ਹੋਣੀ ਵੀ ਲਗਪਗ ਮਨਮੀਤ ਕੌਰ ਵਾਲੀ ਹੀ ਰਹੀ। ਕੁਝ ਘੰਟਿਆਂ ਦੇ ਅੰਦਰ ਹੀ ਪੁਲੀਸ ਨੇ ਜੋੜੇ ਨੂੰ ਗਿ੍ਰਫਤਾਰ ਕਰ ਲਿਆ। ਦਮਨੀਤ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸ਼ਾਬਾਨ ਲੜਕੀ ਅਗਵਾ ਕਰਨ ਦੇ ਦੋਸ਼ ਹੇਠ ਪੁਲੀਸ ਹਿਰਾਸਤ ਵਿੱਚ ਹੈ। ਖ਼ਬਰਾਂ ਮੁਤਾਬਕ ਦਮਨੀਤ ਨੂੰ ਪੰਜਾਬ ਲਿਆਂਦਾ ਗਿਆ ਅਤੇ ਕਈ ਲੋਕ ਉਸ ਨੂੰ ਸਮਝਾਉਣ ਬੁਝਾਉਣ ਦੇ ਨਾਂ ਤੇ ਉਸ ਦੇ ਪਤੀ ਦੇ ਖ਼ਿਲਾਫ਼ ਬਿਆਨ ਦੇਣ ਲਈ ਦਬਾਅ ਬਣਾਉਂਦੇ ਰਹੇ ਹਨ। ਲੜਕੀ ਨੂੰ ਮੌਤ ਦੀਆਂ ਧਮਕੀਆਂ ਦੇਣ ਤੱਕ ਦੀ ਵੀ ਚਰਚਾ ਹੈ। ਇੰਨੇ ਦਬਾਅ ਤੋਂ ਬਾਅਦ ਵੀ ਜਦੋਂ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤੀ ਬਿਆਨ ਵਿੱਚ ਉਸ ਨੇ ਕਿਹਾ ਕਿ ਧਰਮ ਬਦਲੀ ਦੇ ਮਾਮਲੇ ਵਿੱਚ ਉਸ ਨਾਲ਼ ਕੋਈ ਜ਼ਬਰਦਸਤੀ ਨਹੀਂ ਹੋਈ ਅਤੇ ਉਸ ਨੇ ਆਪਣੀ ਮਰਜੀ ਨਾਲ਼ ਵਿਆਹ ਕਰਵਾਇਆ ਹੈ।

  ਇਸ ਸਾਰੀ ਕਹਾਣੀ ਵਿੱਚ ਕੁਝ ਵਿਚਾਰਨਯੋਗ ਗੱਲਾਂ ਹਨ। ਜਿਹੜੇ ਅਧਿਕਾਰੀ, ਮੰਤਰੀ ਅਤੇ ਪੁਲੀਸ ਪ੍ਰਸ਼ਾਸਨ ਭਾਰੀ ਜਨਤਕ ਦਬਾਅ ਦੇ ਬਾਵਜੂਦ ਵੀ ਕਦੀ ਹਰਕਤ ਵਿੱਚ ਨਹੀਂ ਆਉਂਦੇ ਉਹ ਵੀ ਬੜੀ ਤੇਜ਼ੀ ਨਾਲ਼ ਸਰਗਰਮ ਹੁੰਦੇ ਹਨ। ਭੜਕਾਊ ਬਿਆਨਬਾਜ਼ੀ ਕਰਨ ਵਾਲ਼ੇ ਆਗੂ, ਜੰਮੂ ਕਸ਼ਮੀਰ ਦਾ ਉਪ-ਰਾਜਪਾਲ ਅਤੇ ਭਾਰਤ ਦਾ ਗ੍ਰਹਿ ਮੰਤਰੀ ਪੂਰੇ ਤਾਲਮੇਲ ਨਾਲ਼ ਸਰਗਰਮ ਹੁੰਦੇ ਹਨ ਅਤੇ ਪੁਲੀਸ ਕਾਰਵਾਈ ਨੇਪਰੇ ਚੜ੍ਹਾਉਂਦੇ ਹਨ। ਦਿੱਲੀ ਦਾ ਇੱਕ ਸਿੱਖ ਆਗੂ ਕਹਿ ਰਿਹਾ ਹੈ ਕਿ ਬੰਦੂਕ ਦੀ ਨੋਕ ਤੇ ਮੁਸਲਮਾਨ ਲੜਕਿਆਂ ਵੱਲੋਂ ਭੋਲੀਆਂ ਭਾਲੀਆਂ ਸਿੱਖ ਲੜਕੀਆਂ ਦਾ ਜਬਰੀ ਧਰਮ ਬਦਲ ਕੇ ਵਿਆਹ ਕੀਤੇ ਜਾ ਰਹੇ ਹਨ। ਅਕਾਲ ਤਖਤ ਦਾ ਜਥੇਦਾਰ ਮੰਗ ਕਰ ਰਿਹਾ ਹੈ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਤਰਜ਼ ਤੇ ਲਵ ਜਿਹਾਦ ਵਿਰੁੱਧ ਕਨੂੰਨ ਬਣਾਇਆ ਜਾਵੇ। ਬੜੀ ਤੇਜ਼ੀ ਨਾਲ਼ ਅਗਲੇ ਹੀ ਦਿਨ ਮਨਮੀਤ ਕੌਰ ਦਾ ਵਿਆਹ ਇੱਕ ਸਿੱਖ ਲੜਕੇ ਨਾਲ਼ ਕਰ ਦਿੱਤਾ ਜਾਂਦਾ ਹੈ। ਜਗੀਰੂ ਸੋਚ ਨਾਲ਼ ਨੱਕੋ-ਨੱਕ ਭਰੇ ਧਰਮ ਦੇ ਇਹਨਾਂ ਠੇਕੇਦਾਰਾਂ ਲਈ ਇਸ ਕੁੜੀ ਦੀ ਮਰਜ਼ੀ ਦਾ ਕੋਈ ਵਜੂਦ ਹੀ ਨਹੀਂ ਹੈ ਸਗੋਂ ਇਹਨਾਂ ਦੀ ਜ਼ਿੰਦਗੀ ਦਾ ਫੈਸਲਾ ਕਰਨਾ ਨੂੰ ਉਹ ਆਪਣਾ ਧੁਰ ਦਰਗਾਹੋਂ ਮਿਲ਼ਿਆ ਹੱਕ ਸਮਝਦੇ ਹਨ। ਇਸ ਮਾਮਲੇ ਵਿੱਚ ਉਸ ਦੀ ਜ਼ਿੰਦਗੀ ਦੇ ਫੈਸਲੇ ਲਈ ਉਸ ਦੀ ਆਪਣੀ ਰਾਏ ਦਾ ਕਿਤੇ ਜ਼ਿਕਰ ਨਹੀਂ ਆਇਆ ਹੈ। ਬੇਸ਼ੱਕ ਧਾਰਮਿਕ ਅਤੇ ਸਮਾਜਿਕ ਮਾਣ-ਮਰਿਆਦਾ ਦੇ ਨਾਂ ’ਤੇ ਮਸਲੇ ਨੂੰ ਹੱਦੋਂ ਵੱਧ ਭਾਵਨਾਤਮਕ ਰੂਪ ਦੇ ਕੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਟੁੰਬਿਆ ਜਾ ਰਿਹਾ ਹੈ। ਇਸ ਪੱਖੋਂ ਮਾਮਲਾ ਬੇਹੱਦ ਸੰਵੇਦਨਸ਼ੀਲ ਬਣ ਜਾਂਦਾ ਹੈ। ਪਰ ਕੁਝ ਜਰੂਰੀ ਸਵਾਲ ਹਨ ਜਿਨ੍ਹਾਂ ਵੱਲੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਹ ਔਰਤਾਂ ਦੀ ਇਨਸਾਨ ਵਜੋਂ ਸ਼ਨਾਖ਼ਤ ਰੱਦਣ ਤੇ ਉਹਨਾਂ ਦੇ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਨ ਜਿਹੇ ਜਮਹੂਰੀ ਹੱਕਾਂ ਦਾ ਘਾਣ ਕੀਤੇ ਜਾਣ ਦਾ ਮਸਲਾ ਹੈ। ਇਸਤੋਂ ਬਿਨਾਂ ਇਸ ਪਿੱਛੇ ਲਵ ਜਿਹਾਦ ਦੇ ਨਾਮ ਉੱਪਰ ਫਿਰਕੂ ਸਿਆਸਤ ਵੀ ਚੱਲ ਰਹੀ ਹੈ ਜਿਸਨੂੰ ਸਮਝਣਾ ਜ਼ਰੂਰੀ ਹੈ।

  ਕੀ ਹੈ ਲਵ ਜਿਹਾਦ?

  ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਨੇ ਆਪਣੀ ਹਿੰਦੂਤਵੀ ਫਾਸੀਵਾਦੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਕਦੀ ਗਊ ਮਾਸ ਦੇ ਬਹਾਨੇ ਹਮਲੇ, ਅਖੌਤੀ ਗਊ ਰੱਖਿਅਕ ਦਲ ਬਣਾ ਕੇ ਦਲਿਤਾਂ ਅਤੇ ਮੁਸਲਮਾਨਾਂ ’ਤੇ ਹਮਲੇ, ਹਜੂਮੀ ਕਤਲਾਂ ਅਤੇ ਲੇਖਕਾਂ ਬੁੱਧੀਜੀਵੀਆਂ ਦੇ ਕਤਲਾਂ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਇਸੇ ਮੁਹਿੰਮ ਤਹਿਤ ਲਵ ਜਿਹਾਦ ਵਿਰੁੱਧ ਮੁਹਿੰਮ ਦੇ ਨਾਂ ’ਤੇ ਪਿਛਲੇ ਕਈ ਸਾਲਾਂ ਤੋਂ ਨੌਜਵਾਨ ਮੁੰਡੇ-ਕੁੜੀਆਂ ਨੂੰ ਡਰਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਪੁਲੀਸ ਨੇ ਐਂਟੀ ਰੋਮੀਓ ਸਕੁਐਡ ਬਣਾ ਕੇ ਲੋਕਾਂ ’ਚ ਦਹਿਸਤ ਫੈਲਾਉਣ ਵਿੱਚ ਸਰਗਰਮ ਹਿੱਸਾ ਲਿਆ ਹੈ। ਸਭ ਤੋਂ ਵੱਧ ਫਿਕਰ ਦੀ ਇਹ ਗੱਲ ਹੈ ਕਿ ਸਾਡੇ ਮੁਲਕ ਦੀ ਨਿਆਂਪਾਲਿਕਾ ਵੀ ਹਿੰਦੂਤਵੀ ਫਾਸੀਵਾਦ ਅੱਗੇ ਹਥਿਆਰ ਸੁੱਟ ਰਹੀ ਹੈ। ਪਾਠਕਾਂ ਨੂੰ ਕੇਰਲਾ ਦੀ ਲੜਕੀ ਹਾਦੀਆ ਦਾ ਕੇਸ ਯਾਦ ਹੋਵੇਗਾ। ਧਰਮ ਬਦਲੀ ਕਰਕੇ ਆਪਣੀ ਮਰਜ਼ੀ ਨਾਲ਼ ਮੁਸਲਮਾਨ ਲੜਕੇ ਨਾਲ਼ ਵਿਆਹ ਕਰਵਾਉਣ ਵਾਲ਼ੀ ਲੜਕੀ ਹਾਦੀਆ ਦਾ ਵਿਆਹ ਕੇਰਲਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਲੜਕੀ ਨੂੰ ਉਸਦੀ ਮਰਜ਼ੀ ਦੇ ਉਲਟ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕੌਮੀ ਜਾਂਚ ਏਜੰਸੀ ਨੂੰ ਜਾਂਚ ਕਰਨ ਲਈ ਕਿਹਾ ਕਿ ਉਹ ਪਤਾ ਲਾਵੇ ਕਿ ਇਹ ਮਾਮਲਾ ਲਵ ਜਿਹਾਦ ਦਾ ਬਣਦਾ ਹੈ ਜਾਂ ਨਹੀਂ। ਇਸ ਸਾਰੀ ਪ੍ਰਕਿਰਿਆ ਵਿੱਚ ਸਿਖਰਲੀ ਅਦਾਲਤ ਦੀ ਫਿਕਰਮੰਦੀ ਲਵ ਜਿਹਾਦ ਵਿੱਚ ਵੱਧ ਸੀ। ਪਰ ਹਾਦੀਆ ਦੇ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਸਬੰਧੀ ਹੱਕਾਂ ਅਤੇ ਉਸ ਦੇ ਮਾਣ ਸਨਮਾਨ ਦਾ ਪੱਖ ਗਾਇਬ ਸੀ। ਉਸ ਨੂੰ ਆਪਣੇ ਪਤੀ ਨਾਲ਼ ਵੀ ਸੰਪਰਕ ਨਹੀਂ ਕਰਨ ਦਿੱਤਾ ਗਿਆ ਸੀ। ਸਾਡੇ ਸੰਵਿਧਾਨ ਵਿੱਚ ਦਿੱਤੇ ਗਏ ਨਾਗਰਿਕ ਹੱਕਾਂ ਦੀ ਰਾਖੀ ਲਈ ਬਣੀਆਂ ਅਦਾਲਤਾਂ ਦੀ ਕਾਰਗੁਜ਼ਾਰੀ ਦੀ ਇਹ ਇੱਕ ਮਿਸਾਲ ਹੈ। ਇਸ ਦੇ ਬਾਵਜੂਦ ਅਜੇ ਤੱਕ ਸਰਕਾਰ ਦੀ ਕਿਸੇ ਵੀ ਜਾਂਚ ਏਜੰਸੀ ਨੂੰ ਲਵ ਜਿਹਾਦ ਵਰਗੀ ਕਿਸੇ ਮੁਹਿੰਮ ਦੇ ਸਬੂਤ ਨਹੀਂ ਮਿਲ਼ੇ ਹਨ। ਫਿਰ ਵੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਲਵ ਜਿਹਾਦ ਦੇ ਖ਼ਿਲਾਫ਼ ਕਨੂੰਨ ਬਣ ਗਏ ਹਨ।

  ਸਾਫ਼ ਹੈ ਕਿ ਸਰਮਾਏਦਾਰਾ ਪ੍ਰਬੰਧ ਇੰਨਾ ਨਿੱਘਰ ਗਿਆ ਹੈ ਕਿ ਉਸਦੇ ਆਪਣੇ ਬਣਾਏ ਸੰਵਿਧਾਨਕ ਕਾਇਦੇ ਕਨੂੰਨ ਵੀ ਉਸ ਨੂੰ ਗਵਾਰਾ ਨਹੀਂ ਹਨ। ਮਨੁੱਖੀ ਹੱਕਾਂ, ਨਾਗਰਿਕ ਹੱਕਾਂ ਅਤੇ ਜਮਹੂਰੀ ਹੱਕਾਂ ’ਤੇ ਹੋ ਰਹੇ ਹਮਲਿਆਂ ਵਿੱਚ ਪੁਲੀਸ, ਰਾਜਕੀ ਮਸ਼ੀਨਰੀ ਅਤੇ ਨੌਕਰਸ਼ਾਹੀ ਪੇਸ਼ ਹੈ। ਨਿਆਂਪਾਲਿਕਾ ਦੀ ਨਿਰਪੱਖਤਾ ਨਜ਼ਰ ਨਹੀਂ ਆ ਰਹੀ। ਮੁਲਕ ਦੇ ਕਈ ਹਿੱਸਿਆਂ ਵਿੱਚ ਅਤੇ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਲਵ ਜਿਹਾਦ ਦੇ ਨਾਂ ’ਤੇ ਘੱਟ ਗਿਣਤੀ ਮੁਸਲਮਾਨ ਫਿਰਕੇ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲਵ ਜਿਹਾਦ ਖ਼ਿਲਾਫ਼ ਲਿਆਂਦਾ ਗਿਆ ਕਨੂੰਨ ਹਰੇਕ ਧਰਮ ਬਦਲੀ ਦੀ ਘਟਨਾ ਨੂੰ ਗੈਰ-ਕਨੂੰਨੀ ਮੰਨ ਕੇ ਚਲਦਾ ਹੈ। ਇਹ ਜ਼ਿਮੇਵਾਰੀ ਧਰਮ ਬਦਲੀ ਕਰਨ ਵਾਲ਼ੇ ਵਿਅਕਤੀ ਦੀ ਹੈ ਕਿ ਉਹ ਸਾਬਤ ਕਰੇ ਕਿ ਉਸ ਨੇ ਕਨੂੰਨੀ ਘੇਰੇ ਦੇ ਅੰਦਰ ਰਹਿ ਕੇ ਹੀ ਧਰਮ ਬਦਲੀ ਕੀਤੀ ਹੈ। ਕੁੱਲ ਮਿਲ਼ਾ ਕੇ ਇਹ ਘੱਟਗਿਣਤੀ ਫਿਰਕਿਆਂ ਨੂੰ ਡਰਾ ਧਮਕਾ ਕੇ ਹਿੰਦੂਤਵੀ ਭਗਵੇਂਕਰਨ ਦੀ ਮੁਹਿੰਮ ਨੂੰ ਕਨੂੰਨੀ ਜਾਮਾ ਪਵਾਉਣ ਵਾਲ਼ਾ ਕਨੂੰਨ ਹੈ। ਵਿਆਹ ਵਰਗੇ ਨਿੱਜੀ ਮਾਮਲੇ ਵਿਰੁੱਧ ਜਾਬਰ ਕਨੂੰਨ ਬਣਾਉਣ ਦਾ ਫਾਸੀਵਾਦ ਦਾ ਇਤਿਹਾਸ ਰਿਹਾ ਹੈ। ਹਿਟਲਰ ਨੇ ਯਹੂਦੀਆਂ ਨਾਲ਼ ਵਿਆਹ ਕਰਵਾਉਣ ’ਤੇ ਪਾਬੰਦੀ ਲਾਉਣ ਦੇ ਕਨੂੰਨ ਬਣਾਏ ਸਨ। ਉਥੇ ਉਨ੍ਹਾਂ ਦਾ ਕਹਿਣਾ ਸੀ ਕਿ ਯਹੂਦੀ ਨੀਵੇਂ ਦਰਜੇ ਦੀ ਕੌਮ ਹੈ। ਇਸ ਵਾਸਤੇ ਇਨ੍ਹਾਂ ਨਾਲ਼ ਸਬੰਧ ਵਧਾਉਣ ਨਾਲ਼ ਸ਼ੁੱਧ ਜਰਮਨ ਆਰੀਅਨ ਨਸਲ ਖ਼ਰਾਬ ਹੋ ਜਾਵੇਗੀ। ਸਾਡੇ ਇੱਥੇ ਵੀ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਹਕੀਕਤ ਵਿੱਚ ਲਵ ਜਿਹਾਦ ਹਿੰਦੂਤਵੀ ਫਿਰਕਾਪ੍ਰਸਤ ਦਿਮਾਗ਼ਾਂ ਦੀ ਕਲਪਨਾ ਮਾਤਰ ਹੈ। ਪਰ ਘੱਟਗਿਣਤੀ ਫਿਰਕਿਆਂ ਦੀ ਫਿਰਕਾਪ੍ਰਸਤੀ ਵੀ ਇਸ ਦਾ ਵਿਰੋਧ ਨਹੀਂ ਕਰ ਸਕਦੀ ਸਗੋਂ ਇਸ ਦੀ ਪੂਰਕ ਬਣ ਜਾਂਦੀ ਹੈ। ਦੂਜੇ ਪਾਸੇ ‘ਘਰ ਵਾਪਸੀ’ ਦੇ ਨਾਂ ’ਤੇ ਧਰਮ ਬਦਲੀਆਂ ਦਾ ਕੰਮ ਵੀ ਬਿਨਾਂ ਕਿਸੇ ਡਰ ਦੇ ਚੱਲ ਰਿਹਾ ਹੈ। ਨਾ ਉਸ ’ਤੇ ਕੋਈ ਸਰਕਾਰੀ ਕੁੰਡਾ ਹੈ ਅਤੇ ਨਾ ਹੀ ਅਦਾਲਤੀ।

  ਇੱਕ ਹੋਰ ਪੱਖ ਹੈ ਜਿਸ ਨੂੰ ਵਿਚਾਰੇ ਜਾਣ ਦੀ ਜ਼ਰੂਰਤ ਹੈ। ਮੁਲਕ ਵਿੱਚ ਇਸ ਵੇਲ਼ੇ ਖੇਤੀ ਬਿੱਲਾਂ ਦੇ ਖਿਲਾਫ ਅਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਲੰਬਾ ਘੋਲ਼ ਚੱਲ ਰਿਹਾ ਹੈ ਜੋ ਕਿ ਇੱਕ ਸੁਲੱਖਣਾ ਵਰਤਾਰਾ ਹੈ। ਭਾਵੇਂ ਇਸ ਸੰਘਰਸ਼ ਦਾ ਘੇਰਾ ਦੇਸ਼ ਵਿਆਪੀ ਬਣਦਾ ਜਾ ਰਿਹਾ ਹੈ ਪਰ ਫਿਰ ਵੀ ਪੰਜਾਬ ਅਤੇ ਹਰਿਆਣਾ ਇਸ ਦੇ ਮੁੱਖ ਕੇਂਦਰ ਹਨ। ਇਸ ਘੋਲ਼ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾਣ ਵਾਲ਼ੀਆਂ ਹਕੂਮਤੀ ਸਾਜ਼ਿਸ਼ਾਂ ਤਹਿਤ ਫ਼ਿਰਕੂ ਪੱਤਾ ਵਰਤ ਕੇ ਸੰਘਰਸ਼ ਕਰ ਰਹੇ ਲੋਕਾਂ ਦੀ ਏਕਤਾ ਤੋੜਨ ਦੀਆਂ ਜੀਅ ਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ। ਪੰਜਾਬ ਹਰਿਆਣੇ ਦੇ ਲੋਕਾਂ ਵਿੱਚ ਦੁਸ਼ਮਣੀ ਖੜ੍ਹੀ ਕਰਨ ਦੀਆਂ ਵਿਉਂਤਾਂ ਅਤੇ ਹਿੰਦੂ ਸਿੱਖ ਵਿਵਾਦਾਂ ਨੂੰ ਭੜਕਾਉਣ ਦੀਆਂ ਸਾਜਿਸ਼ਾਂ ਅਸਫਲ ਹੋਣ ਤੋਂ ਬਾਅਦ, ਜ਼ੋਰ ਲੱਗ ਰਿਹਾ ਹੈ ਕਿ ਸਿੱਖ ਮੁਸਲਿਮ ਰੱਫੜ ਖੜ੍ਹਾ ਕਰ ਕੇ ਅਤੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਗੁੰਮਰਾਹ ਕਰਕੇ, ਇਸ ਵੇਲ਼ੇ ਚੱਲ ਰਹੇ ਇਤਿਹਾਸਕ ਸੰਘਰਸ਼ ਨੂੰ ਕੁਰਾਹੇ ਪਾਇਆ ਜਾਵੇ। ਪਰ ਇਤਿਹਾਸ ਵਿੱਚ ਜਦੋਂ ਵੀ ਕਿਰਤੀ ਲੋਕਾਂ ਦੇ ਸੰਘਰਸ਼ ਜ਼ੋਰ ਫੜਦੇ ਹਨ ਤਾਂ ਲੋਕਾਂ ਦੀ ਉੱਨਤ ਚੇਤਨਾ ਪਿਛਾਖੜੀ ਸ਼ਕਤੀਆਂ ਦੇ ਰਾਹ ਵਿੱਚ ਰੋਕ ਬਣ ਜਾਂਦੀ ਹੈ। ਇਸ ਵੇਲ਼ੇ ਸਾਡਾ ਸਮਾਂ ਵੱਡੀਆਂ ਇਤਿਹਾਸਕ ਤਬਦੀਲੀਆਂ ਦਾ ਦੌਰ ਬਣ ਰਿਹਾ ਹੈ। ਇਤਿਹਾਸਕ ਤੌਰ ’ਤੇ ਵੇਲ਼ਾ ਵਿਹਾ ਚੁੱਕੇ ਢਾਂਚੇ ਦਾ ਸਿਆਸੀ ਤੌਰ ’ਤੇ ਵੀ ਪਤਨ ਹੋਣਾ ਸ਼ੁਰੂ ਹੋ ਗਿਆ ਹੈ। ਕਿਰਤੀ ਲੋਕਾਂ ਦੀ ਵਧ ਰਹੀ ਏਕਤਾ ਤੋਂ ਡਰੇ ਹੋਏ ਹਾਕਮ ਇੱਕ ਪਾਸੇ ਜਾਬਰ ਕਾਰਵਾਈਆਂ ਤੇਜ਼ ਕਰਦੇ ਜਾ ਰਹੇ ਹਨ ਦੂਜੇ ਪਾਸੇ ਫ਼ਿਰਕਾਪ੍ਰਸਤੀ ਦੇ ਹਥਿਆਰ ਨੂੰ ਤਿੱਖਾ ਕਰਕੇ ਮੁਲਕ ਦੇ ਕਿਰਤੀ ਲੋਕਾਂ ਦੀ ਏਕਤਾ ਤੋੜਨ ਲਈ ਵੀ ਤਰਲੋਮੱਛੀ ਹੋ ਰਹੇ ਹਨ। ਸਾਡੇ ਇਸ ਖਿੱਤੇ ਦਾ ਮਾਹੌਲ ਖਰਾਬ ਕਰਨ ਲਈ ਅਤੇ ਲੋਕਾਂ ਦੀ ਏਕਤਾ ਤੋੜਨ ਲਈ ਕਸ਼ਮੀਰੀ ਸਿੱਖ ਲੜਕੀਆਂ ਦੀ ਬਲੀ ਦੇ ਦਿੱਤੀ ਗਈ ਹੈ। ਪਰ ਦੂਜੇ ਪਾਸੇ ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਅਤੇ ਕਿਰਤੀ-ਕਿਸਾਨਾਂ ਦੇ ਉੱਠ ਰਹੇ ਘੋਲਾਂ ਨੇ ਹਾਕਮਾਂ ਦੇ ਸਾਹ ਸੂਤੇ ਹੋਏ ਹਨ। ਲੋਕ ਲਾਜ਼ਮੀ ਹੀ ਪੱਛੜੀਆਂ ਕਦਰਾਂ ਕੀਮਤਾਂ ਵਿਰੁੱਧ ਸੰਘਰਸ਼ ਕਰਦੇ ਹੋਏ, ਫਾਸੀਵਾਦ ਦੀ ਇਸ ਹਨ੍ਹੇਰੀ ਨੂੰ ਠੱਲ੍ਹ ਪਾਉਣਗੇ ਅਤੇ ਆਪਣੀ ਏਕਤਾ ਨੂੰ ਬਚਾਉਣ ਵਾਸਤੇ ਹਰ ਕਿਸਮ ਦੀਆਂ ਪਿਛਾਖੜੀ ਸਾਜ਼ਿਸ਼ਾਂ ਨੂੰ ਮਾਤ ਪਾਉਣਗੇ।

  •ਸੁਖਦੇਵ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img