ਕਰੋਨਾ ਨੂੰ ਲੈ ਕੇ ਰੀਵਿਊ ਮੀਟਿੰਗ

61

ਜਿਲੇ੍ ਵਿਚ ਹੁਣ ਤੱਕ 6 ਲੱਖ ਤੋ ਵੱਧ ਲੋਕਾਂ ਨੇ ਲਗਾਇਆ ਕਰੋਨਾ ਦਾ ਟੀਕਾ – ਸੋਨੀ

Italian Trulli

ਅੰਮ੍ਰਿਤਸਰ, 5 ਜੁਲਾਈ (ਗਗਨ) – ਸਰਕਾਰੀ ਮੈਡੀਕਲ ਕਾਲਜ ਵਿਖੇ ਅੱਜ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਕਰੋਨਾ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ ਅਤੇ ਤੀਜ਼ੀ ਲਹਿਰ ਦੇ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਜ਼ਿਲਾ੍ਹ ਪ੍ਰਸ਼ਾਸ਼ਨ ਨੂੰ ਚੋਕਸ ਰਹਿਣ ਦੇ ਆਦੇਸ਼ ਦਿੱਤੇ। ਇਸ ਮੀਟਿੰਗ ਵਿਚ ਡਿਪਟੀ ਕਮਿਸ੍ਰਨਰ ਸ: ਗੁਰਪ੍ਰੀਤ ਸਿਘ ਖਹਿਰਾ, ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਸ: ਮਲਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਰੂਹੀ ਡੱਗ, ਏ ਡੀ ਸੀ ਪੀ ਸ਼੍ਰੀ ਸੰਦੀਪ ਮਲਿਕ, ਪਿ੍ਰੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨ,ਸਿਵਲ ਸਰਜਨ ਡਾ: ਚਰਨਜੀਤ ਸਿੰਘ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਸੀਂ ਕਰੋਨਾ ਮਹਾਂਮਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਸਫਲ ਹੋਏ ਹਾਂ।

ਉਨ੍ਹਾਂ ਕਿਹਾ ਕਿ ਰਾਜ ਵਿੱਚ ਕਰੋਨਾ ਦੇ ਮਰੀਜਾਂ ਵਿੱਚ ਕਾਫੀ ਕਮੀ ਆਈ ਹੈ ਅਤੇ ਹੁਣ ਤੱਕ ਪੰਜਾਬ ਵਿੱਚ 7928426 ਲੋਕਾਂ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 334065 ਲੋਕ ਪਾਜਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿੱਚ 5322 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਅੱਜ ਤੱਕ ਤਿੰਨ ਮੈਡੀਕਲ ਕਾਲਜਾਂ ਵਿੱਚ 64 ਦੇ ਕਰੀਬ ਕਰੋਨਾ ਮਰੀਜ ਦਾਖਲ ਹਨ। ਸ੍ਰੀ ਸੋਨੀ ਨੇ ਜਿਲੇ੍ਹ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲੇ੍ਹ ਵਿੱਚ ਹੁਣ ਤੱਕ 6 ਲੱਖ 2 ਹਜ਼ਾਰ ਵਿਅਕਤੀਆਂ ਨੇ ਕਰੋਨਾ ਦਾ ਟੀਕਾ ਲਗਵਾਇਆ ਹੈ ਅਤੇ ਜਿਲੇ੍ਹ ਵਿੱਚ ਐਕਟਿਵ ਕੇਸਾਂ ਵਿੱਚ ਕਾਫੀ ਕਮੀ ਪਾਈ ਗਈ ਹੈ। ਸ੍ਰੀ ਸੋਨੀ ਨੇ ਕਿਹਾ ਕਿ ਇਹ ਬੜਾ ਚੰਗਾ ਸੰਕੇਤ ਹੈ ਕਿ ਲੋਕ ਖੁਦ ਵੈਕਸੀਨ ਲਗਾਉਣ ਲਈ ਆ ਰਹੇ ਹਨ ਅਤੇ ਪਿਛਲੇ ਦਿਨੀਂ ਪੂਰੇ ਜਿਲੇ੍ਹ ਵਿੱਚ 250 ਸਥਾਨਾਂ ਤੇ ਇਕ ਹੀ ਦਿਨ ਵਿੱਚ 42000 ਤੋਂ ਵਧੇਰੇ ਵਿਅਕਤੀਆਂ ਨੇ ਕਰੋਨਾ ਵੈਕਸੀਨ ਲਗਾਈ ਹੈ। ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਵਿੱਚ ਵੈਕਸੀਨ ਮਿਲ ਰਹੀ ਹੈ ਅਤੇ ਜੋ ਵੈਕਸੀਨ ਉਨ੍ਹਾਂ ਵੱਲੋਂ ਇਕ ਹਫਤੇ ਲਈ ਦਿੱਤੀ ਜਾਂਦੀ ਹੈ ਉਸ ਨੂੰ 4 ਦਿਨ ਵਿੱਚ ਮੁਕੰਮਲ ਕਰ ਦਿੱਤਾ ਜਾਂਦਾ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਕਿਹਾ ਕਿ ਤੀਜੀ ਲਹਿਰ ਦੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਰੇ ਕਿ ਤੀਜੀ ਲਹਿਰ ਨਾ ਹੀ ਆਵੇ ਪਰ ਜੇਕਰ ਆਉਂਦੀ ਹੈ ਤਾਂ ਇਸ ਨਾਲ ਨਿਪਟਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਸ ਮੌਕੇ ਸ੍ਰੀ ਸੋਨੀ ਨੇ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਕਿ ਕਰੋਨਾ ਦੀ ਟੈਸਟਿੰਗ ਨੂੰ ਵਧਾਇਆ ਜਾਵੇ।

ਇਸ ਮੌਕੇ ਸ੍ਰੀ ਸੋਨੀ ਨੈ ਮੈਡੀਕਲ ਕਾਲਜ ਵਿਖੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਦੱਸਿਆ ਕਿ ਅੰਮ੍ਰਿਤਸਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿਊਟ ਦਾ ਕੰਮ 90 ਫੀਸਦੀ ਤੋਂ ਜਿਆਦਾ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਸਰ ਇੰਸਟੀਚਿਊਟ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਪੀ:ਜੀ:ਆਈ ਜਾਂ ਦਿੱਲੀ ਜਾਣ ਦੀ ਕੋਈ ਜਰੂਰਤ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਆਧੁਨਿਕ ਮਸ਼ੀਨਾ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੈਂਸਰ ਇੰਸਟੀਚਿਊਟ ਦੇ ਸ਼ੁਰੂ ਹੋਣ ਨਾਲ ਨਜਦੀਕੀ ਰਾਜਾਂ ਦੇ ਲੋਕ ਵੀ ਇਥੇ ਆ ਕੇ ਆਪਣਾ ਇਲਾਜ ਕਰਵਾ ਸਕਣਗੇ। ਸ੍ਰੀ ਸੋਨੀ ਨੇ ਕੋਵਿਡ 19 ਮਹਾਂਮਾਰੀ ਦਾ ਡੱਟ ਕੇ ਮੁਕਾਬਲਾ ਕਰਨ ਤੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਅਸੀਂ ਇਸ ਮਹਾਂਮਾਰੀ ਤੇ ਕਾਬੂ ਪਾ ਸਕੇ ਹਾਂ।