ਬਰਲਿਨ ਵਿੱਚ ਸਰਕਾਰ ਵੱਲ਼ੋਂ ਕਰੋਨਾ ਦੇ ਨਾਂ ‘ਤੇ ਲਾਈਆਂ ਲੋਕ ਦੋਖੀ ਬੰਦਸ਼ਾਂ ਖ਼ਿਲਾਫ਼ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਲੋਕਾਂ ਨੇ ਦੋ ਦਿਨ ਪਹਿਲਾਂ ਜ਼ਬਰਦਸਤ ਮੁਜ਼ਾਹਰਾ ਕੀਤਾ । ਬਹੁਤਾ ਮੀਡੀਆ ਕਰੋਨਾ ਦੇ ਨਾਂ ‘ਤੇ ਸਿਰਫ਼ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਿਹਾ ਹੈ ਉਸ ਮੁਤਾਬਕ ਇਹਨਾਂ ਮੁਜ਼ਾਹਰਿਆਂ ਵਿੱਚ ਕੁੱਝ ਹਜ਼ਾਰ ਤੋਂ ਲੈ ਕੇ 40-50 ਕੁ ਹਜ਼ਾਰ ਤੱਕ ਲੋਕ ਸ਼ਾਮਲ ਸਨ । ਪਰ ਤਸਵੀਰਾਂ ਸਾਫ ਦਿਖਾਉਂਦੀਆਂ ਹਨ ਕਿ ਸਰਕਾਰੀ ਬੰਦਸ਼ਾਂ ਖ਼ਿਲਾਫ਼ ਦਹਿ ਹਜ਼ਾਰਾਂ ਨਹੀਂ ਸਗੋਂ ਲੱਖਾਂ ਲੋਕ ਸੜਕਾਂ ‘ਤੇ ਸਨ । ਅਜਿਹੇ ਹੀ ਵੱਡੇ ਮੁਜ਼ਾਹਰੇ ਫ਼ਰਾਂਸ, ਆਸਟਰੀਆ, ਸਵਿਟਜ਼ਰਲੈਂਡ ਵਿੱਚ ਵੀ ਹੋਏ ਹਨ
ਜਰਮਨੀ ਦੀ ਸਰਕਾਰ ਨੇ ਵੀ ਮਾਸਕ ਨਾ ਪਾਉਣ ‘ਤੇ ਜੁਰਮਾਨੇ ਲਾਉਣ, ਕਈ ਸਮਾਜਕ ਪ੍ਰੋਗਰਾਮ ਅਗਲੇ ਸਾਲ ਤੱਕ ਟਾਲਣ ਜਿਹੇ ਲੋਕ ਵਿਰੋਧੀ ਫ਼ੈਸਲੇ ਲਏ ਸਨ ਜਿਹਨਾਂ ਨੂੰ ਖ਼ਤਮ ਕਰਨ ਦੀ ਮੰਗ ਲੋਕ ਕਰ ਰਹੇ ਸਨ । ਲੋਕਾਈ ਦੇ ਇਸ ਹੜ੍ਹ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਨੂੰ ਮੰਨਣ ਵਾਲ਼ੇ ਲੋਕ ਵੀ ਸ਼ਾਮਲ ਸਨ ਤੇ ਸਰਕਾਰੀ ਬੰਦਸ਼ਾਂ ਦੇ ਸਤਾਏ ਆਮ ਲੋਕ ਵੀ । ਪਰ ਢੇਰਾਂ ਵਿਗਿਆਨਕ ਤੱਥ , ਰਿਪੋਰਟਾਂ ਤੇ ਪ੍ਰਤੱਖ ਤਜਰਬਾ ਸਾਹਮਣੇ ਹੋਣ ਦੇ ਬਾਵਜੂਦ ਵੀ ਕਈ ਅਖੌਤੀ ਅਗਾਂਹਵਧੂ ਸਰਕਾਰੀ ਬੈਂਡ ਵਿੱਚ ਆਪਣਾ ਵਾਜਾ ਰਲ਼ਾ ਰਹੇ ਨੇ । ਨਜ਼ਰ ਦੇ ਭੰਨਿਆਂ ਨੂੰ ਲੋਕਾਈ ਦੇ ਇਸ ਹੜ੍ਹ ਵਿੱਚ ਸੱਜੇ-ਪੱਖੀ, ਪਿਛਾਖੜੀ ਹੀ ਨਜ਼ਰ ਆਉਂਦੇ ਨੇ । ਇਹਨਾਂ ਨੂੰ ਕਰੋਨਾ ਬੰਦਸ਼ਾਂ ਕਰਕੇ ਲੋਕਾਂ ‘ਤੇ ਟੁੱਟਿਆ ਕਹਿਰ ਨਹੀਂ ਨਜ਼ਰ ਆਉਂਦਾ । ਅਸਲੀਅਤ ਇਹ ਹੈ ਕਿ ਲੋਕ ਹੁਣ ਕਰੋਨਾ ਦੇ ਨਾਂ ‘ਤੇ ਚੱਲ ਰਹੀ ਸਰਕਾਰੀ ਗੁੰਡਾਗਰਦੀ ਤੋਂ ਆਕੀ ਹੋ ਚੱਲੇ ਨੇ । ਪੰਜਾਬ ਵਿੱਚ ਵੀ ਅਸੀਂ ਇਹੀ ਵੇਖਿਆ ਹੈ ਤੇ ਆਉਣ ਵਾਲ਼ੇ ਦਿਨਾਂ ਵਿੱਚ ਸੰਸਾਰ ਦੇ ਹੋਰਾਂ ਕੋਨਿਆਂ ਤੋਂ ਵੀ ਅਸੀਂ ਅਜਿਹੀਆਂ ਹੀ ਖ਼ਬਰਾਂ ਵੇਖਾਂਗੇ ।
ਕਰੋਨਾ ਦੇ ਨਾਂ ‘ਤੇ ਲਾਈਆਂ ਲੋਕ ਦੋਖੀ ਬੰਦਸ਼ਾਂ ਦੇ ਵਿਰੁੱਧ ਵੱਖ-ਵੱਖ ਦੇਸ਼ਾਂ ‘ਚ ਹੋ ਰਹੇ ਜ਼ਬਰਦਸਤ ਮੁਜ਼ਾਹਰੇ
