ਕਰਾਚੀ ਸਟਾਕ ਐਕਸਚੇਂਜ ਹਮਲਾ ਅਤੇ ਤਾਜ ਹੋਟਲ ਉੱਤੇ ਹਮਲੇ ਦੀਆਂ ਧਮਕੀਆਂ ਅਤੇ ਅੰਨੀ ਕੌਮਪ੍ਰਸਤੀ

ਕਰਾਚੀ ਸਟਾਕ ਐਕਸਚੇਂਜ ਹਮਲਾ ਅਤੇ ਤਾਜ ਹੋਟਲ ਉੱਤੇ ਹਮਲੇ ਦੀਆਂ ਧਮਕੀਆਂ ਅਤੇ ਅੰਨੀ ਕੌਮਪ੍ਰਸਤੀ

ਸੋਮਵਾਰ ਨੂੰ ਕਰਾਚੀ ਸਟਾਕ ਐਕਸਚੇਂਜ ਉੱਤੇ ਚਾਰ ਦਹਿਸ਼ਤਗਰਦਾਂ ਨੇ ਹਮਲਾ ਕੀਤਾ। ਮੁੱਠਭੇੜ ਦੌਰਾਨ ਚਾਰੇ ਦਹਿਸ਼ਤਗਰਦ ਅਤੇ ਤਿੰਨ ਸੁਰੱਖਿਆ ਕਾਮੇ ਮਾਰੇ ਗਏ। ਹਮਲੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਹਮਲੇ ਪਿੱਛੇ ਭਾਰਤ ਦਾ ਹੱਥ ਹੋਣ ਦਾ “ਦਾਅਵਾ” ਕੀਤਾ ਹੈ। ‘ਇਤਫਾਕ’ ਦੀ ਗੱਲ਼ ਹੈ ਕਿ ਇਸੇ ਮਗਰੋਂ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਤਾਜ ਹੋਟਲ ਉੱਤੇ ਹਮਲਾ ਕਰਨ ਦੀ ਸੂਹ ਟੈਲੀਫੋਨ ਰਾਹੀਂ ਹਾਸਲ ਹੋਈ ਹੈ ਕਿ ਫਿਰ ਦਹਿਸ਼ਤਗਰਦ ਫਿਰ ਤੋਂ ਇੱਕ 26/11 ਦਾ ਕਾਂਡ ਰਚਣ ਦੀ ਵਿਉਂਤਾਂ ਗੁੰਦ ਰਹੇ ਹਨ। ਕਰਾਚੀ ਸਟਾਕ ਐਕਸਚੇਂਜ ਉੱਤੇ ਹਮਲਾ ਅਤੇ ਤਾਜ ਹੋਟਲ ‘ਤੇ ਦਹਿਸ਼ਤਗਰਦ ਹਮਲੇ ਦੀਆਂ ਧਮਕੀਆਂ ਦੇ ਪਿੱਛੇ ਅਸਲ ਸੱਚਾਈ ਕੀ ਹੈ, ਇਸ ਬਾਰੇ ਤਾਂ ਭਾਵੇਂ ਹਾਲੇ ਬਹੁਤੀ ਪਰਪੱਕਤਾ ਨਾਲ਼ ਨਹੀਂ ਕਿਹਾ ਜਾ ਸਕਦਾ। ਪਰ ਏਨਾ ਜਰੂਰ ਹੈ ਕਿ ਦੋਵੇਂ ਮੁਲਕਾਂ, ਹਿੰਦ-ਪਾਕਿ, ਦੀਆਂ ਸਰਕਾਰਾਂ ਇਸ ਮੌਕੇ ਨੂੰ ਇੱਕ-ਦੂਜੇ ਉੱਤੇ ਦੋਸ਼ ਲਾਉਂਦਿਆਂ, ਆਵਦੇ-ਆਵਦੇ ਦੇਸ਼ ਦੇ ਲੋਕਾਂ ਵਿੱਚ ਅੰਨੀ ਕੌਮਪ੍ਰਸਤੀ ਭੜਕਾਉਣ ਲਈ ਪੂਰੇ ਜੋਰ-ਸ਼ੋਰ ਨਾਲ ਵਰਤ ਰਹੀਆਂ ਹਨ। ਦੋਹਾਂ ਦੇਸ਼ਾਂ ਦੀ ਕਿਰਤੀ ਲੋਕਾਈ ਗੁਰਬਤ ਹੰਢਾ ਰਹੀ ਹੈ ਅਤੇ ਕਰੋਨਾ ਸੰਕਟ ਨੇ ਕਿਰਤੀ ਲੋਕਾਂ ਦੀ ਮੁਸ਼ਕਲਾਂ ਨੂੰ ਦੂਣ-ਸਵਾਇਆ ਕਰ ਦਿੱਤਾ ਹੈ।

ਅਜਿਹੇ ਮੌਕੇ ਲਾਜਮੀ ਹੀ ਸੁਚੇਤ ਰਹਿਣ ਦੀ ਲੋੜ ਹੈ ਕਿ ਦੋਵੇਂ ਦੇਸ਼ਾਂ ਦੀ ਹਕੂਮਤਾਂ ਅੰਨੀ ਕੌਮਪ੍ਰਸਤੀ ਦੀ ਵਾਅ ਵਗਾਕੇ ਲੋਕਾਂ ਦੇ ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਦਾ ਲਈ ਇਸ ਮਸਲੇ ਦਾ ਖੂਬ ਇਸਤੇਮਾਲ ਕਰਨੋ ਪਿੱਛੇ ਨਹੀਂ ਹਟਣਗੀਆਂ। ਇਸ ਮੌਕੇ ਦੋਵਾਂ ਮੁਲਕਾਂ ਦੇ ਸੂਝਵਾਨ ਲੋਕਾਂ, ਕਿਰਤੀਆਂ ਨੂੰ ਇਹਨਾਂ ਲੋਕਦੋਖੀ ਹਕੂਮਤਾਂ ਦੀ ਚਾਲਾਂ ਨੂੰ ਮਾਤ ਦਿੰਦਿਆਂ, ਅੰਨੀ ਕੌਮਪ੍ਰਸਤੀ ਦੇ ਪਰਦੇ ਨੂੰ ਲੀਰੋ ਲੀਰ ਕਰਦਿਆਂ, ਲੋਕਹਿਤਾਂ ਦਾ ਲੜ ਫੜਦਿਆਂ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਦੇ ਅਸਲ ਦੁਸ਼ਮਣ ਉਹਨਾਂ ਉੱਤੇ ਰਾਜ ਕਰਦੀਆਂ ਹਕੂਮਤਾਂ ਹਨ, ਨਾ ਕਿ ਸਰਹੱਦੋਂ ਪਾਰ ਵਸਦੇ ਇੱਕ ਦੂਜੇ ਮੁਲਕ ਦੇ ਉਹਨਾਂ ਦੇ ਕਿਰਤੀ ਭਾਈ!

Bulandh-Awaaz

Website: