More

    ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਚਾਲੂ ਕਰੇ ਭਾਰਤ ਸਰਕਾਰ: ਗਿਆਨੀ ਹਰਪ੍ਰੀਤ ਸਿੰਘ

    ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਕੇਂਦਰ ਸਰਕਾਰ ਤੋਂ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ। ਕਰੋਨਾਵਾਇਰਸ ਫੈਲਣ ਦੇ ਡਰੋਂ ਬੰਦ ਕੀਤੇ ਲਾਂਘੇ ਨੂੰ ਦੋ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸਿਓਂ ਖੋਲ੍ਹ ਦਿੱਤਾ ਸੀ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ‘‘ਭਾਰਤ ਸਰਕਾਰ ਵਲੋਂ 8 ਜੂਨ ਨੂੰ ਸਾਰੇ ਧਾਰਮਿਕ ਅਸਥਾਨ ਖੋਲ੍ਹ ਦਿੱਤੇ ਗਏ ਸਨ। ਸਾਡੀ ਸਰਕਾਰ ਨੂੰ ਸਿੱਖ ਸੰਗਤ ਲਈ ਕਰਤਾਰਪੁਰ ਸਾਹਿਬ ਲਾਂਘਾ ਵੀ ਖੋਲ੍ਹਣਾ ਚਾਹੀਦਾ ਹੈ।’’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ‘‘ਮੈਂ ਪਾਕਿਸਤਾਨ ਸਰਕਾਰ ਵਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ ਕਰਦਾ ਹਾਂ। ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਿੰਨੀ ਛੇਤੀ ਸੰਭਵ ਹੋ ਸਕੇ, ਲਾਂਘਾ ਖੋਲ੍ਹਣ ਦੇ ਯਤਨ ਕੀਤੇ ਜਾਣ।’’ ਦੋਵੇਂ ਸਿੱਖ ਆਗੂ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਹਾੜੇ ਸਬੰਧੀ ਸਮਾਗਮ ਵਿਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਸਥਾਪਨਾ ਦਿਹਾੜਾ ਮਨਾਇਆ ਗਿਆ। ਦੋਵਾਂ ਆਗੂਆਂ ਨੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਨੰਗਲ ਛਾਂਗਾ ਦੇ ਸਿੱਖ ਨੌਜਵਾਨ ਬਰਿੰਦਰ ਸਿੰਘ ਦੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੇ ਜਾਣ ਮਗਰੋਂ ਉਸ ਵਲੋਂ ਖੁਦਕੁਸ਼ੀ ਕਰ ਲੈਣ ਦੀ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਸਿੱਖ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਕਈ ਵਿਅਕਤੀਆਂ ਦੇ ਨਾਂ ਲਏ ਹਨ, ਜਿਨ੍ਹਾਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ। ਉਨ੍ਹਾਂ ਨੇ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਅਤੇ 295 ਏ ਤਹਿਤ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ।

    ਇਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ਸਾਹਿਬ ਇਕ ਇਮਾਰਤ ਨਹੀਂ ਸਗੋਂ ਵਿਚਾਰਧਾਰਾ ਅਤੇ ਇਕ ਸੰਕਲਪ ਹੈ। ਸਮੇਂ ਦੀਆਂ ਹਕੂਮਤਾਂ ਨੇ ਸੰਕਲਪ ਨੂੰ ਖ਼ਤਮ ਕਰਨ ਲਈ ਕਈ ਵਾਰ ਯਤਨ ਕੀਤੇ ਪਰ ਇਹ ਸੰਕਲਪ ਸਿੱਖਾਂ ਵਿਚ ਹਮੇਸ਼ਾਂ ਜਿਊਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅੰਦਰੋਂ ਅਤੇ ਬਾਹਰੋਂ ਦੋਵਾਂ ਥਾਵਾਂ ਤੋਂ ਚੁਣੌਤੀਆਂ ਮਿਲਦੀਆਂ ਰਹੀਆਂ ਹਨ। ਬਾਹਰਲੀਆਂ ਚੁਣੌਤੀਆਂ ਦਾ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਸਾਹਮਣਾ ਕੀਤਾ ਹੈ ਪਰ ਅੰਦਰੂਨੀ ਚੁਣੌਤੀਆਂ ਵਧੇਰੇ ਖ਼ਤਰਨਾਕ ਹਨ। ਉਨ੍ਹਾਂ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਅਕਾਲ ਤਖਤ ਨੂੰ ਚੁਣੌਤੀਆਂ ਦੇਣ ਵਾਲਿਆਂ ਦਾ ਸਹਿਯੋਗ ਕਰਨ ਦੀ ਥਾਂ ਸਮੂਹਿਕ ਰੂਪ ਵਿਚ ਵਿਰੋਧ ਕੀਤਾ ਜਾਵੇ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਿੱਖੀ ਵਿਰੁਧ ਹੋ ਰਹੇ ਕੂੜ ਪ੍ਰਚਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖ ਭਾਈਚਾਰੇ ਨੂੰ ਇਸ ਖ਼ਿਲਾਫ਼ ਇਕਜੁੱਟ ਹੋਣ ਲਈ ਆਖਿਆ। ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇ ਇਤਿਹਾਸ ਤੋਂ ਜਾਣੂ ਕਰਾਇਆ। ਇਸ ਮੌਕੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਮੇਤ ਹੋਰ ਧਾਰਮਿਕ ਆਗੂਆਂ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।

    ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img