ਤਰਨ ਤਾਰਨ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਜਿਲਾ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਤਿੰਮੋਵਾਲ ਵਿਚ ਲਡੂ ਵੰਡ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਟੋਕੀਓ ਜਪਾਨ ਵਿਚ ਉਲੰਪਿਕ ਖੇਡਾਂ ਦੌਰਾਨ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਵਿਚ ਭਾਰਤੀ ਟੀਮ ਵੱਲੋਂ ਆਪਣੇ ਖੇਡੇ ਗਏ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੂੰ ਸਖਤ ਮੁਕਾਬਲੇ ਵਿਚ 2 ਦੇ ਮੁਕਾਬਲੇ ਵਿਚ 3 ਗੋਲਾਂ ਨਾਲ ਹਰਾਇਆ । ਜਿਸ ਵਿਚ ਪਿੰਡ ਤਿੰਮੋਵਾਲ ਦੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ 2 ਗੋਲ ਕਰਕੇ ਆਪਣੇ ਪਿੰਡ ਦਾ ਨਾਮ ਚਮਕਾਇਆ ਹੈ। ਅੱਜ ਸਵੇਰੇ ਜਿਉਂ ਹੀ ਹਾਕੀ ਦੇ ਮੈਚ ਦਾ ਸਿਧਾ ਪ੍ਰਸਾਰਣ ਸ਼ੁਰੂ ਹੋਇਆਂ ਤਾਂ ਇਸ ਇਲਾਕੇ ਦੇ ਲੋਕ ਟੀ ਵੀ ਅੱਗੇ ਬੈਠ ਕੇ ਮੈਚ ਵੇਖ ਰਹੇ ਸਨ। ਜਿਉਂ ਹੀ ਭਾਰਤੀ ਹਾਕੀ ਟੀਮ ਦੀ ਜਿਤ ਵਿਚ ਆਪਣੇ ਪਿੰਡ ਤਿੰਮੋਵਾਲ ਦੇ ਹਰਮਨਪ੍ਰੀਤ ਸਿੰਘ ਵੱਲੋਂ ਭਾਰਤੀ ਹਾਕੀ ਟੀਮ ਦੀ ਜਿਤ ਵਿਚ ਪਾਏ ਯੋਗਦਾਨ ਦਾ ਪਿੰਡ ਵਾਲੀਆ ਨੂੰ ਪਤਾ ਲਗਾ ਤਾਂ ਪਿੰਡ ਤਿੰਮੋਵਾਲ ਦੇ ਲੋਕਾਂ ਨੇ ਖੁਸੀਆਂ ਮਨਾਉਂਦਿਆਂ ਲਡੂ ਵੰਡੇ ਅਤੇ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਪਹਿਲਵਾਨ ਸਾਬਕਾ ਡਰੈਕਟਰ ਮਾਰਕੀਟ ਕਮੇਟੀ ਗਹਿਰੀ ਜੰਡਿਆਲਾ ਨੂੰ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਪਿੰਡ ਤਿੰਮੋਵਾਲ ਵਿਖੇ ਪਹੁੰਚਣੇ ਸ਼ੁਰੂ ਹੋ ਗਏ।
ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਤਿੰਮੋਵਾਲ ਨੂੰ ਬਹੁਤ ਫਖਰ ਹੈ ਕਿ ਇਕ ਸਧਾਰਣ ਕਿਸਾਨ ਪ੍ਪਰਿਵਾਰ ਵਿਚ ਮਾਤਾ ਰਜਵਿੰਦਰ ਕੌਰ ਅਤੇ ਪਿਤਾ ਸਰਬਜੀਤ ਸਿੰਘ ਦੇ ਘਰ 6-1-1996 ਨੂੰ ਜਨਮੇ ਹਰਮਨਪ੍ਰੀਤ ਸਿੰਘ ਨੇ ਮੁਢਲੀ ਵਿਦਿਆ ਪਿੰਡ ਦੇ ਹੀ ਸਕੂਲ ਵਿਚ ਸ਼ੁਰੂ ਕੀਤੀ ਤੀਸਰੀ ਕਲਾਸ ਤੋਂ ਹੀ ਸੇਂਟ ਸੋਲਜ਼ਰ ਜੰਡਿਆਲਾ ਗੁਰੂ ਵਿਚ ਪੜਾਈ ਦੇ ਨਾਲ ਖੇਡਾਂ ਵਿਚ ਰੁਝਾਨ ਹੋਣ ਕਾਰਣ ਮੁਢਲੇ ਤੌਰ ਤੇ ਜੋਗਿੰਦਰ ਸਿੰਘ ਢਿਲੋਂ ਵਾਸੀ ਧਾਰੜ ਤੋਂ ਕੋਚਿੰਗ ਹਾਸਲ ਕੀਤੀ। ਸੰਨ 2006 ਵਿਚ ਕਰਮ ਸਿੰਘ ਹਾਕੀ ਅਕੈਡਮੀ ਸੰਨ 2008 ਵਿਚ ਪੀ ਏ ਯੂ ਲੁਧਿਆਣੇ ਵਿਚ ਪ੍ਰੈਕਟਸ ਕਰਦਾ ਰਿਹਾ। ਯੂਨੀਅਰ ਟੀਮ ਵਿਚ ਸ਼ਾਮਲ ਹੋ ਕੇ ਉਸ ਨੇ 2014 ਮਲੇਸ਼ੀਆ ਵਿਚ ਸੁਲਤਾਨ ਜੌਹਰ ਕੱਪ ਜਿਤਿਆ ਅਤੇ ਸਭ ਤੋਂ ਉਤਮ ਖਿਡਾਰੀ ਦਾ ਖਿਤਾਬ ਵੀ ਮਿਲਿਆ। ਸੰਨ 2016 ਵਿਚ ਬ੍ਰਾਜ਼ੀਲ ਰੀਓ ਉਲੰਪਿਕ ਯੁਨੀਅਰ ਵਰਲਡ ਕੱਪ ਜਿਤਿਆ। ਹੁਣ ਉਹ ਦੂਸਰੀ ਵਾਰ ਟੋਕੀਓ ਜਪਾਨ ਵਿਚ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਵਿਚ ਨਿਊਜ਼ੀਲੈਂਡ ਨਾਲ 2 ਦੇ ਮੁਕਾਬਲੇ 3 ਗੋਲਾਂ ਨਾਲ ਹਰਾਉਣ ਲਈ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ ਹਨ।
ਇੱਥੇ ਦਸਣਯੋਗ ਹੈ ਕਿ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਦੇ ਚਾਚਾ ਤੇਜਿੰਦਰ ਸਿੰਘ ਢਿਲੋਂ ਚੀਨ ਵਿਚ 2008 ਨੂੰ ਉਲੰਪਿਕ ਗੋਲਡ ਮੈਡਲ ਜਿਤਣ ਵਾਲੇ ਅਭਿਨਵ ਬਿੰਦਰਾ ਦੇ ਕੋਚ ਸਨ, ਅਤੇ ਪਿਤਾ ਸਰਬਜੀਤ ਸਿੰਘ ਪਹਿਲਵਾਨ ਇਲਾਕੇ ਵਿਚ ਕਬੱਡੀ ਦੇ ਮੰਨੇ ਪ੍ਰਮੰਨੇ ਖਿਡਾਰੀ ਰਹੇ ਹਨ। ਪਿੰਡ ਦੀ ਸਰਪੰਚ ਦੇ ਪਤੀ ਸਰਬਜੀਤ ਸਿੰਘ , ਜਗਤਰ ਸਿੰਘ ਸ਼ਾਹ , ਲਖਵਿੰਦਰ ਸਿੰਘ ਜੀਓਯ,ਵਿਪਨਪਾਲ ਸਿੰਘ, ਡਾਕਟਰ ਬਗੀਚਾ ਸਿੰਘ ,ਪ੍ਰੋਫੈਸਰ ਸਰਿੰਦਰ ਸਿੰਘ ,ਭਰਾ ਕੋਮਲਪ੍ਰੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਤਿੰਮੋਵਾਲ ਵਿਚ ਖੇਡ ਸਟੇਡੀਅਮ ਅਤੇ ਹਾਕੀ ਟਰੱਫ ਬਣਾਇਆ ਜਾਵੇ ਤਾਂ ਕਿ ਪਿੰਡ ਤਿੰਮੋਵਾਲ ਅਤੇ ਇਲਾਕੇ ਦੇ ਨੌਜਵਾਨ ਵੀ ਇਸੇ ਤਰਾਂ ਖੇਡਾਂ ਵਿਚ ਆਪਣਾ ਇਸ ਇਲਾਕੇ ਦਾ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।ਅਸੀਂ ਆਸ ਕਰਦੇ ਹਾਂ ਕਿ ਭਾਰਤੀ ਹਾਕੀ ਟੀਮ ਵਰਲਡ ਕੱਪ ਜਿਤੇ ਗੋਲਡ ਮੈਡਲ ਹਾਸਲ ਕਰਕੇ ਹੀ ਆਪਣੇ ਦੇਸ਼ ਪਰਤੇ ਉਹਨਾਂ ਦੇ ਵਾਪਸ ਪਰਤਣ ਤੇ ਹਰਮਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।