ਨਹਿਰੀ ਕਾਲੋਨੀ ‘ਚ ਬਣੇ ਦਫਤਰ ਵਿੱਚ ਚੋਰੀਆਂ ਦੀ ਭਰਮਾਰ, ਵਿਭਾਗ ਕੁੰਭਕਰਨੀ ਨੀਂਦ ਸੁੱਤਾ
ਅੰਮ੍ਰਿਤਸਰ, 8 ਦਸੰਬਰ (ਰੰਧਾਵਾ) – ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਵਿਕ ਚੁੱਕੇ ਪੁਰਾਣੇ ਨਹਿਰੀ ਦਫਤਰ ਨੂੰ ਖਾਲੀ ਕਰਕੇ ਨਹਿਰੀ ਕਾਲੋਨੀ ਦੇ ਕੁਆਰਟਰਾਂ ਵਿੱਚ ਬਣੇ ਸਰਕਾਰੀ ਦਫਤਰਾਂ ‘ਚ ਆਏ ਦਿਨ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ,ਪ੍ਰੰਤੂ ਨਹਿਰੀ ਵਿਭਾਗ ਦੇ ਉਚ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਨਿੱਤ ਦਿਨ ਸਰਕਾਰੀ ਕੀਮਤੀ ਸਮਾਨ ਦੀਆਂ ਹੋ ਰਹੀਆਂ ਚੋਰੀਆਂ ਨੂੰ ਰੋਕਣ ਦਾ ਇਹਨਾਂ ਅਧਿਕਾਰੀਆਂ ਵੱਲੋ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਜਾ ਰਿਹਾ।ਕੁੱਝ ਯੂਨੀਅਨ ਆਗੂਆਂ ਨੇ ਦੱਸਿਆ ਕਿ ਨਹਿਰੀ ਦਫਤਰ ਵਿਕਣ ਉਪਰੰਤ ਨਹਿਰੀ ਮਹਿਕਮੇ ਕੋਲ ਆਪਣਾ ਕੋਈ ਦਫਤਰ ਨਹੀਂ ਹੈ ਅਤੇ ਆਰਜੀ ਤੌਰ ਤੇ ਮਹਿਕਮੇ ਵੱਲੋ ਰਿਹਾਇਸ਼ੀ ਨਹਿਰੀ ਕਾਲੋਨੀ ਦੇ ਕੰਡਮ ਕੁਆਰਟਰਾਂ ਵਿੱਚ ਦਫਤਰ ਤਬਦੀਲ ਕੀਤਾ ਹੋਇਆ ਹੈ। ਤੇ ਹੁਣ ਮਹਿਕਮੇ ਦੇ ਹਲਾਤ ਬਦ ਤੋਂ ਬਦਤਰ ਬਣੇ ਹੋਏ ਹਨ।ਨਾ ਤਾਂ ਮਹਿਕਮੇ ਕੋਲ ਆਪਣਾ ਕੋਈ ਦਫਤਰ ਹੈ ਅਤੇ ਨਾ ਹੀ ਕੁਆਰਟਰਾਂ ਵਿੱਚ ਬਣੇ ਹੋਏ ਦਫਤਰਾਂ ਲਈ ਚੌਕੀਦਾਰ ਪੂਰੇ ਹਨ।ਦਸ ਦੇਈਏ ਕਿ ਇਸੇ ਨਹਿਰੀ ਕਾਲੋਨੀ ਵਿੱਚ ਹੈੱਡ ਕੁਆਰਟਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਖਾਲੀ ਪਏ ਕੁਆਰਟਰਾਂ ਦੀ ਦੇਖਭਾਲ ਨਾ ਹੋਣ ਕਰਕੇ ਅਨੇਕਾਂ ਕੁਆਰਟਰ ਢਹਿ ਢੇਰੀ ਹੋ ਰਹੇ ਹਨ।
ਅਤੇ ਚੋਰਾਂ ਵੱਲੋ ਬੂਹੇ ਬਾਰੀਆਂ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਜਾ ਰਿਹਾ ਹੈ।ਜਿਸ ਨਾਲ ਸਰਕਾਰ ਦੇ ਕਰੋੜਾਂ ਰੁਪਏ ਦਾ ਇਹਨਾਂ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਨੁਕਸਾਨ ਹੋ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਪ ਮੰਡਲ ਛੇਹਰਟਾ ਦੇ ਦਫਤਰ ਵਿਚੋਂ ਚੋਰ ਵੱਲੋ ਬੜੀ ਦਲੇਰੀ ਨਾਲ ਕੰਪਲੀਟ ਕੰਪਿਊਟਰ ਸੈਟ ਚੋਰੀ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ ਕਈ ਹੋਰ ਚੋਰੀਆਂ ਅਤੇ ਬੀਤੇ ਰਾਤ ਇਸੇ ਹੀ ਦਫਤਰ ਦੇ ਨਾਲ ਲਗਦੇ ਜਿਲ੍ਹੇਦਾਰੀ ਦਫਤਰ ਖਾਲੜਾ ਅੰਮ੍ਰਿਤਸਰ ਵਿੱਚੋ ਚੋਰ ਵੱਲੋ ਦਫਤਰ ਦੇ ਤਾਲੇ ਤੋੜ ਕੇ ਸਮਾਨ ਚੋਰੀ ਕਰ ਲਿਆ ਗਿਆ ਹੈ।ਇਸੇ ਹੀ ਰਾਤ ਚੋਰ ਵੱਲੋ ਕਈ ਹੋਰ ਖਾਲੀ ਪਏ ਕੁਆਰਟਰਾਂ ਦੇ ਤਾਲੇ ਤੋੜੇ ਗਏ ਹਨ।ਇਸ ਸੰਬੰਧੀ ਆਪਣੇ ਦਫਤਰ ਵਿੱਚ ਹੋਈ ਚੋਰੀ ਦੀ ਜਾਣਕਾਰੀ ਦਿੰਦਿਆ ਵਰਿੰਦਰ ਕੁਮਾਰ ਜਿਲੇਦਾਰ ਨੇ ਦੱਸਿਆ ਕਿ ਜਿਹੜੇ ਦਫਤਰਾਂ ਵਿੱਚ ਚੋਰੀਆਂ ਹੋਈਆਂ ਹਨ ਇਹ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਦੀ ਰਿਹਾਇਸ਼ ਤੋਂ ਸਿਰਫ 100 ਫੁੱਟ ਦੀ ਦੂਰੀ ਤੇ ਹਨ।ਅਤੇ ਇਹ ਚੋਰ ਵੱਲੋ ਬੜੀ ਦਲੇਰੀ ਅਤੇ ਨਿਡਰ ਹੋ ਕੇ ਇਸ ਦੇ ਆਸ ਪਾਸ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਚੋਰ ਦੀ ਭਾਲ ਸੰਬੰਧੀ ਜਿਲ੍ਹੇਦਾਰੀ ਦਫਤਰ ਖਾਲੜਾ ਵੱਲੋ ਸੰਬੰਧਤ ਪੁਲਿਸ ਥਾਣਾ ਕੰਨਟੋਨਮੈਂਟ ਵਿਖੇ ਲਿਖਤੀ ਸਿਕਾਇਤ ਦਿੱਤੀ ਗਈ ਹੈ,ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਮਜੀਠਾ ਮੰਡਲ ਦੇ ਧਿਆਨ ਵਿੱਚ ਲਿਆ ਕੇ ਦਫਤਰ ਵਿੱਚ ਪੱਕੇ ਤੌਰ ਤੇ ਚੌਕੀਦਾਰ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਗਈ ਹੈ ।