ਐਬਟਸਫੋਰਡ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਦੇ ਵਾਸੀ ਜਸਪ੍ਰੀਤ ਸੰਧੂ ਦੀ ਕਿਸਮਤ ਬਦਲ ਗਈ ਹੈ, ਕਿਉਂਕਿ ਉਸ ਨੇ 10 ਲੱਖ ਡਾਲਰ (1 ਮਿਲੀਅਨ ਡਾਲਰ) ਦਾ ਡਰਾਅ ਜਿੱਤ ਲਿਆ ਹੈ। ਜਸਪ੍ਰੀਤ ਸੰਧੂ ਨੇ ਦੱਸਿਆ ਕਿ ਉਸ ਨੇ ਬੀਤੀ 15 ਜੂਨ ਨੂੰ ਚਿਲੀਵਾਕ ਦੇ ਰੀਅਲ ਕੈਨੇਡੀਅਨ ਸੁਪਰਸਟੋਰ ਤੋਂ ਲੋਟੋ ਮੈਕਸ ਡਰਾਅ ਦੌਰਾਨ ਮੈਕਸਮਿਲੀਅਨਜ਼ ਪ੍ਰਾਇਜ਼ ਦੀ ਟਿਕਟ ਖਰੀਦੀ ਸੀ। ਹਾਲ ਹੀ ਵਿੱਚ ਜਦੋਂ ਉਸ ਨੇ ਇਹ ਟਿਕਟ ਸਕੈਨ ਕਰਵਾਈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ 10 ਲੱਖ ਡਾਲਰ ਦੀ ਲਾਟਰੀ ਡਰਾਅ ਜਿੱਤ ਚੁੱਕਾ ਹੈ। ਜਸਪ੍ਰੀਤ ਸੰਧੂ ਬ੍ਰਿਟਿਸ਼ ਕੋਲੰਬੀਆ ਦੇ ਉਨ੍ਹਾਂ 8 ਖੁਸ਼ਕਿਸਮਤ ਲੋਕਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਰਿਕਾਰਡ-ਸੈਟਿੰਗ ਡਰਾਅ ਦੌਰਾਨ ਮੈਕਸਮਿਲੀਅਨਜ਼ ਪ੍ਰਾਇਜ਼ ਦਾ ਇਨਾਮ ਜਿੱਤਿਆ ਹੈ।
ਜਸਪ੍ਰੀਤ ਸੰਧੂ ਨੇ ਦੱਸਿਆ ਕਿ ਉਸ ਨੇ ਆਪਣੇ ਲਾਟਰੀ ਜਿੱਤਣ ਦੀ ਗੱਲ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਨੂੰ ਦੱਸੀ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਮਜ਼ਾਕ ਕ ਰਿਹਾ ਹੈ, ਪਰ ਜਦੋਂ ਉੁਨ੍ਹਾਂ ਨੂੰ ਯਕੀਨ ਹੋ ਗਿਆ ਤਾਂ ਉਨ੍ਹਾਂ ਨੇ ਜਸਪ੍ਰੀਤ ਨੂੰ ਘੁੱਟ ਕੇ ਜੱਫ਼ੀ ਪਾ ਲਈ ਤੇ ਵਧਾਈਆਂ ਦਿੱਤੀਆਂ। ਇਸ ’ਤੇ ਉਸ ਨੇ ਪਿਜ਼ਾ ਤੇ ਕੇਕ ਖੁਆ ਕੇ ਆਪਣੇ ਪਰਿਵਾਰ ਨਾਲ ਖੁਸ਼ੀ ਮਨਾਈ। ਜਸਪ੍ਰੀਤ ਸੰਧੂ ਨੇ ਲਾਟਰੀ ਰਾਹੀਂ ਮਿਲਣ ਵਾਲੀ ਰਾਸ਼ੀ ਬਾਰੇ ਕਿਹਾ ਕਿ ਉਹ ਇਸ ਰਕਮ ਰਾਹੀਂ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ ਲਈ ਇੱਕ ਮਕਾਨ ਖਰੀਦੇਗਾ। ਉਸ ਤੋਂ ਬਾਅਦ ਆਪਣੇ ਹੋਰ ਸੁਪਨੇ ਪੂਰੇ ਕਰੇਗਾ। ਸੰਧੂ ਨੇ ਕਿਹਾ ਕਿ ਇਸ ਡਰਾਅ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ।