ਐਕਸਾਈਜ਼ ਇੰਸਪੈਕਟਰ ਨਾਲ ਜ਼ਬਰਦਸਤੀ ਕਰ ਰਹੇ ਸ਼ਰਾਬੀ ਪੁਲਸੀਆਂ ਨੂੰ ਹਟਾਉਣ ਆਏ ਨੌਜਵਾਨ ਦਾ ਕਤਲ

7

ਬਟਾਲਾ ਦੇ ਨੇੜਲੇ ਪਿੰਡ ਭਗਵਾਨਪੁਰ ਦੇ ਨੌਜਵਾਨ ਕਬੱਡੀ ਖਿਡਾਰੀ ਦਾ ਸ਼ਰਾਬੀ ਪੁਲਸੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹਨਾਂ ਪੁਲਸੀਆਂ ਵਿਚੋਂ ਇਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਦਸਤੇ ਵਿਚ ਤੈਨਾਤ ਸੀ।

Italian Trulli

ਐਤਵਾਰ ਰਾਤ ਨੂੰ ਹੋਏ ਇਸ ਕਤਲ ਦੇ ਮਾਮਲੇ ‘ਚ ਪੁਲਸ ਨੇ ਪੰਜ ਪੁਲਸੀਆਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਟਾਲਾ ਦੇ ਐੱਸਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖਿਲਾਫ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਅੰਮ੍ਰਿਤਸਰ ਸਿਟੀ ਟਰੈਫਿਕ ਸਟਾਫ਼ ’ਚ ਤਾਇਨਾਤ ਏਐੱਸਆਈ ਰਣਜੀਤ ਸਿੰਘ ਤੇ ਬਲਜੀਤ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਤੇ ਬਲਕਾਰ ਸਿੰਘ, ਮੁੱਖ ਮੰਤਰੀ ਦੀ ਸੁਰੱਖਿਆ ਡਿਊਟੀ ’ਚ ਤਾਇਨਾਤ ਪੁਲੀਸ ਮੁਲਾਜ਼ਮ ਸੁਰਿੰਦਰ ਸਿੰਘ ਤੇ ਇਕ ਹੋਰ ਸਿਮਰਤ ਸਿੰਘ ਸ਼ਾਮਲ ਹਨ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਲੰਘੀ ਦੇਰ ਰਾਤ ਕਾਬੂ ਕਰਕੇ ਵਾਰਦਾਤ ਵਿੱਚ ਵਰਤਿਆ ਪਿਸਟਲ ਤੇ ਕਾਰ ਵੀ ਬਰਾਮਦ ਕਰ ਲਈ ਗਈ ਹੈ।

ਐਤਵਾਰ ਸ਼ਾਮ ਨੂੰ ਇਹ ਸਾਰੇ ਪੁਲਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਕਿਸੇ ਵਿਆਹ ਤੋਂ ਵਾਪਸ ਆ ਰਹੇ ਸੀ। ਰਾਹ ਵਿਚ ਓਵਰਟੇਕ ਕਰਦਿਆਂ ਇਹਨਾਂ ਦੀ ਐਕਸਾਈਜ਼ ਵਿਭਾਗ ਵਿਚ ਇੰਸਪੈਕਟਰ ਅਮਰਪ੍ਰੀਤ ਕੌਰ ਨਾਲ ਤਕਰਾਰ ਹੋ ਗਈ। ਇਹਨਾਂ ਪੁਲਸ ਮੁਲਾਜ਼ਮਾਂ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਅਮਰਪ੍ਰੀਤ ਕੌਰ ਦੀ ਕਾਰ ਪਿੱਛੇ ਕਾਰ ਲਾ ਲਈ ਗਈ। 15 ਮਿੰਟ ਕਾਰ ਪਿੱਛੇ ਭਜਾਉਣ ਮਗਰੋਂ ਇਹਨਾਂ ਨੇ ਅਮਰਪ੍ਰੀਤ ਕੌਰ ਨੂੰ ਘੇਰ ਲਿਆ। ਸ਼ਰਾਬੀ ਪੁਲਸੀਆਂ ਦੀ ਧੱਕੇਸ਼ਾਹੀ ਦੇ ਚਲਦਿਆਂ ਅਮਰਪ੍ਰੀਤ ਕੌਰ ਨੇ ਆਪਣੇ ਪਤੀ ਅਤੇ ਦਿਓਰ ਗੁਰਮੇਜ ਸਿੰਘ ਨੂੰ ਮੌਕੇ ‘ਤੇ ਬੁਲਾ ਲਿਆ। ਬਹਿਸ ਬਾਜ਼ੀ ਦੌਰਾਨ ਨਸ਼ੇ ਵਿਚ ਟੱਲੀ ਪੁਲਸ ਮੁਲਾਜ਼ਮਾਂ ਨੇ 28 ਸਾਲਾ ਗੁਰਮੇਜ਼ ਸਿੰਘ ਦੇ ਦੋ ਗੋਲੀਆਂ ਮਾਰ ਦਿੱਤੀਆਂ, ਜਿਸ ਕਰਕੇ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਬੱਡੀ ਖਿਡਾਰੀ ਸੀ ਅਤੇ ਇਸਦੇ ਪਿਤਾ ਅਮਰੀਕ ਸਿੰਘ ਪਿੰਡ ਦੇ ਸਾਬਕਾ ਸਰਪੰਚ ਹਨ।

ਅੰਮ੍ਰਿਤਸਰ ਟਾਇਮਸ ਤੋਂ ਧੰਨਵਾਦ ਸਹਿਤ