ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਟਾਹੋ ਝੀਲ ਦੇ ਦੱਖਣ ਵਿਚ ਉੱਤਰੀ ਕੈਲੀਫੋਰਨੀਆ ਦੇ ਜੰਗਲ ਨੂੰ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਇਕ ਪਹਾੜੀ ਕਸਬਾ ਖਾਲੀ ਕਰਵਾਉਣਾ ਪਿਆ ਹੈ ਤੇ ਹਜਾਰਾਂ ਲੋਕਾਂ ਨੂੰ ਖੇਤਰ ਵਿਚੋਂ ਨਿਕਲਣ ਲਈ ਮਜਬੂਰ ਹੋਣਾ ਪਿਆ ਹੈ। ਸੀਰਾ ਨਵਾਡਾ ਵਿਚੋਂ ਨਿਕਲਣ ਵਾਲੀ ਪ੍ਰਸਿੱਧ ਬਾਈਕ ਦੌੜ ਵੀ ਰੱਦ ਕਰ ਦਿੱਤੀ ਗਈ ਜਿਸ ਕਾਰਨ ਇਸ ਬਾਈਕ ਦੌੜ ਮੁਕਾਬਲੇ ਨੂੰ ਵੇਖਣ ਆਏ ਤੇ ਮੁਕਾਬਲੇ ਵਿਚ ਹਿੱਸਾ ਲੈਣ ਆਏ ਹਜਾਰਾਂ ਬਾਈਕ ਸਵਾਰ ਖੇਤਰ ਵਿਚੋਂ ਨਿਕਲ ਗਏ। ਐਲਪਾਈਨ ਕਾਊਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਟਮਾਰੈਕ ਦੇ 500 ਏਕੜ ਜੰਗਲੀ ਖੇਤਰ ਨੂੰ ਲੱਗੀ ਅੱਗ 6600 ਏਕੜ ਤੋਂ ਵਧ ਰਕਬੇ ਵਿਚ ਫੈਲ ਗਈ ਜਿਸ ਕਾਰਨ ਖੇਤਰ ਵਿਚਲੇ ਬਹੁ-ਰਾਸ਼ਟਰੀ ਮਾਰਗ ਬੰਦ ਕਰ ਦਿੱਤੇ ਗਏ। ਅੱਗ ਮਾਰਕਲੀਵਿਲੇ ਤੇ ਪਲੀਜੈਂਟ ਵਾਦੀ ਨੇੜੇ ਲੱਗੀ ਹੈ ਜਿਸ ਕਾਰਨ ਖੇਤਰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।