More

    ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਪੁਲਿਸ ਹੈਡਕੁਆਰਟਰ ਦੀ ਕੀਤੀ ਅਚਨਚੇਤ ਚੈਕਿੰਗ

    ਗੈਰਹਾਜ਼ਰ ਕਰਮੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ

    ਚੰਡੀਗੜ੍ਹ, 2 ਅਕਤੂਬਰ (ਬੁਲੰਦ ਆਵਾਜ ਬਿਊਰੋ) – ਕੁਝ ਸੁਆਰਥੀ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਵਿੱਚ ਅਤੇ ਇਸ ਤੋਂ ਬਾਹਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖਿਲਾਫ ਚਿਤਾਵਨੀ ਦਿੰਦੇ ਹੋਏ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਸੂਬੇ ਦੇ ਲੋਕਾਂ ਦਰਮਿਆਨ ਬੇਲੋੜਾ ਡਰ ਅਤੇ ਅਸਰੁੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਸੂਬੇ ਵਿੱਚ ਸਰਕਾਰ ਬਦਲਣ ਮਗਰੋਂ ਪਾਕਿਸਤਾਨ ਤੋਂ ਦਰਪੇਸ਼ ਖਤਰੇ ਸਬੰਧੀ ਬਖੇੜਾ ਖੜ੍ਹਾ ਕਰਨ ਵਾਲੇ ਸਮੂਹ ਆਲੋਚਕਾਂ ਨੂੰ ਉਨ੍ਹਾਂ ਕਿਹਾ, ”ਚਿੰਤਾ ਨਾ ਕਰੋ, ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ।

    ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਇਥੇ ਸੈਕਟਰ-9 ਸਥਿਤ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਿਖੇ ਸਵੇਰੇ 9 ਵਜੇ ਅਚਨਚੇਤ ਚੈਕਿੰਗ ਕਰਨ ਉਪਰੰਤ ਕੁਝ ਮੀਡੀਆਂ ਕਰਮੀਆਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਕਾਰਜਕਾਰੀ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ, ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਗੌਰਵ ਯਾਦਵ, ਏ.ਡੀ.ਜੀ.ਪੀ. ਪ੍ਰੋਵੀਜ਼ਨਿੰਗ ਨਰੇਸ਼ ਅਰੋੜਾ ਅਤੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਵੀ ਨਾਲ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬਾ/ਜ਼ਿਲਾ/ਤਹਿਸੀਲ/ਬਲਾਕ ਪੱਧਰ ਉਤੇ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੋਂ ਆਪੋ-ਆਪਣੇ ਦਫਤਰਾਂ ਵਿੱਚ ਪਹੁੰਚਣ ਅਤੇ ਦਫਤਰੀ ਸਮੇਂ ਤੱਕ ਆਪਣੇ ਦਫਤਰ ਵਿੱਚ ਮੌਜੂਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਨਿਰਵਿਘਨ ਤੇ ਸੌਖਾਲੀਆ ਦਿੱਤੀਆਂ ਜਾਣ।

    ਉਪ ਮੁੱਖ ਮੰਤਰੀ ਨੇ ਅੱਜ ਪੰਜਾਬ ਪੁਲਿਸ ਹੈਡਕੁਆਰਟਰ ‘ਤੇ ਗੈਰਹਾਜ਼ਰ ਰਹਿਣ ਵਾਲੇ ਪੁਲਿਸ ਕਰਮੀਆਂ ਨੂੰ ਇਕ ਵਾਰ ਛੱਡਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਚੈਕਿੰਗ ਦਾ ਮਕਸਦ ਲੋਕਾਂ ਨੂੰ ਬਿਹਤਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਗਰਿਕ ਪੱਖੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਸਮੇਂ ਸਿਰ ਆਉਣ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਇਹ ਯਕੀਨੀ ਬਣਾਉਣ ਕਿ ਪੁਲਿਸ ਥਾਣਿਆਂ ਵਿੱਚ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।
    ਸ. ਰੰਧਾਵਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਲੋਕਾਂ ਦੀ ਹਿੱਸੇਦਾਰੀ ਖਾਸ ਕਰਕੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਉਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਉਪ ਮੁੱਖ ਮੰਤਰੀ ਨੇ ਇਹ ਵਿਸ਼ਵਾਸ ਦਿਵਾਇਆ ਕਿ ਸਾਰੇ ਪੁਲਿਸ ਅਮਲੇ ਦੀਆਂ ਤਰੱਕੀਆਂ ਸਮੇਂ ਸਿਰ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 10,000 ਪੁਲਿਸ ਕਰਮੀਆਂ ਦੀ ਭਰਤੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਪੁਲਿਸ ਵਿੱਚ ਖੇਡ ਕੋਟੇ ਦੀਆਂ ਅਸਮੀਆਂ ਸਮਾਂ ਰਹਿੰਦਿਆਂ ਭਰਨ ਉਤੇ ਵੀ ਜ਼ੋਰ ਦਿੱਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img