ਉਚੀਆਂ ਪੜ੍ਹਾਈਆਂ ਦੇ ਬਾਵਜੂਦ ਇੱਕੋ ਪਰਿਵਾਰ ਦੇ ਤਿੰਨ ਜੀਅ ਕਰ ਰਹੇ ਹਨ ਖੇਤਾਂ ‘ਚ ਝੌਨਾ ਲਗਾਉਣ ਦਾ ਕੰਮ

128

ਬਰਨਾਲਾ, 24 ਜੂਨ (ਬੁਲੰਦ ਆਵਾਜ ਬਿਊਰੋ) – ਪੰਜਾਬ ਦੀ ਕਾਂਗਰਸ ਸਰਕਾਰ ਦੀ ਘਰ ਘਰ ਨੌਕਰੀ ਮੁਹਿੰਮ ਦੀ ਲਗਾਤਾਰ ਪੋਲ ਖੁੱਲ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਉਚ ਪੜਾਈਆਂ ਕਰ ਚੁੱਕੇ ਨੌਜਵਾਨ ਨੌਕਰੀਆਂ ਨਾ ਮਿਲਣ ਕਾਰਨ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਬਰਨਾਲਾ ਜ਼ਿਲੇ ਦੇ ਪਿੰਡ ਹਮੀਦੀ ਦਾ ਵੀ ਹੈ। ਜਿੱਥੇ ਇੱਕੋ ਪਰਿਵਾਰ ਦੇ ਪੜੇ ਲਿਖੇ ਤਿੰਨ ਮੈਂਬਰ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ। ਪਰਿਵਾਰ ਵਿੱਚ ਸਰਬਜੀਤ ਕੌਰ ਈਟੀਟੀ/ਐਨਟੀਟੀ ਪਾਸ ਠੇਕਾ ਆਧਾਰਤ ਅਧਿਆਪਕਾ, ਮੈਕੈਨੀਕਲ ਇੰਜਨੀਅਰਿੰਗ ਕਰ ਰਿਹਾ ਉਸਦਾ ਪੁੱਤਰ ਹਰਮਨ ਸਿੰਘ ਅਤੇ ਸਰਬਜੀਤ ਦਾ ਐਮਏ ਪਾਸ ਭਤੀਜਾ ਗੁਰਪ੍ਰੀਤ ਸਿੰਘ ਝੋਨਾ ਲਗਾ ਕੇ ਮਜ਼ਦੂਰੀ ਕਰ ਰਿਹਾ ਹੈ। ਸਰਬਜੀਤ ਦਾ ਕਹਿਣਾ ਹੈ ਕਿ ਉਹ 2003 ਵਿੱਚ ਕਾਂਗਰਸ ਸਰਕਾਰ ਸਮੇਂ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਈਜੀਐਸ ਸੈਂਟਰਾਂ ਵਿੱਚ ਕੰਮ ਕੀਤਾ। ਜਿਸਤੋਂ ਬਾਅਦ ਈਟੀਟੀ ਅਤੇ ਐਨਟੀਟੀ ਪਾਸ ਅਤੇ ਲਗਾਤਾਰ ਨੌਕਰੀ ਲਈ ਸੰਘਰਸ਼ ਕੀਤਾ। ਹੁਣ ਉਸਨੂੰ ਸਿਰਫ਼ 6 ਹਜ਼ਾਰ ਤਨਖ਼ਾਹ ਸਰਕਾਰ ਤੋਂ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਕਰਕੇ ਉਹ ਘਰ ਦਾ ਗੁੁਜ਼ਾਰਾ ਕਰਨ ਲਈ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੈ।

Italian Trulli

ਉਥੇ ਗੁਰਪ੍ਰੀਤ ਅਤੇ ਹਰਮਨ ਨੇ ਕਿਹਾ ਕਿ ਉਹਨਾਂ ਨੇ ਨੌਕਰੀ ਲਈ ਕਈ ਥਾਵਾਂ ’ਤੇ ਅਪਲਾਈ ਕੀਤਾ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ। ਘਰ ਦਾ ਗੁਜ਼ਾਰਾ ਕਰਨ ਲਈ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਸਰਕਾਰ ਸਿਰਫ਼ ਆਪਣੇ ਕਰੋੜਾਂਪਤੀ ਵਿਧਾਇਕਾਂ ਨੂੰ ਨੌਕਰੀ ਦੇ ਰਹੀ ਹੈ। ਆਮ ਲੋਕਾਂ ਲਈ ਸਰਕਾਰ ਕੋਲ ਕੋਈ ਨੌਕਰੀ ਨਹੀਂ ਹੈ। ਇਸ ਮੌਕੇ ਸਰਬਜੀਤ ਕੌਰ ਨੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ 2003 ਵਿੱਚ ਕਾਂਗਰਸ ਸਮੇਂ ਈਜੀਐਸ ਸੈਂਟਰ ਖੋਲੇ ਗਏ ਸਨ ਅਤੇ ਉਹਨਾਂ ਨੇ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਨੌਕਰੀ ਕੀਤੀ। ਇਸ ਉਪਰੰਤ ਅਕਾਲੀ ਸਰਕਾਰ ਆਉਣ ’ਤੇ ਈਜੀਐਸ ਸੈਂਟਰ ਬੰਦ ਕਰ ਦਿੱਤੇ। ਜਿਸਤੋਂ ਬਾਅਦ ਉਸਨੇ ਈਟੀਟੀ/ਐਨਟੀਟੀ ਪਾਸ ਕੀਤੀ। ਜਿਸਤੋਂ ਬਾਅਦ ਸੰਘਰਸ਼ ਕਰਕੇ ਉਹਨਾਂ ਨੇ ਨੌਕਰੀ ਲਈ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸਿਰਫ਼ 5 ਹਜ਼ਾਰ ਤਨਖ਼ਾਹ ’ਤੇ ਨੌਕਰੀ ਕੀਤੀ। ਇਸ ਉਪਰੰਤ ਉਹਨਾਂ ਦੀ ਤਨਖ਼ਾਹ 6 ਹਜ਼ਾਰ ਕਰ ਦਿੱਤੀ।

ਪਰ 6 ਹਜ਼ਾਰ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਉਹਨਾਂ ਦੱਸਿਆ ਕਿ ਉਸਦਾ ਪੁੱਤਰ, ਭਤੀਜਾ ਅਤੇ ਹੋਰ ਉਸਦੇ ਪਰਿਵਾਰਕ ਮੈਂਬਰ ਪੜੇ ਲਿਖੇ ਹਨ, ਪਰ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਜਿਸ ਕਰਕੇ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਝੋਨੇ ਦੇ ਖੇਤਾਂ ਵਿੱਚ ਮਜਦੂਰੀ ਕਰਨੀ ਪਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਨਵੀਆਂ 8393 ਪੋਸਟਾਂ ਨਿਕਲੀਆਂ ਹਨ, ਉਸ ਵਿੱਚ ਨੌਕਰੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਉਹਨਾਂ ਦੇ ਬੱਚਿਆ ਨੂੰ ਵੱਡੀਆਂ ਪੜਾਈਆਂ ਕਰਨ ਦੇ ਬਾਵਜੂਦ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਸਰਕਾਰ ਆਪਣੇ ਕਰੋੜਾਂਪਤੀ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇ ਰਹੀ ਹੈ। ਜਿਸ ਕਰਕੇ ਉਹਨਾਂ ਵਲੋਂ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਸਬੰਧੀ ਸਰਬਜੀਤ ਦੇ ਪੁੱਤਰ ਹਰਮਨ ਅਤੇ ਭਤੀਜੇ ਨੇ ਕਿਹਾ ਕਿ ਉਹਨਾਂ ਵਲੋਂ ਆਪਣੀ ਪੜਾਈ ਦੇ ਆਧਾਰ ’ਤੇ ਕਈ ਥਾਵਾਂ ’ਤੇ ਨੌਕਰੀ ਲੈਣ ਲਈ ਅਪਲਲਾਈ ਕੀਤਾ ਗਿਆ। ਪਰ ਉਹਨਾਂ ਨੂੰ ਕਿਤੇ ਵੀ ਰੁਜ਼ਗਾਰ ਨਹੀਂ ਮਿਲਿਆ। ਜਿਸ ਕਰਕੇ ਘਰ ਦੇ ਖ਼ਰਚਿਆਂ ਲਈ ਉਹਨਾਂ ਨੂੰ ਝੋਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਸਰਕਾਰ ਘਰ ਘਰ ਰੁਜ਼ਗਾਰ ਦੇਣ ਵਿੱਚ ਫੇਲ ਸਾਬਤ ਹੋਈ ਹੈ।