ਈ-ਸੰਜੀਵਨੀ, ਟੈਲੀਮੈਡੀਸਨ ਓ. ਪੀ. ਡੀ. ਪ੍ਰਣਾਲੀ ਰਾਹੀਂ ਮਰੀਜ਼ਾਂ ਨੂੰ ਘਰ ਬੈਠੇ ਹੀ ਮਿਲ ਰਹੀ ਡਾਕਟਰੀ ਸਲਾਹ

9

ਅੰਮ੍ਰਿਤਸਰ 21 ਅਗਸਤ: (ਰਛਪਾਲ ਸਿੰਘ) – ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਰਾਜ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਨਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੀ-ਡੈਕ ਮੋਹਾਲੀ ਵੱਲੋਂ ਵਿਕਸਿਤ ਏਕੀਕ੍ਰਤ ਟੈਲੀਮੈਡੀਸਨਲ ਸਲਿਊਸ਼ਨ, ਈ-ਸੰਜੀਵਨੀ-ਆਨਲਾਈਨ ਓ. ਪੀ. ਡੀ. (ਡਾਕਟਰ ਤੋਂ ਮਰੀਜ਼ ਤੱਕ) ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਉਪਰਾਲਾ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਸਿਹਤ ਸੇਵਾਵਾਂ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ. ਪੀ. ਡੀ ਦੀਆਂ ਸੇਵਾਵਾਂ ਲੈਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨਾਂ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਕਮਿਊਨਟੀ ਹੈਲਥ ਅਫਸਰ ਟੈਲੀਮੈਡਸੀਨ ਸੇਵਾਵਾਂ ਰਾਹੀਂ ਲੋਕਾਂ ਨੂੰ ਆੱਨਲਾਈਨ ਓ. ਪੀ. ਡੀ. ਅਤੇ ਮਾਹਰ ਡਾਕਟਰਾਂ ਨਾਲ ਰੂਬਰੂ ਹੋਣ ਵਿੱਚ ਮੱਦਦ ਕਰਦੇ ਹਨ। ਇਸ ਦੁਆਰਾ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਤੋਂ ਇਲਾਵਾ ਇਸ ਸੇਵਾ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਸਰੋਤਾਂ ਦੀ ਘਾਟ ਨਾਲ ਸਬੰਧਤ ਮੁੱਦਿਆਂ ਨੂੰ ਕੁਝ ਹੱਦ ਤੱਕ ਹੱਲ ਕਰਨ ਵਿੱਚ ਸਹਾਈ ਹੋਵੇਗੀ।

Italian Trulli

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੈਲੀਮੈਡੀਸਨ ਦਾ ਉਦੇਸ਼ ਸ਼ਹਿਰੀ ਤੇ ਪੇਂਡੂ ਅਤੇ ਅਮੀਰ ਬਨਾਮ ਗਰੀਬਾਂ ਵਿੱਚਕਾਰ ਮੌਜੂਦ ਡਿਜ਼ੀਟਲ ਵੰਡ ਨੂੰ ਪੂਰਾ ਕਰਦਿਆਂ ਸਿਹਤ ਸੇਵਾਵਾਂ ਨੂੰ ਬਰਾਬਰ ਬਨਾਉਣਾ ਹੈ। ਟੈਲੀਮੈਡੀਸਨ ਰਾਹੀਂ ਮਰੀਜ਼ਾਂ ਦੀ ਰਜਿਸਟਰੇਸ਼ਨ, ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਤ ਡਾਕਟਰ ਨਾਲ ਆਡੀਓ ਵੀਡੀਓ ਮਸ਼ਵਰਾ ਅਤੇ ਰਾਜ ਦੇ ਡਾਕਟਰਾਂ ਦੁਆਰਾ ਸੇਵਾਵਾਂ ਪੂਰੀ ਤਰਾਂ ਮੁਫ਼ਤ ਹਨ। ਉਨਾਂ ਨੇ ਅੱਗੇ ਕਿਹਾ ਕਿ ਇਹ ਤਕਨੀਕ ਕੋਵਿਡ-19 ਮਹਾਂਮਾਰੀ ਦਰਮਿਆਨ ਡਾਕਟਰੀ ਸਲਾਹ ਅਤੇ ਇਲਾਜ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰ ਰਹੀ ਹੈ। ਉਨਾਂ ਕਿਹਾ ਕਿ ਮਰੀਜ਼ ਸੀ-ਡੈਕ ਦੀ ਸਾਈਟ ‘ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਨ ਉਪਰੰਤ ਆੱਨਲਾਈਨ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ। ਟੈਲੀਮੈਡੀਸਨ ਦੀਆਂ ਮੁਫ਼ਤ ਮੈਡੀਕਲ ਸੇਵਾਵਾਂ ਸਿਹਤ ਤੇ ਤੰਦਰੁਸਤੀ ਕੇਂਦਰਾਂ ‘ਤੇ ਸੋਮਵਾਰ ਤੋ ਸ਼ਨੀਵਾਰ ਤੱਕ ਸਵੇਰੇ 08 ਵਜੇ ਤੋ ਦੁਪਿਹਰ 2 ਵਜੇ ਤੱਕ ਉਪਲਬਧ ਹੈ।