More

  ਇਸ਼ਤਿਆਕ ਅਹਿਮਦ ਦੀ ਪੁਸਤਕ “ਲਹੂ ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ – 1947 ਦੀ ਤਰਾਸਦੀ”

  “ਲਹੂ ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ – 1947 ਦੀ ਤ੍ਰਾਸਦੀ : ਗੁਪਤ ਬਰਤਾਨਵੀ ਰਿਪੋਰਟਾਂ ’ਤੇ ਅਧਾਰਤ, ਮੌਕੇ ਦੇ ਗਵਾਹਾਂ ਦੀ ਜੁਬਾਨੀ” 670 ਸਫ਼ਿਆਂ ਦੀ ਇਸ਼ਤਿਆਕ ਅਹਿਮਦ ਦੀ ਕਿਤਾਬ, ਪੰਜਾਬ ਅਤੇ ਪੰਜਾਬੀਆਂ ਵੱਲੋਂ ਭੋਗੇ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਸੰਤਾਪ ਦੀ ਦਸਤਾਵੇਜ਼ ਹੈ। 1947 ਵਿੱਚ ਬਸਤੀਵਾਦੀ ਬਰਤਾਨਵੀ ਹਾਕਮ ਇੱਕ ਸਮਝੌਤੇ ਤਹਿਤ ਸੱਤ੍ਹਾ, ਦੋਹਾਂ ਮੁਲਕਾਂ ਭਾਰਤ ਅਤੇ ਨਵੇਂ ਬਣੇ ਪਾਕਿਸਤਾਨ ਦੇ ਸਰਮਾਏਦਾਰਾਂ ਦੇ ਹਵਾਲੇ ਕਰ ਗਏ। ਭਾਰਤ ਦੇ ਦੋ ਵੱਡੇ ਸੂਬਿਆਂ ਪੰਜਾਬ ਅਤੇ ਬੰਗਾਲ ਦੀ ਬਲੀ ਦੇ ਦਿੱਤੀ ਗਈ। ਦੋਹਾਂ ਸੂਬਿਆਂ ਦੀ ਵੰਡ ਨਾਲ਼ ਡੁੱਲਿ੍ਹਆ ਲੱਖਾਂ ਬੇਕਸੂਰ ਲੋਕਾਂ ਦਾ ਖੂਨ, ਔਰਤਾਂ ਨਾਲ਼ ਜਬਰ ਜਿਨਾਹ ਅਤੇ ਡੇਢ ਤੋਂ ਦੋ ਕਰੋੜ ਲੋਕਾਂ ਦਾ ਉਜਾੜਾ, ਪੁਰ ਅਮਨ ਢੰਗ ਨਾਲ਼ ਅਤੇ ਬਿਨਾਂ ਖੂਨ ਖਰਾਬੇ ਤੋਂ ਅਜ਼ਾਦੀ ਲੈਣ ਦਾ ਦਾਅਵਾ ਕਰਨ ਵਾਲ਼ੇ ਹਾਕਮ ਜਮਾਤਾਂ ਦੇ ਬਿਰਤਾਂਤ ਦੇ ਝੂਠ ਨੂੰ ਬੁਰੀ ਤਰ੍ਹਾਂ ਨੰਗਿਆਂ ਕਰ ਦੇਂਦਾ ਹੈ। ਪੰਜਾਬੀਆਂ ਦੀ ਜਿਸ ਪੀੜ੍ਹੀ ਨੇ ਇਹ ਸੰਤਾਪ ਹੰਢਾਇਆ ਹੈ ਉਨ੍ਹਾਂ ਦੀ ਤੀਜੀ ਪੀੜ੍ਹੀ ਜਵਾਨ ਹੋ ਗਈ ਹੈ। ਪਰ 1947 ਦੀ ਵੰਡ ਦਾ ਜ਼ਖ਼ਮ ਏਨਾ ਡੂੰਘਾ ਹੈ ਕਿ ਇੱਕ ਡਰਾਉਣੇ ਸੁਪਨੇ ਵਾਂਗ ਅਜੇ ਤੱਕ ਉਸ ਦੀ ਪੀੜ ਨੇ ਖਹਿੜਾ ਨਹੀਂ ਛੱਡਿਆ ਹੈ। ਇਤਿਹਾਸਕ ਤ੍ਰਾਸਦੀਆਂ ਦੀਆਂ ਡਰਾਉਣੀਆਂ ਯਾਦਾਂ ਤੋਂ ਛੁਟਕਾਰੇ ਲਈ, ਵਾਪਰ ਚੁੱਕੇ ਦੁਖਾਂਤ ਲਈ ਜ਼ਿੰਮੇਵਾਰ ਕਾਰਕਾਂ ਦੀ ਨਿਸ਼ਾਨਦੇਹੀ ਕਰਕੇ ਹੀ, ਕੋਈ ਕੌਮ ਬੀਤੇ ਦੇ ਅਪਰਾਧਬੋਧ ਤੋਂ ਸੁਰਖਰੂ ਹੋ ਸਕਦੀ ਹੈ। ਹੱਦ ਦੇ ਦੋਹੀਂ ਪਾਸੀਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਤੋਂ ਬਿਨਾਂ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੀ ਆਪਣੇ ਇਤਿਹਾਸ ਦੇ ਉਸ ਭਿਆਨਕ ਦੌਰ ਦਾ ਸੱਚ ਜਾਣਨ ਵਿੱਚ ਦਿਲਚਸਪੀ ਵਧੀ ਹੈ। ਅਜੋਕੇ ਸਮੇਂ ਇਸ ਕਿਤਾਬ ਦੀ ਆਮਦ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਅਤੇ ਭਾਰਤੀ ਉਪ ਮਹਾਂਦੀਪ ਦੇ ਸਾਰੇ ਸੂਝਵਾਨ ਲੋਕਾਂ ਲਈ ਵੱਡੇ ਮਹੱਤਵ ਵਾਲ਼ੀ ਹੈ।

  ਖ਼ੁਦ ਇਸ਼ਤਿਆਕ ਅਹਿਮਦ ਆਪਣੀ ਇਸ ਕਿਤਾਬ ਦੇ ਪੰਜਾਬੀ ਸੰਸਕਰਣ ਦੀ ਭੂਮਿਕਾ ਵਿੱਚ ਲਿਖਦੇ ਹਨ, “ਮਹਾਤਮਾ ਗਾਂਧੀ ਦੇ ਪੋਤੇ ਪ੍ਰੋਫੈਸਰ ਰਾਜਮੋਹਨ ਗਾਂਧੀ ਨੇ ਮੈਨੂੰ ਖਤ ਲਿਖਿਆ ਹੈ ਕਿ ਮੇਰੀ ਕਿਤਾਬ ਨੇ ਉਨ੍ਹਾਂ ਨੂੰ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਪੰਜਾਬ ਵਿੱਚ 1947 ਦੀਆਂ ਦਰਦਨਾਕ ਘਟਨਾਵਾਂ ਦੀ ਨਿਰਪੱਖ ਤਸਵੀਰ ਪੇਸ਼ ਕਰਨ ਦੇ ਨਾਲ਼-ਨਾਲ਼ ਇਸ ਕਿਤਾਬ ਨੇ ਜਖਮਾਂ ’ਤੇ ਮੱਲ੍ਹਮ ਲਗਾਉਣ ਦਾ ਕੰਮ ਵੀ ਕੀਤਾ ਹੈ, ਜੋ ਦੋਵੇਂ ਪਾਸੇ ਵਿਛੜੇ ਪੰਜਾਬੀਆਂ ਦਰਮਿਆਨ ਸੁਲ੍ਹਾ ਕਰਾਉਣ ਵਿੱਚ ਮਦਦ ਕਰ ਸਕਦੀ ਹੈ ਤੇ ਉਪ ਮਹਾਂਦੀਪ ਵਿੱਚ ਅਮਨ ਕਾਇਮ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।” ਮੂਲ ਰੂਪ ਵਿੱਚ ਅੰਗਰੇਜ਼ੀ ’ਚ ਲਿਖੀ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਸੁਖਵੰਤ ਹੁੰਦਲ (ਵੈਨਕੂਵਰ, ਕੈਨੇਡਾ) ਅਤੇ ਕੰਵਲ ਧਾਲੀਵਾਲ (ਲੰਡਨ, ਇੰਗਲੈਂਡ) ਨੇ ਕੀਤਾ ਹੈ। ਅਨੁਵਾਦ ਅਤੇ ਸੰਪਾਦਨ ਵਿੱਚ ਕੰਵਲ ਧਾਲੀਵਾਲ ਲਿਖਦੇ ਹਨ, “ਪੰਜਾਬ ਦੀ ਵੰਡ ਮੇਰੇ ਲਈ ਸਿਰਫ ਕਲਾ ਦੀਆਂ ਵਿਧਾਵਾਂ ਦਾ ਵਿਸ਼ਾ ਨਹੀਂ। ਮਨੁੱਖਤਾ ਦੀ ਸੰਵੇਦਨਸ਼ੀਲਤਾ ਦੀ ਦੁਹਾਈ ਦੇਈਏ ਤਾਂ ਹੋ ਵੀ ਨਹੀਂ ਸਕਦਾ, ਖਾਸ ਤੌਰ ’ਤੇ ਸਚੇਤ ਪੰਜਾਬੀ ਮਨੁੱਖ ਲਈ, ਇਹ ਸੰਤਾਪ ਜਿਸ ਦੇ ਇਤਿਹਾਸ ਦੇ ਹਿੱਸੇ ਆਇਆ। ਇਹ ਸਾਡੀ ਚੇਤਨਤਾ ਦਾ ਅਟੁੱਟ ਅੰਗ ਹੈ ਜਿਸ ਤੋਂ ਚਾਹੀਏ ਵੀ ਤਾਂ ਖਹਿੜਾ ਨਹੀਂ ਛੁਡਾ ਸਕਦੇ, ਇਹ ਸਾਡਾ ਸਦੀਵੀ ਜ਼ਖ਼ਮ ਹੈ ਜਿਸ ਦੀ ਮੱਲ੍ਹਮ ਪੱਟੀ ਦਾ ਕਿਸੇ ਨੇ ਕਦੇ ਢੁਕਵਾਂ ਉਪਰਾਲਾ ਨਹੀਂ ਕੀਤਾ, ਜਖਮ ਜਿਸ ਨੂੰ ਸ਼ਾਇਦ ਸਮਾਂ ਵੀ ਸਿਰਫ਼ ਪੁਰਾਣਾ ਹੀ ਕਰ ਸਕੇਗਾ, ਭਰ ਨਹੀਂ ਸਕੇਗਾ। ਭਾਵੇਂ ਹਿੰਸਾ ਅਤੇ ਮਨੁੱਖਤਾ ਦਾ ਘਾਣ ਪੰਜਾਬੀਆਂ ਨੇ ਧੁਰ ਪਿਛਾਹਾਂ ਤੱਕ ਜਾਂਦੇ ਆਪਣੇ ਹਜਾਰਾਂ ਸਾਲਾਂ ਦੇ ਇਤਿਹਾਸ ਵਿੱਚ ਹਰ ਪੜਾਅ ’ਤੇ ਹੰਢਾਇਆ ਪਰ ਸ਼ਾਇਦ ਇਹ ਪਹਿਲਾ ਤੇ ਉਮੀਦ ਹੈ ਕਿ ਆਖਰੀ ਕਾਂਡ ਸੀ ਜਦੋਂ ਚਲਾਕ ਦੁਸ਼ਮਣ ਦੀ ਚੁੱਕ ਵਿੱਚ ਆ ਕੇ ਪੰਜਾਬੀਆਂ ਨੇ ਪੰਜਾਬੀਆਂ ਦੀਆਂ ਇੱਜਤਾਂ ਰੋਲ਼ੀਆਂ, ਆਪਣੀ ਅਣਖ ਦਾ ਆਪ ਘਾਣ ਕਰਕੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ।”

  ‘ਇਸ ਕਿਤਾਬ ਨਾਲ਼ ਜਾਣ ਪਛਾਣ’ ਵਿੱਚ ਇਸ ਕਿਤਾਬ ਦੀ ਬਣਤਰ ਅਤੇ ਸੰਗਠਨ ਬਾਰੇ ਇਸ਼ਤਿਆਕ ਅਹਿਮਦ ਦੱਸਦੇ ਹਨ, “ਇਸ ਖੋਜ ਨੂੰ ਸਿਲਸਿਲੇਵਾਰ ਰੂਪ ਵਿੱਚ ਪੇਸ਼ ਕਰਨ ਪਿੱਛੇ ਇਹ ਧਾਰਨਾ ਹੈ ਕਿ ਸਮਾਂ ਬੀਤਣ ਨਾਲ ਵੱਖ ਵੱਖ ਨਜ਼ਰੀਏ ਤੋਂ ਕਹਾਣੀਆਂ ਦੱਸਣ ਵਾਲ਼ਿਆਂ ਵਿਚਕਾਰ ਕਰਮ ਅਤੇ ਪ੍ਰਤੀਕਰਮ ਚਾਹੇ ਅਤੇ ਅਣਚਾਹੇ ਨਤੀਜਿਆਂ ਦੀ ਕੜੀ ਬਣ ਗਏ। ਸਭ ਤੋਂ ਪਹਿਲਾਂ ਕਿਤਾਬ ਵਿਚਾਰਕ ਅਤੇ ਸਿਧਾਂਤਕ ਚੌਖਟੇ ਦੇ ਨਾਲ਼ ਨਾਲ਼ ਇਤਿਹਾਸਕ ਪਿੱਠਭੂਮੀ ਨੂੰ ਪੇਸ਼ ਕਰਦੀ ਹੈ। ਇਸ ਤੋਂ ਬਾਅਦ ਪੰਜਾਬ ਦੀਆਂ ਅੰਦਰੂਨੀ ਅਤੇ ਇਸ ਨਾਲ਼ ਜੁੜੀਆਂ ਦਿੱਲੀ, ਜਿੱਥੇ ਕਾਂਗਰਸ, ਮੁਸਲਿਮ ਲੀਗ ਅਤੇ ਸਿੱਖ ਆਗੂਆਂ ਦੇ ਦਰਮਿਆਨ ਹਿੰਦੋਸਤਾਨ ਦੇ ਭਵਿੱਖ ਦਾ ਫੈਸਲਾ ਹੋ ਰਿਹਾ ਸੀ, ਵਿਚਲੀਆਂ ਘਟਨਾਵਾਂ ਦਾ ਜ਼ਿਕਰ ਹੈ। ਘਟਨਾਵਾਂ ਨੂੰ ਪੰਜਾਬ ਦੀ ਵੰਡ ਨਾਲ਼ ਸਬੰਧਤ ਅਹਿਮ ਸਮਿਆਂ ਨੂੰ ਦਰਸਾਉਂਦੇ ਤਿੰਨ ਪੜਾਵਾਂ ਵਿੱਚ ਪੇਸ਼ ਕੀਤਾ ਗਿਆ ਹੈ: ਪਹਿਲਾ ਪੜਾਅ : ਖੂਨੀ ਟਕਰਾਅ ਵੱਲ ਵਧਦੇ ਕਦਮ, ਜਨਵਰੀ 1945 ਤੋਂ ਮਾਰਚ 1947 ਤੱਕ। ਇਸ ਸਮੇਂ ਦੌਰਾਨ ਕੁੱਝ ਇਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਗਈਆਂ ਜਿਹਨਾਂ ਨੇ ਮੁਸਲਮਾਨਾਂ ਨੂੰ ਇੱਕ ਪਾਸੇ ਅਤੇ ਹਿੰਦੂਆਂ ਅਤੇ ਸਿੱਖਾਂ ਨੂੰ ਦੂਜੇ ਪਾਸੇ ਕਰ ਦਿੱਤਾ। ਇਸ ਪਾੜੇ ਦਾ ਨਤੀਜਾ ਮਾਰਚ 1947 ਦੇ ਖੂਨੀ ਫਸਾਦਾਂ ਦੇ ਰੂਪ ਵਿੱਚ ਨਿਕਲਿਆ। ਇਹ ਭਾਈਚਾਰਿਆਂ ਵਿੱਚ ਦਰਾੜਾਂ ਪੈਦਾ ਹੋਣ ਦੇ ਨਾਲ਼ ਨਾਲ਼ ਫ਼ਸਾਦਾਂ ਨੂੰ ਸਮੇਂ ਸਿਰ ਨਾ ਰੋਕ ਸਕਣ ਵਿੱਚ ਬਸਤੀਵਾਦੀ ਪ੍ਰਸ਼ਾਸਨ ਦੀ ਨਾਕਾਮੀ ਦੀ ਪਹਿਲੀ ਨਿਸ਼ਾਨੀ ਸੀ। ਦੂਜਾ ਪੜਾਅ : ਵੰਡ ਦੀ ਆਖਰੀ ਖੇਡ, ਅਪ੍ਰੈਲ 1947 ਤੋਂ 14 ਅਗਸਤ 1947 ਤੱਕ। ਇਸ ਦੌਰਾਨ ਸਰਕਾਰ ਸ਼ੁਰੂ ਸ਼ੁਰੂ ਵਿੱਚ ਅਮਨ ਕਾਨੂੰਨ ਬਹਾਲ ਕਰਨ ਵਿੱਚ ਕਾਮਯਾਬ ਹੋਈ ਪਰ ਅਮਨ ਕਾਇਮ ਨਾ ਕਰ ਸਕੀ, ਕਿਉਂਕਿ ਕੁੱਝ ਥਾਵਾਂ ’ਤੇ ਕਤਲ ਅਤੇ ਲੁੱਟਮਾਰ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਹੌਲ਼ੀ ਹੌਲ਼ੀ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਅਤੇ ਜ਼ਿਆਦਾ ਖਤਰਨਾਕ ਅਤੇ ਬੇਰਹਿਮੀ ਨਾਲ਼ ਹੋਣ ਲੱਗੀਆਂ ਤੇ ਮਈ ਦੇ ਆਖਰ ਤੋਂ ਬਾਅਦ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਹੋਣ ਲੱਗੀਆਂ। ਸਰ ਈਵਾਨ ਜੈਨੇਕਿਨਸ ਨੇ ਪੰਜਾਬ ਦੇ ਆਖਰੀ ਬਰਤਾਨਵੀ ਗਵਰਨਰ ਵਜੋਂ 14 ਅਗਸਤ 1947 ਨੂੰ ਆਪਣੀ ਮਿਆਦ ਖਤਮ ਕੀਤੀ। ਤੀਜਾ ਪੜਾਅ: ਫਿਰਕੂ ਸਫਾਇਆ, 15 ਅਗਸਤ 1947 ਤੋਂ ਲੈ ਕੇ ਦਸੰਬਰ ਦੇ ਆਖਰੀ ਸਮੇਂ ਤੱਕ ਬਾਰੇ ਦੱਸਦਾ ਹੈ। ਪਰ ਪੰਜਾਬ ਵਿਚ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਲੀ ਕੌਮਾਂਤਰੀ ਸਰਹੱਦ ਨਿਸ਼ਚਿਤ ਕਰਨ ਵਾਲ਼ੇ ਰੈੱਡਕਲਿਫ ਫੈਸਲੇ ਦਾ ਜਨਤਕ ਐਲਾਨ 17 ਅਗਸਤ ਨੂੰ ਕੀਤਾ ਗਿਆ।

  ਇਕਦਮ ਹਿੰਸਾ ਵਿੱਚ ਨਾਟਕੀ ਤਰੀਕੇ ਨਾਲ਼ ਵਾਧਾ ਹੋਇਆ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਕਿਹੜਾ ਪਿੰਡ ਜਾਂ ਸ਼ਹਿਰ ਕਿਹੜੇ ਮੁਲਕ ਨੂੰ ਮਿਲ਼ੇਗਾ। ਇਸ ਤੋਂ ਬਾਅਦ ਅਣਵੰਡੇ ਪੰਜਾਬ ਦੇ ਦੋਵੇਂ ਪਾਸੇ ਕਤਲੇਆਮ ਹੋਣ ਲੱਗਾ ਜੋ ਨਸਲਕੁਸ਼ੀ ਦੀ ਹੱਦ ਤੱਕ ਪਹੁੰਚ ਗਿਆ। 1947 ਦੇ ਆਖਿਰ ਤੱਕ ਜਾਂ ਉਸ ਦੇ ਕੁੱਝ ਵਕਤ ਬਾਅਦ ਦੋਹਾਂ ਪੰਜਾਬਾਂ ਵਿੱਚ ਧਾਰਮਿਕ ਸਫਾਇਆ ਮੁਕੰਮਲ ਹੋ ਗਿਆ।” (ਸਫ਼ਾ 55-56) 1947 ਦਾ ਵਰ੍ਹਾ ਸਾਡੇ ਦੇਸ਼ ਵਿੱਚ ਅਜ਼ਾਦੀ ਦੇ ਵਰ੍ਹੇ ਵਜੋਂ ਮਨਾਇਆ ਜਾਂਦਾ ਹੈ। ਪਰ ਪੰਜਾਬੀਆਂ ਲਈ ਇਹ ਰੌਲ਼ੇ ਜਾਂ ਹੱਲਿਆਂ ਦੇ ਵਰ੍ਹੇ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਇਸ਼ਤਿਆਕ ਅਹਿਮਦ ਨੇ ਇਸ ਕਿਤਾਬ ਵਿੱਚ ਉਸ ਭਿਆਨਕ ਲਹੂ ਲੁਹਾਨ ਪੰਜਾਬ ਦੀ ਗਾਥਾ ਲਿਖੀ ਹੈ। ਦੋਹਾਂ ਮੁਲਕਾਂ ’ਚ 1947 ਦੀ ਵੰਡ ਬਾਰੇ ਸਿਆਸਤ, ਫ਼ਿਰਕਾਪ੍ਰਸਤੀ ਦੇ ਪ੍ਰਭਾਵ ਹੇਠ ਹੁਣ ਤੱਕ ਕਈ ਤਰ੍ਹਾਂ ਦੇ ਸਿਧਾਂਤ ਪ੍ਰਚੱਲਤ ਹਨ। ਜ਼ਿਆਦਾਤਰ ਪ੍ਰਚੱਲਤ ਨਜ਼ਰੀਏ ਆਪੋ ਆਪਣੇ ਫਿਰਕਿਆਂ ਦੀ ਸੌੜੀ ਸਿਆਸਤ ਅਤੇ ਦੋਹਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਦੇ ਵਿਚਾਰਧਾਰਕ ਗਲਬੇ ਦੇ ਅਸਰ ਹੇਠ, ਇਸ ਖਿੱਤੇ ਦੇ ਲੋਕਾਂ ਦੇ ਦਰਦ ਦੀ ਥਾਹ ਪਾਉਣ ਵਿੱਚ ਅਸਫਲ ਰਹੇ ਹਨ। ਪੰਜਾਬੀ ਦੇ ਕੁੱਝ ਲੇਖਕਾਂ ਅਤੇ ਸਾਹਿਤਕਾਰਾਂ ਨੇ ਇਸ ਵਿਸ਼ੇ ’ਤੇ ਜ਼ਰੂਰ ਤਸੱਲੀਬਖਸ਼ ਕੰਮ ਕੀਤਾ ਹੈ। ਖਾਸ ਕਰਕੇ ਗਲਪ ਦੇ ਖੇਤਰ ਵਿੱਚ ਪੰਜਾਬੀ ਸਾਹਿਤਕਾਰ ਉਸ ਦੌਰ ਨੂੰ ਅੱਜ ਤੱਕ ਨਹੀਂ ਭੁੱਲ ਸਕੇ। ਇਸ਼ਤਿਆਕ ਅਹਿਮਦ ਨੇ ਉਸ ਦੌਰ ਦੇ ਸਿਆਸਤਦਾਨਾਂ ਦੇ ਵਤੀਰੇ ਅਤੇ ਗੁਪਤ ਬਰਤਾਨਵੀ ਦਸਤਾਵੇਜਾਂ ਦੀ ਮਦਦ ਨਾਲ਼, ਇਸ ਉਪ ਮਹਾਂਦੀਪ ਦੀ ਸਭ ਤੋਂ ਵੱਡੀ ਤ੍ਰਾਸਦੀ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੌਰ ਨੂੰ ਆਪਣੇ ਹੱਢੀਂ ਹੰਢਾਉਣ ਵਾਲ਼ੇ ਜਿਊਂਦੇ ਬਚੇ ਗਵਾਹਾਂ ਦੇ ਬਿਆਨ ਇਸ ਰਚਨਾ ਦਾ ਹਾਸਲ ਹੈ। ਬੇਸ਼ੱਕ ਇਹ ਰਚਨਾ ਗਲਪ ਨਹੀਂ ਹੈ। ਪਰ ਕਮਾਲ ਦੀ ਖੂਬੀ ਨਾਲ਼ ਇਸ਼ਤਿਆਕ ਅਹਿਮਦ ਇਸ ਇਤਿਹਾਸਕ ਰਚਨਾ ਵਿੱਚ ਗਲਪ ਲੇਖਕਾਂ ਵਾਂਗ ਉਸ ਦੌਰ ਦੇ ਦੁੱਖਾਂ ਬਾਰੇ ਲੋਕਾਂ ਦੇ ਦਰਦ ਦੀ ਥਾਹ ਪਾਉਣ ਵਿੱਚ ਕਾਮਯਾਬ ਹੋਏ ਹਨ। ਇਸ ਤੋਂ ਬਿਨਾਂ ਬੜੀ ਬੇਬਾਕੀ ਨਾਲ਼ ਲੱਖਾਂ ਲੋਕਾਂ ਦੇ ਕਤਲ ਅਤੇ ਕਰੋੜਾਂ ਲੋਕਾਂ ਦੇ ਉਜਾੜੇ ਦੀ ਕੀਮਤ ਤੇ ਬਸਤੀਵਾਦੀ ਸਾਮਰਾਜੀ ਹਾਕਮਾਂ, ਫ਼ਿਰਕੂ ਤਾਕਤਾਂ ਅਤੇ ਸੱਤ੍ਹਾ ਹਾਸਲ ਕਰਨ ਦੀ ਕਾਹਲ ਵਿੱਚ ਨਵੇਂ ਬਣਨ ਵਾਲ਼ੇ ਦੇਸੀ ਹਾਕਮਾਂ ਦੀ ਸਿਆਸਤ ਨੂੰ ਨੰਗਿਆਂ ਕਰਨ ਵਾਲ਼ੀਆਂ ਗਵਾਹੀਆਂ ਭੁਗਤਾਉਂਦੇ ਹਨ।

  ਫਿਰਕੂ ਝਗੜੇ ਕਿਉਂ ਸ਼ੁਰੂ ਹੋਏ- ਰਵਾਇਤੀ ਤੌਰ ’ਤੇ ਬਹੁ ਸੱਭਿਆਚਾਰਕ ਅਤੇ ਅਮਨ ਅਮਾਨ ਅਤੇ ਸਾਂਝੀਵਾਲਤਾ ਦੀ ਭਾਵਨਾ ਨਾਲ਼ ਰਹਿਣ ਵਾਲ਼ਾ ਸਮਾਜ ਇੱਕ ਦੂਜੇ ਦੇ ਖੂਨ ਦਾ ਪਿਆਸਾ ਕਿਵੇਂ ਬਣ ਜਾਂਦਾ ਹੈ। ਇਸ ਕਿਤਾਬ ਦੇ ਲੇਖਕ ਮੁਤਾਬਕ, “ਵੰਡ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਦੇ ਸਜੀਵ ਸੁਭਾਅ ਨੇ ਲੋਕਾਂ ਦੀ ਧਾਰਮਿਕ ਕੱਟੜਤਾ ਤੋਂ ਬਚਣ ਅਤੇ ਇੱਕ ਦੂਜੇ ਨਾਲ਼ ਦੋਸਤਾਨਾ ਅਤੇ ਮਿਲਣਸਾਰ ਰਿਸ਼ਤੇ ਰੱਖਣ ਵਿੱਚ ਮਦਦ ਕੀਤੀ। ਇਸ ਕਰਕੇ ਬੇਸ਼ੱਕ ਪੰਜਾਬ ਦਾ ਸਮਾਜ ਮਿਸ਼ਰਤ ਸੀ ਕਿਉਂਕਿ ਸਾਰੇ ਭਾਈਚਾਰਿਆਂ ਦੀ ਆਪਸੀ ਅਲੱਗ ਪਛਾਣ ਸੀ; ਇਹ ਸਾਂਝੀਆਂ ਰੂਹਾਨੀ ਅਤੇ ਸਦਾਚਾਰਕ ਰਵਾਇਤਾਂ ਤੋਂ ਪੈਦਾ ਹੋਏ ਮਜਬੂਤ ਜਜ਼ਬਾਤੀ ਅਤੇ ਸੱਭਿਆਚਾਰਕ ਬੰਧਨ ਨਾਲ਼ ਪੱਕੀ ਤਰ੍ਹਾਂ ਜੁੜਿਆ ਹੋਇਆ ਵੀ ਸੀ। ਇਸ ਕਰਕੇ ਮਿਸ਼ਰਤ ਪੰਜਾਬ ਵਿੱਚ ਹਿੰਸਾ ਦਾ ਲਾਵਾ ਫੁੱਟ ਪੈਣ ਦੇ ਕਾਰਨਾਂ, ਸਰਕਾਰੀ ਢਾਂਚੇ ਦੇ ਤੇਜ਼ੀ ਨਾਲ਼ ਵਿਗੜਦੇ ਹਾਲਾਤ ਦੇ ਸੰਦਰਭ ਵਿੱਚ ਕੁਲੀਨ ਵਰਗ ਦੇ ਆਗੂਆਂ ਵਿਚਕਾਰ ਸੱਤ੍ਹਾ ਲਈ ਚੱਲੀ ਜੱਦੋ ਜਹਿਦ ਅਤੇ ਉਨ੍ਹਾਂ ਦੀਆਂ ਸਿਆਸੀ ਖਾਹਿਸ਼ਾਂ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ ਨਾ ਕਿ ਆਮ ਲੋਕਾਂ ਵਿਚ।” (ਸਫਾ-71) ਸਾਂਝੀ ਭਾਸ਼ਾ ਅਤੇ ਸਾਂਝੇ ਸੱਭਿਆਚਾਰ ਨਾਲ਼ ਵਿਕਸਤ ਸ਼ਾਂਤੀਪੂਰਨ ਰਿਸ਼ਤੇ ਟਕਰਾਅ ਭਰਪੂਰ ਰਿਸ਼ਤਿਆਂ ’ਚ ਬਦਲ ਜਾਂਦੇ ਹਨ। ਉਹ ਲਿਖਦੇ ਹਨ, “ਨਾਂਹ-ਪੱਖੀ ਇਤਿਹਾਸਕ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਤੱਥਾਂ ਦਾ ਇਕੱਠੇ ਹੋ ਜਾਣਾ, ਅਤੇ ਉਸ ਪੁਰਾਣੀ ਵਿਵਸਥਾ ਜਿਸ ’ਤੇ ਉਨ੍ਹਾਂ ਦੀ ਸ਼ਾਂਤਮਈ ਸਹਿ ਹੋਂਦ ਟਿਕੀ ਹੋਈ ਸੀ, ਦਾ ਆਪਣੀਆਂ ਸਥਾਪਤ ਸੇਧਾਂ ਕਾਇਮ ਰੱਖਣ ਵਿੱਚ ਨਾਕਾਮਯਾਬ ਹੋਣਾ ਹੁੰਦਾ ਹੈ।” ਸਿਆਸਤ ਦਾ ਧੰਦਾ ਕਰਨ ਵਾਲ਼ਿਆਂ ਅਤੇ ਫ਼ਿਰਕੂ ਟੋਲਿਆਂ ਦੀਆਂ ਸਰਗਰਮੀਆਂ ਵਧ ਗਈਆਂ ਸਨ। ਇਨ੍ਹਾਂ ਦੀਆਂ ਹਰਕਤਾਂ ਨੇ ਆਮ ਲੋਕ ਸਮੂਹਾਂ ਵਿੱਚ ਪਹਿਲਾਂ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਾਇਆ ਅਤੇ ਫਿਰ ਇੱਕ ਸਮੂਹ ਨੂੰ ਦੂਜੇ ਸਮੂਹ ’ਤੇ ਹਮਲੇ ਕਰਨ ਲਈ ਉਕਸਾਉਣ ਵਾਸਤੇ, ਦੂਜੇ ਸਮੂਹ ਨੂੰ ਸ਼ੈਤਾਨ ਤੇ ਗੈਰ ਮਨੁੱਖੀ ਸਿੱਧ ਕਰਨਾ ਸ਼ੁਰੂ ਕਰ ਦਿੱਤਾ।

  ਅੰਗਰੇਜ਼ੀ ਹਕੂਮਤ ਤੋਂ ਪਹਿਲਾਂ – ਗੋਰਖਨਾਥ, ਸੂਫੀਵਾਦ ਅਤੇ ਇਸਲਾਮ ਦੇ ਅਸਰ ਵਾਲ਼ੇ ਇਸ ਖਿੱਤੇ ਵਿੱਚ ਇੱਕ ਸਾਂਝੀ ਮਿਲ਼ੀ ਜੁਲ਼ੀ ਤਹਿਜ਼ੀਬ ਵਿਕਸਤ ਹੋ ਰਹੀ ਸੀ। ਗੁਰੂ ਨਾਨਕ ਦੇ ਫਲਸਫੇ ਨੇ ਇਸ ਸਾਂਝੀ ਮਿਲ਼ੀ ਜੁਲ਼ੀ ਤਹਿਜ਼ੀਬ ਨੂੰ ਹੋਰ ਅਮੀਰ ਕਰਦੇ ਹੋਏ, ਛੂਤ ਛਾਤ ਨੂੰ ਰੱਦ ਕੀਤਾ ਅਤੇ ਇੱਕ ਰੱਬ ਦੀ ਇਬਾਦਤ ’ਤੇ ਜ਼ੋਰ ਦਿੱਤਾ। ਬੁੱਲ੍ਹੇ ਸ਼ਾਹ ਵੇਲੇ ਇਹ ਸੋਚ ਆਪਣੇ ਸਿਖਰ ’ਤੇ ਪਹੁੰਚਦੀ ਹੈ ਜਦੋਂ ਉਹ ਕਹਿੰਦਾ ਹੈ:
  ਗੱਲ ਸਮਝ ਲਈ ਤੇ ਰੌਲ਼ਾ ਕੀ
  ਇਹ ਰਾਮ, ਰਹੀਮ ਤੇ ਮੌਲਾ ਕੀ?

  ਕੱਟੜਤਾ, ਆਮ ਪੰਜਾਬੀ ਸਮਾਜ ਵਿੱਚ ਹਾਵੀ ਨਹੀਂ ਸੀ। ਇਸ ਸਾਂਝੀ ਸੋਚ ਅਤੇ ਸ਼ਖਸੀ ਅਜ਼ਾਦੀ ਦੀ ਤਾਂਘ ਦਾ ਪ੍ਰਗਟਾਵਾ ਪੰਜਾਬੀ ਕਿੱਸਾ ਕਾਵਿ ਵਿੱਚ ਵੀ ਹੁੰਦਾ ਹੈ। ਪੰਜਾਬੀ ਦਾ ਸਭ ਤੋਂ ਵੱਧ ਮਕਬੂਲ ਅਤੇ ਹਰਮਨ ਪਿਆਰਾ ਹੀਰ ਦਾ ਕਿੱਸਾ ਇੱਕ ਦਾਮੋਦਰ ਨੇ ਜੋ ਹਿੰਦੂ ਸੀ ਅਤੇ ਦੂਜਾ ਮੁਸਲਿਮ ਸੂਫੀ ਵਾਰਿਸ ਸ਼ਾਹ ਨੇ ਲਿਖਿਆ ਹੈ। ਇਸ਼ਤਿਆਕ ਅਹਿਮਦ ਲਿਖਦੇ ਹਨ, “ਮਹਾਂਕਾਵਿ ਹੀਰ ਵਿੱਚ ਹਿੰਦੂ ਅਤੇ ਇਸਲਾਮ ਧਰਮਾਂ ਵਿਚਕਾਰ ਸਹਿਜਤਾ ਉਸ ਸਮੇਂ ਉੱੱਭਰ ਕੇ ਆਉਂਦੀ ਹੈ ਜਦ ਹੀਰ ਦਾ ਆਸ਼ਕ ਰਾਂਝਾ ਗੋਰਖਨਾਥੀ ਸਾਧੂ ਬਣ ਜਾਂਦਾ ਹੈ।” 18ਵੀਂ ਸਦੀ ਵਿੱਚ ਈਰਾਨੀ ਅਤੇ ਅਫ਼ਗਾਨੀ ਹਮਲਾਵਰਾਂ ਦੇ ਹਮਲਿਆਂ ਦਾ ਸੰਤਾਪ ਸਾਰੇ ਪੰਜਾਬੀਆਂ ਨੇ ਬਰਾਬਰ ਹੰਢਾਇਆ। ਇਸ ਮਾਮਲੇ ਵਿੱਚ ਮੁਸਲਮਾਨ ਅਬਾਦੀ ਨਾਲ਼ (ਹਮਲਾਵਰਾਂ ਦੇ ਮੁਸਲਮਾਨ ਹੋਣ ਦੇ ਬਾਵਜੂਦ) ਕੋਈ ਰਿਆਇਤ ਨਹੀਂ ਵਰਤੀ ਜਾਂਦੀ ਸੀ। 1799 ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਰਾਜਾ ਬਣਦਾ ਹੈ। 29 ਮਾਰਚ 1849 ਨੂੰ ਪੰਜਾਬ ਦਾ ਰਾਜ ਭਾਗ ਵਿਧੀਵਤ ਈਸਟ ਇੰਡੀਆ ਕੰਪਨੀ ਸਾਂਭ ਲੈਂਦੀ ਹੈ। ਬਸਤੀਵਾਦੀ ਦੌਰ ਵਿੱਚ, ਕਿਹਾ ਜਾਂਦਾ ਹੈ ਕਿ 1881 ਵਿੱਚ ਪੰਜਾਬ ਦੀ ਪਹਿਲੀ ਮਰਦਮਸ਼ੁਮਾਰੀ ਵੇਲੇ ਬਸਤੀਵਾਦੀ ਹਾਕਮਾਂ ਦੇ ਕਾਰਕੁੰਨਾਂ ਨੇ ਜਦੋਂ ਇਹ ਸਵਾਲ ਪੁੱਛਿਆ ਕਿ ਤੁਹਾਡਾ ਧਰਮ ਕੀ ਹੈ? ਤਾਂ ਬਹੁਗਿਣਤੀ ਪੰਜਾਬੀਆਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਸੁੱਝਿਆ ਸੀ। ਕਿਉਂਕਿ ਉਦੋਂ ਤੱਕ ਪੰਜਾਬੀ ਸਮਾਜ ਧਰਮ ਦੇ ਕਿਸੇ ਸਾਂਚੇ ਵਿੱਚ ਬੱਝੀ ਕੱਟੜਤਾ ਦਾ ਅਭਿਆਸੀ ਨਹੀਂ ਹੋਇਆ ਸੀ। ਭਾਵੇਂ ਜਾਤਾਂ ਗੋਤਾਂ ਦੀ ਕਬਾਇਲੀ ਮਾਨਸਿਕਤਾ ਮੌਜੂਦ ਸੀ। ਫਿਰ ਪੰਜਾਬੀਆਂ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖਾਂ ਵਿੱਚ ਮੁੜ ਸੁਰਜੀਤੀ ਦੀਆਂ ਲਹਿਰਾਂ ਪੈਦਾ ਹੁੰਦੀਆਂ ਹਨ। ਸਮਾਜ ਵਿੱਚ ਮੌਜੂਦ ਪਛਾਣਾਂ ਦੇ ਫਰਕ ਨੂੰ ਚੌੜਾ ਕੀਤਾ ਜਾਂਦਾ ਹੈ ਅਤੇ ਹਰ ਕਿਸਮ ਦੀ ਧਾਰਮਿਕ ਕੱਟੜਤਾ ਨੂੰ ਹਵਾ ਦਿੱਤੀ ਜਾਂਦੀ ਹੈ। ਭਾਸ਼ਾ ਨੂੰ ਧਰਮ ਨਾਲ਼ ਜੋੜ ਕੇ ਬਸਤੀਵਾਦੀ ਹਾਕਮ ਫਿਰਕੂ ਸਿਆਸਤ ਦਾ ਮੁੱਢ ਬੰਨ੍ਹ ਦਿੰਦੇ ਹਨ।

  ਕੱਟੜ ਸੁੰਨੀ ਮੁਸਲਮਾਨਾਂ ਅਤੇ ਕੱਟੜ ਹਿੰਦੂ ਬ੍ਰਾਹਮਣਵਾਦੀ ਜਾਤ ਪਾਤੀ ਰਵਾਇਤਾਂ ਨੂੰ ਵਡਿਆਉਣ ਲਈ ਮੁਹਿੰਮਾਂ ਚਲਦੀਆਂ ਹਨ। ਹਿੰਦੂ ਅਤੇ ਸਿੱਖ ਧਰਮ ਦੇ ਠੇਕੇਦਾਰਾਂ ਵੱਲੋਂ ਦਲਿਤਾਂ ਦੇ ਨਾਲ਼ ਨਾਲ਼ ਮੁਸਲਮਾਨਾਂ ਨਾਲ਼ ਵੀ ਖਾਣ ਪੀਣ ਦੀ ਸਾਂਝ ਨੂੰ ਧਾਰਮਿਕ ਪ੍ਰਚਾਰ ਨਾਲ਼ ਨਿਰ ਉਤਸ਼ਾਹਤ ਕੀਤਾ ਗਿਆ। ਸਾਂਝੀਵਾਲਤਾ ਦੇ ਸੱਭਿਆਚਾਰ ਵਿੱਚ ਇਹ ਛੋਟੀਆਂ ਛੋਟੀਆਂ ਤ੍ਰੇੜਾਂ, ਅੱਗੇ ਚੱਲ ਕੇ ਫਿਰਕੂ ਪ੍ਰਚਾਰ ਨਾਲ਼ ਵੱਡੀ ਦੁਸ਼ਮਣੀ ਵਾਲ਼ੇ ਪਾੜੇ ਬਣ ਗਏ। ਬਿਨਾਂ ਸ਼ੱਕ ਸਮਾਜ ਵਿੱਚ ਮੌਜੂਦ ਨਾ ਬਰਾਬਰੀ ਅਤੇ ਕੁਲੀਨ ਵਰਗਾਂ ਵਿੱਚ ਆਰਥਿਕ ਲਾਭਾਂ ਵਾਸਤੇ ਚੱਲਦੀ ਮੁਕਾਬਲੇਬਾਜ਼ੀ ਵਰਗੇ ਆਰਥਿਕ ਕਾਰਕ ਵੀ ਬਹੁਤ ਮਹੱਤਵਪੂਰਣ ਸਨ। ਪਾਠਕਾਂ ਦੀ ਦਿਲਚਸਪੀ ਲਈ ਤਿੰਨੇ ਪੜਾਵਾਂ ਵਿੱਚੋਂ ਕੁੱਝ ਜਾਣਕਾਰੀ ਪਾਠਕਾਂ ਨਾਲ਼ ਸਾਂਝੀ ਕਰਾਂਗਾ।

  ਪਹਿਲਾ ਪੜਾਅ- ਵੱਖਰੇ ਮੁਲਕ ਦੀ ਮੰਗ ਕਰਨ ਵਾਲ਼ਿਆਂ ਵਿੱਚੋਂ ਸਭ ਤੋਂ ਮਸ਼ਹੂਰ, ਕਸ਼ਮੀਰੀ ਬ੍ਰਾਹਮਣ ਮੂਲ ਦਾ ਮੁਸਲਮਾਨ ਪੰਜਾਬੀ ਅੱਲਾਮਾ ਇਕਬਾਲ ਸੀ। ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਦੋ ਕੌਮਾਂ ਦੇ ਸਿਧਾਂਤ ਤਹਿਤ ਮੁਲਕ ਦੀ ਵੰਡ ਦੇ ਸ਼ੁਰੂਆਤੀ ਹਮਾਇਤੀ ਸਨ। ਭਾਵੇਂ ਕਿ 1937 ਦੀਆਂ ਸੂਬਾਈ ਚੋਣਾਂ ਵਿੱਚ, ਮੁਸਲਿਮ ਲੀਗ ਉਨ੍ਹਾਂ ਸੂਬਿਆਂ ਵਿੱਚ ਹਾਰ ਜਾਂਦੀ ਹੈ ਜਿਨ੍ਹਾਂ ਨੂੰ ਉਹ ਆਪਣੇ ਭਵਿੱਖੀ ਪਾਕਿਸਤਾਨ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਬੈਠੇ ਸਨ। ਮੁਸਲਿਮ ਬਹੁਗਿਣਤੀ ਵਾਲ਼ੇ ਅਣਵੰਡੇ ਪੰਜਾਬ ਵਿੱਚ ਮੁਸਲਿਮ ਲੀਗ ਸਿਰਫ ਦੋ ਸੀਟਾਂ ਜਿੱਤਦੀ ਹੈ, ਜਿਹੜੀ ਬਾਅਦ ਵਿੱਚ ਇੱਕ ਰਹਿ ਗਈ ਸੀ। ਅੰਗਰੇਜ਼ ਪ੍ਰਸਤ ਵੱਡੇ ਜਗੀਰਦਾਰਾਂ ਦੀ ਧਰਮ ਨਿਰਪੱਖ ਪਾਰਟੀ ‘ਯੂਨੀਅਨਿਸਟ ਪਾਰਟੀ’ ਪੰਜਾਬ ਦੀਆਂ ਚੋਣਾਂ ਜਿੱਤੀ ਸੀ। ਯੂਨੀਅਨਿਸਟ ਪਾਰਟੀ ਪੰਜਾਬ ਨੂੰ ਇਕਮੁੱਠ ਰੱਖਣਾ ਚਾਹੁੰਦੀ ਸੀ। ਮੁਸਲਿਮ ਲੀਗ ਪਾਕਿਸਤਾਨ ਲਈ ਲੜ ਰਹੀ ਸੀ। ਪਰ ਪੰਜਾਬ ਦੀ ਵੰਡ ਦੇ ਖ਼ਿਲਾਫ਼ ਸੀ। ਉਹ ਸਾਰੇ ਪੰਜਾਬ ’ਤੇ ਦਾਅਵਾ ਕਰਦੀ ਸੀ। ਪਰ ਕਾਂਗਰਸ ਅਤੇ ਸਿੱਖਾਂ ਦੀਆਂ ਪਾਰਟੀਆਂ ਪੰਜਾਬ ਦੀ ਵੰਡ ਦੀਆਂ ਹਮਾਇਤੀ ਸਨ। ਇਸ ਲਈ 1947 ਵਿੱਚ ਜੋ ਵੰਡਿਆ ਗਿਆ ਸੀ ਉਹ ਬੰਗਾਲ ਤੇ ਪੰਜਾਬ ਸੀ। ਬਾਕੀ ਮੁਲਕ ਨੂੰ ਉਸ ਪੀੜ ਵਿੱਚੋਂ ਨਹੀਂ ਗੁਜ਼ਰਨਾ ਪਿਆ ਜਿਹੜੀ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਈ ਸੀ। ਇਸ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 1924 ਵਿੱਚ ਆਰੀਆ ਸਮਾਜ ਦੇ ਆਗੂ ਲਾਲਾ ਲਾਜਪਤ ਰਾਏ ਨੇ ਲਾਹੌਰ ਤੋਂ ਛਪਦੇ ਅਖ਼ਬਾਰ ‘ਦਾ ਟਿ੍ਰਬਿਊਨ’ ਵਿੱਚ ਲਿਖਿਆ, “ਮੇਰਾ ਮਸ਼ਵਰਾ ਹੈ ਕਿ ਪੰਜਾਬ ਨੂੰ ਦੋ ਸੂਬਿਆਂ ਵਿੱਚ ਵੰਡ ਦਿੱਤਾ ਜਾਵੇ, ਮੁਸਲਮਾਨ ਬਹੁਗਿਣਤੀ ਵਾਲ਼ਾ ਪੱਛਮੀ ਪੰਜਾਬ ਜਿਸ ਵਿੱਚ ਹਕੂਮਤ ਮੁਸਲਮਾਨਾਂ ਦੇ ਹੱਥ ਵਿੱਚ ਹੋਵੇ; ਅਤੇ ਹਿੰਦੂ-ਸਿੱਖ ਬਹੁਗਿਣਤੀ ਵਾਲ਼ਾ ਪੂਰਬੀ ਪੰਜਾਬ ਜਿਸ ਵਿੱਚ ਹਕੂਮਤ ਗ਼ੈਰ ਮੁਸਲਮਾਨਾਂ ਕੋਲ਼ ਹੋਵੇ।” ਮੁਸਲਿਮ ਲੀਗ ਦੀ ਸਲਾਨਾ ਬੈਠਕ ਵਿੱਚ 23 ਮਾਰਚ 1940 ਦੇ ਲਾਹੌਰ ਮਤੇ ਵਿੱਚ ਪਾਕਿਸਤਾਨ ਦੀ ਮੰਗ ਉਭਾਰੀ ਗਈ। ਇਸ ਤੋਂ ਬਾਅਦ ਮੁਸਲਿਮ ਲੀਗ ਦੀ ਫਿਰਕੂ ਸਿਆਸਤ ਦਾ ਪੰਜਾਬ ਵਿੱਚ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ। ਉੱਧਰ 26 ਦਸੰਬਰ 1942 ਨੂੰ ਸਰ ਸਿਕੰਦਰ ਹਯਾਤ ਦੀ ਮੌਤ ਤੋਂ ਬਾਅਦ ਖਿਜਰ ਹਯਾਤ ਖਾਨ ਟਿਵਾਣਾ ਦੇ ਹੱਥ ਪੰਜਾਬ ਦੀ ਵਾਗਡੋਰ ਆਈ। ਬਦਲੇ ਹੋਏ ਸਿਆਸੀ ਹਾਲਾਤ, ਬਸਤੀਵਾਦੀ ਹਾਕਮਾਂ ਦੀਆਂ ਨੀਤੀਆਂ ਅਤੇ ਖਿਜ਼ਰ ਟਿਵਾਣਾ ਦੀ ਕਮਜ਼ੋਰ ਅਗਵਾਈ ਕਾਰਨ ਜਿਨਾਹ ਦੀ ਫਿਰਕੂ ਸਿਆਸਤ ਪੱਕੇ ਪੈਰੀਂ ਹੋਣੀ ਸ਼ੁਰੂ ਹੋ ਗਈ। 23 ਮਾਰਚ 1946 ਨੂੰ ਕੈਬਨਿਟ ਮਿਸ਼ਨ ਯੋਜਨਾ ਤਹਿਤ ਤਿੰਨ ਮੈਂਬਰੀ ਬਰਤਾਨਵੀ ਸੰਸਦੀ ਵਫਦ ਭਾਰਤ ਪਹੁੰਚਿਆ। ਕਿਤਾਬ ਦੇ ਇਸ ਹਿੱਸੇ ਵਿੱਚ ਕੈਬਨਿਟ ਮਿਸ਼ਨ ਵੱਲੋਂ ਕੇਂਦਰ ਵਿੱਚ ਸਾਂਝੀ ਆਰਜ਼ੀ ਸਰਕਾਰ ਬਨਾਉਣ ਵਿਚਲੀ ਨਾਕਾਮੀ, ਕਲਕੱਤਾ ਕਤਲੇਆਮ ਅਤੇ ਬਿਹਾਰ ਵਿੱਚ ਮੁਸਲਮਾਨਾਂ ਦੇ ਕਤਲੇਆਮ ਦਾ ਜ਼ਿਕਰ ਹੈ।

  ਪੰਜਾਬ ਵਿੱਚ ਵੀ ਫਿਰਕੂ ਮਾਹੌਲ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਮੁਸਲਿਮ ਲੀਗ ਨੇ ਹਥਿਆਰਬੰਦ ਨੈਸ਼ਨਲ ਗਾਰਡ ਅਤੇ ਆਰਐੱਸਐੱਸ ਨੇ ਵੀ ਆਪਣੇ ਕਾਰਕੁੰਨ ਤਿਆਰ ਬਰ ਤਿਆਰ ਕਰ ਲਏ ਸਨ। 20 ਫਰਵਰੀ 1947 ਨੂੰ ਬਰਤਾਨਵੀ ਸਰਕਾਰ ਐਲਾਨ ਕਰਦੀ ਹੈ ਕਿ ਉਹ 1948 ਦੇ ਅੰਤ ਵਿੱਚ ਹਿੰਦੁਸਤਾਨੀਆਂ ਨੂੰ ਸੱਤ੍ਹਾ ਸੌਂਪ ਦੇਵੇਗੀ। 24 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਹਿੰਸਾ ਸ਼ੁਰੂ ਹੋ ਜਾਂਦੀ ਹੈ। 3 ਮਾਰਚ 1947 ਨੂੰ ਪੰਜਾਬ ਦੇ ਪ੍ਰੀਮੀਅਰ ਖਿਜ਼ਰ ਨੇ ਅਸਤੀਫਾ ਦੇ ਦਿੱਤਾ। ਲਾਹੌਰ ਵਿਖੇ ਫ਼ਿਰਕੂ ਮੁਸਲਮਾਨਾਂ ਦੀ ਭੀੜ ਅਸੰਬਲੀ ਦੇ ਬਾਹਰ ਜਮ੍ਹਾਂ ਹੋ ਗਈ। ਬਲ਼ਦੀ ’ਤੇ ਤੇਲ ਪਾਉਂਦੇ ਹੋਏ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੰਗੀ ਤਲਵਾਰ ਲਹਿਰਾਉਂਦਾ ਹੋਇਆ ਅਸੰਬਲੀ ਦੀਆਂ ਪੌੜੀਆਂ ’ਤੇ ਆਇਆ। ਅਗਲੇ ਦਿਨ 4 ਮਾਰਚ ਨੂੰ ਲਾਹੌਰ ਵਿੱਚ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ। 5 ਮਾਰਚ ਨੂੰ ਪੰਜਾਬ ਵਿੱਚ ਗਵਰਨਰੀ ਰਾਜ ਲਾਗੂ ਹੋ ਗਿਆ। ਮਾਰਚ 1947 ਵਿੱਚ ਅੰਮ੍ਰਿਤਸਰ, ਜਲੰਧਰ, ਮੁਲਤਾਨ ਅਤੇ ਰਾਵਲਪਿੰਡੀ ਵਿੱਚ ਹੋਣ ਵਾਲ਼ੇ ਦੰਗਿਆਂ ਦੇ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਹਨ, ਜੋ ਲੇਖਕ ਨੇ ਬੜੀ ਮਿਹਨਤ ਨਾਲ਼ ਉਨ੍ਹਾਂ ਤੱਕ ਪਹੁੰਚ ਕਰਕੇ ਹਾਸਲ ਕੀਤੇ।

  ਦੂਜਾ ਪੜਾਅ: ਇਸ ਦਾ ਸਿਰਲੇਖ ਹੈ ‘ਆਖਰੀ ਬਾਜ਼ੀ ਲੱਗਦੀ ਹੈ ਮਾਰਚ 1947 ਤੋਂ 14 ਅਗਸਤ 1947’। ਇਸ ਹਿੱਸੇ ਵਿਚ ਵੱਖ ਵੱਖ ਧਿਰਾਂ ਵੱਲੋਂ ਬਰਤਾਨਵੀ ਹਾਕਮਾਂ ਨਾਲ਼ ਗੱਲਬਾਤ ਅਤੇ ਸਿਆਸੀ ਚਾਲਬਾਜ਼ੀਆਂ ਦਾ ਵੇਰਵਾ ਹੈ। ਬਰਤਾਨੀਆ ਵੱਲੋਂ ਮਿੱਥੇ ਸਮੇਂ ਤੋਂ ਪਹਿਲਾਂ ਸੱਤ੍ਹਾ ਸੌਂਪਣ ਦਾ ਫੈਸਲਾ ਹੋ ਗਿਆ ਸੀ। 3 ਜੂਨ 1947 ਦੀ ਯੋਜਨਾ ਤਹਿਤ ਪੰਜਾਬ ਤੇ ਬੰਗਾਲ ਨੂੰ ਵੰਡ ਦਿੱਤਾ ਗਿਆ। ਪੰਜਾਬ ਅਸੰਬਲੀ ਨੂੰ ਪੂਰਬੀ ਤੇ ਪੱਛਮੀ ਬਲਾਕ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਲੇਖਕ ਲਿਖਦੇ ਹਨ ਕਿ “ਜਦੋਂ ਲਾਹੌਰ ਦੇ ਜ਼ਿਆਦਾਤਰ ਹਿੱਸੇ ਅਤੇ ਸੂਬੇ ਭਰ ਵਿੱਚ ਵੱਡੀ ਗਿਣਤੀ ਦੇ ਪਿੰਡ ਅੱਗ ਨਾਲ਼ ਸੜ ਕੇ ਸੁਆਹ ਹੋ ਚੁੱਕੇ ਸਨ, ਉਦੋਂ ਪੰਜਾਬ ਦੀ ਵੰਡ ਬਾਰੇ ਫੈਸਲਾ ਕਰਨ ਲਈ ਵੋਟ ਪਾਉਣ ਜਾਂਦੇ ਸਮੇਂ ਪੰਜਾਬ ਅਸੈਂਬਲੀ ਦੇ 168 ਮੈਂਬਰ ਅਸੰਬਲੀ ਦੇ ਹਾਲਾਂ ਵਿੱਚ ਇਕ ਦੂਸਰੇ ਨਾਲ਼ ਹਾਸਾ-ਠੱਠਾ ਕਰ ਰਹੇ ਸਨ ਅਤੇ ਹੱਥ ਮਿਲ਼ਾ ਰਹੇ ਸਨ।” ਫਿਰ ਪੰਜਾਬ ਹੱਦਬੰਦੀ ਕਮਿਸ਼ਨ ਬਣਿਆ ਜਿਸ ਦੇ ਦੋ ਮੈਂਬਰ ਜਸਟਿਸ ਮਿਹਰ ਚੰਦ ਮਹਾਜਨ ਅਤੇ ਜਸਟਿਸ ਤੇਜਾ ਸਿੰਘ ਕਾਂਗਰਸ ਨੇ ਨਾਮਜਦ ਕੀਤੇ ਅਤੇ ਮੁਸਲਿਮ ਲੀਗ ਨੇ ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ ਨੂੰ ਨਾਮਜਦ ਕੀਤਾ। ਇਲਾਕਿਆਂ ਦੀ ਵੰਡ ਲਈ, ਖਾਸ ਕਰਕੇ ਲਾਹੌਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਲਈ ਹੋਈ ਜੋੜ ਤੋੜ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਫਿਰਕੂ ਅੱਗ ਪੂਰੇ ਜ਼ੋਰ ਨਾਲ਼ ਸਾਰੇ ਸੂਬੇ ਵਿੱਚ ਫੈਲ ਗਈ ਸੀ।

  ਤੀਜੇ ਪੜਾਅ ਵਿੱਚ ਕਤਲੋਗਾਰਤ ਅਤੇ ਹਮਲਿਆਂ ਨਾਲ਼, ਪੱਛਮੀ ਪੰਜਾਬ ਵਿੱਚੋਂ ਹਿੰਦੂ ਸਿੱਖਾਂ ਦੀ ਹਿਜ਼ਰਤ ਅਤੇ ਪੂਰਬੀ ਪੰਜਾਬ ਅਤੇ ਰਜਵਾੜਾਸ਼ਾਹੀ ਰਿਆਸਤਾਂ ਵਿੱਚੋਂ ਮੁਸਲਮਾਨਾਂ ਦੀ ਹਿਜ਼ਰਤ ਦੇ ਵੇਰਵੇ ਹਨ। ਵਿਸ਼ਲੇਸ਼ਣ ਤੇ ਸਿੱਟੇ – ਇਸ ਹਿੱਸੇ ਵਿੱਚ ਲੇਖਕ ਸਾਰੇ ਦੁਖਾਂਤ ਦੀਆਂ ਜੜ੍ਹਾਂ ਤਲਾਸ਼ਦਾ ਹੋਇਆ ਕੁੱਝ ਸਿੱਟੇ ਕੱਢਦਾ ਹੈ। ਉਹ ਲਿਖਦੇ ਹਨ ਕਿ ਪੰਜਾਬ ’ਤੇ ਕਬਜੇ ਤੋਂ ਬਾਅਦ ਹਾਕਮਾਂ ਨੇ ਇੱਥੇ ਬਸਤੀਵਾਦੀ ਨੀਤੀ ਮੁਤਾਬਕ ਆਧੁਨਿਕੀਕਰਨ ਸ਼ੁਰੂ ਕੀਤਾ। ਉਹ ਲਿਖਦੇ ਹਨ, “ਸਰਮਾਏਦਾਰੀ ਢਾਂਚੇ ਦੇ ਅੰਦਰ ਰਹਿੰਦਿਆਂ ਜਿਵੇਂ ਜਿਵੇਂ ਨਵੇਂ ਮਾਲ਼ੀ ਮੌਕੇ ਉੱੱਭਰਨ ਲੱਗੇ, ਹਿੰਦੂਆਂ ਅਤੇ ਸਿੱਖਾਂ ਨੂੰ ਇਸ ਦਾ ਫਾਇਦਾ ਹੋਇਆ ਜਦ ਕਿ ਮੁਸਲਮਾਨ ਪਿੱਛੇ ਰਹਿ ਗਏ। 20 ਵੀਂਸਦੀ ਦੇ ਸ਼ੁਰੂ ਵਿੱਚ ਛੋਟੇ ਤੇ ਵੱਡੇ ਮੁਸਲਮਾਨ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਹਿੰਦੂ ਅਤੇ ਸਿੱਖ ਵਪਾਰੀਆਂ ਅਤੇ ਸ਼ਾਹੂਕਾਰਾਂ ਵੱਲੋਂ ਜਬਰਨ ਖਰੀਦੇ ਜਾਣ ਕਾਰਨ, ਮੁਸਲਮਾਨਾਂ ਵਿੱਚ ਪੈਦਾ ਹੋ ਰਹੀ ਨਾਰਾਜ਼ਗੀ ਨੂੰ ‘ਪੰਜਾਬ ਜ਼ਮੀਨ ਵੱਖਰਾਕਰਨ ਕਾਨੂੰਨ-1901’ ਦੇ ਜ਼ਰੀਏ ਰੋਕਿਆ ਗਿਆ ਜੋ ਖੇਤੀਬਾੜੀ ਨਾ ਕਰਨ ਵਾਲ਼ੀਆਂ ਜਾਤਾਂ ਉੱਪਰ ਵਾਹੀ ਵਾਲ਼ੀ ਜ਼ਮੀਨ ਹਾਸਲ ਕਰਨ ’ਤੇ ਕਨੂੰਨੀ ਪਬੰਦੀ ਲਾਉਂਦਾ ਸੀ। ਬਦਕਿਸਮਤੀ ਨਾਲ਼ ਸ਼ਾਹੂਕਾਰ ਫੇਰ ਵੀ ਮੁਸਲਮਾਨ ਦਲਾਲਾਂ ਦੇ ਜ਼ਰੀਏ ਇਹ ਕੰਮ ਕਰਦੇ ਰਹੇ। ਪਰ ਜ਼ਮੀਨ ਜਬਰਨ ਖਰੀਦਣ ਦੀ ਕਾਰਵਾਈ ਇਸ ਕਨੂੰਨ ਤਹਿਤ ਕਾਫੀ ਘੱਟ ਹੋ ਗਈ। ਇਨ੍ਹਾਂ ਤਬਦੀਲੀਆਂ ਦੇ ਬਾਵਜੂਦ ਜਦੋਂ ਜੁਲਾਈ 1947 ਵਿੱਚ ਕਾਂਗਰਸ ਅਤੇ ਸਿੱਖਾਂ ਨੇ ਪੰਜਾਬ ਸਰਹੱਦ ਕਮਿਸ਼ਨ ਮੂਹਰੇ ਆਪਣੇ ਦਾਅਵੇ ਪੇਸ਼ ਕੀਤੇ ਉਦੋਂ ਉਨ੍ਹਾਂ ਦੀ ਜ਼ਬਰਦਸਤ ਦਲੀਲ ਸੀ ਕਿ ਹਿੰਦੂ ਅਤੇ ਸਿੱਖ ਪੰਜਾਬ ਵਿੱਚ 75-80 ਫ਼ੀਸਦੀ ਜਾਇਦਾਦ ਦੇ ਮਾਲਕ ਹਨ। ਦੂਜੇ ਲਫਜ਼ਾਂ ਵਿੱਚ ਮੁਸਲਮਾਨਾਂ ਦਾ ਗਰੀਬ ਹੋਣਾ ਤੇ ਉਨ੍ਹਾਂ ਵਿੱਚ ਮੰਦਹਾਲੀ ਦਾ ਅਹਿਸਾਸ ਬੁਨਿਆਦੀ ਸੱਚਾਈ ਸੀ।”

  (ਸਫਾ 607) ਨਫਰਤ ਵਧਣ ਦੇ ਹੋਰ ਕਾਰਨਾਂ ਵਿੱਚ ਇੱਕ ਸੀ ਵੀਹਵੀਂ ਸਦੀ ਦਾ ਮਜ਼੍ਹਬੀ ਮੁੜ ਉਭਾਰ। ਆਪੋ ਆਪਣੇ ਧਰਮਾਂ ਮੁਤਾਬਕ ‘ਖਾਲਸ ਤੇ ਅਸਲੀ’ ਹੋਣ ਦਾ ਪ੍ਰਚਾਰ। ਮੁਸਲਿਮ ਲੀਗ ਵੱਲੋਂ ਮਾਰਚ 1940 ਦੇ ਲਾਹੌਰ ਮਤੇ ਨਾਲ਼ ਮੁਸਲਮਾਨ ਬਹੁ-ਗਿਣਤੀ ਵਾਲ਼ੇ ਇਲਾਕਿਆਂ ਵਿੱਚ ਭਾਈਚਾਰਕ ਸਾਂਝ ਨੂੰ ਵੱਡਾ ਝਟਕਾ ਲੱਗਾ। ਪ੍ਰੈੱਸ ਦੇ ਰੋਲ਼ ਨੇ ਵੀ ਫਿਰਕਾਪ੍ਰਸਤੀ ਨੂੰ ਸ਼ਹਿ ਦਿੱਤੀ। ਸਿੱਖਾਂ ਨੇ ਜੁਆਬੀ ਕਾਰਵਾਈ ਕਰਦਿਆਂ ਧਰਮ ਦੇ ਆਧਾਰ ’ਤੇ ਪੰਜਾਬ ਦੀ ਵੰਡ ਦੀ ਮੰਗ ਕੀਤੀ। ਪਰ ਇਸ ਸਾਰੇ ਫਿਰਕੂ ਅਤੇ ਕਤਲੋਗਾਰਤ ਦੇ ਮਾਹੌਲ ਵਿੱਚ ਵੀ ਬਹੁਗਿਣਤੀ ਮੁਸਲਮਾਨ, ਹਿੰਦੂ ਅਤੇ ਸਿੱਖ, ਮੁਸੀਬਤ ਮੌਕੇ ਇੱਕ ਦੂਜੇ ਦੇ ਕੰਮ ਆਏ। ਦੂਸਰੇ ਧਰਮ ਦੇ ਬੰਦਿਆਂ ਵਾਸਤੇ ਅਤੇ ਖਾਸ ਕਰਕੇ ਨੌਜਵਾਨ ਲੜਕੀਆਂ ਨੂੰ ਬਚਾਉਣ ਵਾਸਤੇ ਕਈ ਥਾਈਂ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਨਹੀਂ ਝਿਜਕੇ। ਦੂਜੇ ਪਾਸੇ ਜਗੀਰੂ ਸੱਭਿਆਚਾਰਕ ਪੱਛੜੀਆਂ ਕਦਰਾਂ ਕੀਮਤਾਂ ਦਾ ਬੋਝ ਵੀ ਪੰਜਾਬੀ ਮਨਾਂ ’ਤੇ ਭਾਰੂ ਸੀ। 1947 ਦੀ ਤਰਾਸਦੀ ਦੇ ਇੱਕ ਸ਼ਰਮਨਾਕ ਪਹਿਲੂ ਦਾ ਵੇਰਵਾ ਦੇਂਦੇ ਹੋਏ ਲੇਖਕ ਲਿਖਦਾ ਹੈ ਕਿ ਇੱਜ਼ਤ ਦੇ ਨਾਂ ’ਤੇ ਆਪਣੀਆਂ ਹੀ ਲੱਖਾਂ ਕੁੜੀਆਂ ਨੂੰ ਆਪਣੇ ਹੱਥੀਂ ਕਤਲ ਕਰਨ ਦਾ ਵਰਤਾਰਾ ਸਾਰੇ ਪੰਜਾਬੀਆਂ ਵਿੱਚ ਆਮ ਸੀ, ਹਿੰਦੂ-ਸਿੱਖਾਂ ਵਿੱਚ ਵੀ ਅਤੇ ਮੁਸਲਮਾਨਾਂ ਵਿੱਚ ਵੀ। ਇਸ਼ਤਿਆਕ ਅਹਿਮਦ ਦੀ ਇਹ ਕਿਤਾਬ, ਪੰਜਾਬ ਦੀ ਵੰਡ ਦੇ ਦੁਖਾਂਤ ਨੂੰ ਪੇਸ਼ ਕਰਨ ਵਾਲ਼ੀ ਇੱਕ ਐਸੀ ਦਸਤਾਵੇਜ਼ ਹੈ ਜੋ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ। ਪੰਜਾਬੀ ਹੀ ਕਿਉਂ ਹਰੇਕ ਸੰਵੇਦਨਸ਼ੀਲ ਇਨਸਾਨ ਨੂੰ ਪੜ੍ਹਨੀ ਚਾਹੀਦੀ ਹੈ। ਆਰਥਿਕ ਨਾ ਬਰਾਬਰੀ ਵਾਲ਼ੇ ਸਮਾਜ ਵਿਰੁੱਧ ਕਿਰਤੀ ਲੋਕਾਂ ਦੀ ਮੁਕਤੀ ਲਈ ਸੰਘਰਸ਼ ਕਰ ਰਹੇ ਕਾਰਕੁੰਨਾਂ ਨੂੰ ਵੀ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ। ਫਾਸੀਵਾਦ ਅਤੇ ਫਿਰਕਾਪ੍ਰਸਤੀ ਖ਼ਿਲਾਫ਼ ਲੜਨ ਲਈ ਇਹ ਪ੍ਰੇਰਨਾ ਦੇਂਦੀ ਹੈ। ਏਡੇ ਵੱਡੇ ਦੁਖਾਂਤ ਵਿੱਚ ਆਮ ਲੋਕਾਂ ਵੱਲੋਂ ਦੂਜੇ ਧਰਮ ਦੇ ਲੋਕਾਂ ਦੀ ਸਹਾਇਤਾ ਦੇ ਕਿੱਸੇ, ਕਤਲੋ ਗ਼ਾਰਤ ਦੇ ਕਿੱਸਿਆਂ ਨਾਲ਼ੋਂ ਘੱਟ ਨਹੀਂ ਹਨ। ਇਸ਼ਤਿਆਕ ਅਹਿਮਦ ਸਿੱਟਾ ਕੱਢਦੇ ਹਨ ਕਿ “ਇਨਸਾਨੀ ਸੁਭਾਅ ਪੈਦਾਇਸ਼ੀ ਖੁਦਗਰਜ਼ ਅਤੇ ਲੜਾਕਾ ਨਹੀਂ ਹੈ ਜਿਵੇਂ ਕਿ ਹੌਬਸ ਮੰਨਦਾ ਹੈ, ਨਾ ਹੀ ਇਹ ਅੰਨ੍ਹਾ ਪਰਉਪਕਾਰੀ ਤੇ ਸ਼ੱਕ ਰਹਿਤ ਇਤਬਾਰੀ ਹੈ; ਸਗੋਂ ਜਿਊਂਦੇ ਰਹਿਣ ਦੀ ਪ੍ਰਵਿਰਤੀ ਹਰ ਹਾਲ ਵਿਚ ਮਹੱਤਵਪੂਰਨ ਹੁੰਦੀ ਹੈ, ਤੇ ਇਹ ਟੀਚਾ ਇਤਬਾਰ ਅਤੇ ਭਾਈਚਾਰਕ ਥਵਾਕ ਦੇ ਸਹਾਰੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ, ਤੇ ਗੈਰ ਇਤਬਾਰ ਅਤੇ ਝੜਪਾਂ ਨਾਲ਼ ਵੀ, ਜੋ ਮੌਕੇ ਦੇ ਹਾਲਾਤ ’ਤੇ ਨਿਰਭਰ ਹੈ। ਯਾਦ ਰੱਖੀਏ ਕਿ ਪਛਾਣ – ਜਾਤੀ ਅਤੇ ਸਮੂਹਕ, ਦੋਹਾਂ ਪੱਧਰਾਂ ’ਤੇ ਬਹੁ ਪੱਖੀ ਹੈ, ਤਾਂ ਦਲੀਲ ਦਿੱਤੀ ਜਾ ਸਕਦੀ ਹੈ ਕਿ ਭਾਵੇਂ ਹਿੰਦੂ ਮੁਸਲਮਾਨ ਅਤੇ ਸਿੱਖ ਪਛਾਣ ਇੱਕ ਦੂਜੇ ਨਾਲ਼ ਅਮਨ ਚੈਨ ਨਾਲ਼ ਰਹਿਣ ਵਿੱਚ ਕੋਈ ਵੱਡੀ ਰੁਕਾਵਟ ਨਾਂ ਵੀ ਪਾਉਂਦੀ, ਤਾਂ ਵੀ ਜਾਤ ਪਾਤ ਦਾ ਪੱਖਪਾਤ ਅਤੇ ਮਾਲੀ ਗੈਰ ਬਰਾਬਰੀ ਭਾਈਚਾਰਿਆਂ ਵਿੱਚ ਤਣਾਅ ਪੈਦਾ ਕਰਨਾ ਸੀ। ਇਨ੍ਹਾਂ ਮਸਲਿਆਂ ਦਾ ਹੱਲ ਲੱਭਦਾ ਕੋਈ ਜਮਹੂਰੀ ਤਰੀਕਾ ਆਪਸੀ ਫਰਕ ਮਿਟਾ ਕੇ ਸਾਂਝੇ ਸੱਭਿਆਚਾਰ ਤੇ ਰਵਾਇਤਾਂ ਉੱਪਰ ਜ਼ੋਰ ਦੇ ਸਕਦਾ ਸੀ, ਪਰ 1947 ਵਿੱਚ ਜਦੋਂ ਤਿੰਨੇ ਫ਼ਿਰਕਿਆਂ ਦੇ ਆਗੂ ਸਾਂਝੀ ਹਕੂਮਤ ਲਈ ਕਿਸੇ ਫਾਰਮੂਲੇ ਉੱਪਰ ਰਾਜ਼ੀ ਨਹੀਂ ਹੋ ਸਕੇ ਤਾਂ ਇਸ ਦੀ ਬਜਾਏ ਹਿੰਸਾ ਅਤੇ ਫ਼ਸਾਦ ਭੜਕ ਉੱਠੇ।” (ਸਫ਼ਾ 639-640) ਅਜੋਕੇ ਸਰਮਾਏਦਾਰੀ ਦੇ ਸੰਕਟ ਸਮੇਂ, 1947 ਦੇ ਦੁਖਾਂਤ ਦੀ ਇਹ ਕਹਾਣੀ ਇੱਕ ਬਹੁਤ ਵੱਡਾ ਸਬਕ ਹੈ ਜੋ ਦੱਸਦਾ ਹੈ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਰਹਿਤ ਸਮਾਜ ਵਿੱਚ ਹੀ ਇਹ ਸੰਭਵ ਹੈ ਕਿ ਕੋਈ ਮਨੁੱਖ ਜਾਂ ਕੋਈ ਮਨੁੱਖੀ ਸਮੂਹ ਇੱਕ ਦੂਜੇ ਦਾ ਦੁਸ਼ਮਣ ਨਾ ਬਣੇ। ਮਨੁੱਖ ਜਾਤੀ ਦੇ ਮੁਕਤੀ ਸੰਗਰਾਮ ਲਈ ਲੜ ਰਹੀਆਂ ਸ਼ਕਤੀਆਂ ਜਦੋਂ ਕਮਜ਼ੋਰ ਹੁੰਦੀਆਂ ਹਨ, ਤਾਂ ਮਨੁੱਖ ਦੋਖੀ ਕਾਲ਼ੀਆਂ ਸ਼ਕਤੀਆਂ ਦੀ ਚੜ੍ਹ ਮੱਚਦੀ ਹੈ ਅਤੇ 1947 ਵਰਗੇ ਦੁਖਾਂਤ ਵਾਪਰਦੇ ਹਨ। ਮਨੁੱਖਤਾ ਨੂੰ ਪਿਆਰ ਕਰਨ ਵਾਲ਼ੇ ਹਰੇਕ ਇਨਸਾਨ ਨੂੰ ਆਪਣੇ ਇਤਿਹਾਸ ਦੇ ਕਾਲ਼ੇ ਦੌਰਾਂ ਵਿੱਚ ਹੋਏ ਗੁਨਾਹਾਂ ਦੀ ਜ਼ਿੰਮੇਵਾਰੀ ਕਬੂਲਦੇ ਹੋਏ, ਬੀਤੇ ਦੇ ਭਿਆਨਕ ਸਮਿਆਂ ਵਿੱਚ ਵੀ ਮਨੁੱਖਤਾ ਦੀ ਮਸ਼ਾਲ ਜਲਦੀ ਰੱਖਣ ਵਾਲ਼ੀਆਂ ਮਿਸਾਲਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਇਸ਼ਤਿਆਕ ਅਹਿਮਦ ਨੇ ਇਹ ਪੁਸਤਕ ਲਿਖ ਕੇ ਇਸ ਮਾਮਲੇ ਵਿੱਚ ਸ਼ਾਨਦਾਰ ਕੰਮ ਕੀਤਾ ਹੈ।

  (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img