ਅੰਮ੍ਰਿਤਸਰ, 27 ਮਈ (ਰਛਪਾਲ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ ਨੂੰ ਸਿੱਖਣ ਪੱਖੋਂ ਉਪਯੋਗੀ ਬਣਾਉਣ ਲਈ ਵਿਭਾਗ ਵਲੋਂ ਕੀਤੇ ਗਏ ਉਪਰਾਲੇ ਤਹਿਤ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਪ੍ਰੋਜੈਕਟ ਪੜੋ ਪੰਜਾਬ ਪੜਾਓ ਪੰਜਾਬ ਅਧੀਨ ਵੱਖ ਵੱਖ ਵਿਸ਼ਿਆਂ ਦੀਆਂ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ।
ਇਸ ਸੰਬੰਧੀ ਅੰਗਰੇਜੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਸੂਬਾਈ ਰਿਸੋਰਸ ਪਰਸਨ ਚੰਦਰ ਸ਼ੇਖਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਅੰਗਰੇਜੀ ਬੋਲਣ ਦੇ ਅਭਿਆਸ ਦੀਨ ਲਗਾਤਾਰਤਾ ਬਣਾਈ ਰੱਖਣ ਅਤੇ ਪ੍ਰਯੋਗੀ ਤਰੀਕੇ ਨਾਲ ਸਮਾਜਿਕ ਸਿੱਖਿਆ ਵਿਸ਼ੇ ਦਾ ਗਿਆਨ ਗ੍ਰਹਿਣ ਕਰਨ ਦੇ ਮਨੋਰਥ ਨਾਲ ਆਨਲਾਈਨ ਸਮਰ ਕੈਂਪਾਂ ਦੌਰਾਨ ਦੋਵੇਂ ਹੀ ਵਿਸ਼ਿਆਂ ਲਈ ਗਤੀਵਿਧੀਆਂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਦਾਖਲਾ ਮੁਹਿੰਮ ਦੇ ਸਟੇਟ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਅਤੇ ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਨੇ ਕਿਹਾ ਕਿ ਵਿਭਾਗ ਵਲੋਂ ਸਵੈ ਇੱਛਾ ਨਾਲ ਲਗਾਏ ਜਾ ਰਹੇ ਆਨਲਾਈਨ ਸਮਰ ਕੈਪਾਂ ਵਿੱਚ ਵਿਦਿਆਰਥੀਆਂ ਨੂੰ ਪੜਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਅੰਗਰੇਜੀ ਵਿਸ਼ੇ ਲਈ ‘ ਹੈਂਡ ਰਾਈਟਿੰਗ, ਪਬਲਿਕ ਸਪੀਕਿੰਗ, ਸ਼ੋਅ ਐਂਡ ਟੈੱਲ, ਸਟੋਰੀ ਟੈਲਿੰਗ, ਪੋਇਮ ਰੈਸੀਟੇਸ਼ਨ, ਨਿਊਜ ਪੇਪਰ/ਬੁੱਕ ਰਿਵਿਊ ਅਤੇ ਸਕਰੈਪ ਬੁੱਕ ਤਿਆਰ ਕਰਨ ਸਮੇਤ ਕੁੱਲ 13 ਗਤੀਵਿਧੀਆਂ ਸੁਝਾਈਆਂ ਗਈਆਂ ਹਨ ਇਸੇ ਤਰਾਂ ਸਮਾਜਿਕ ਸਿੱਖਿਆ ਵਿਸ਼ੇ ਅਧੀਨ ਵਿਦਿਆਰਥੀਆਂ ਲਈ ‘ ਸਕੂਲ/ਪਿੰਡ/ਘਰ ਦਾ ਨਕਸ਼ਾ ਤਿਆਰ ਕਰਨ, ਵੱਖ ਵੱਖ ਕਿਸਮਾਂ ਦੀਆਂ ਮਿੱਟੀਆਂ ਤੋਂ ਸਕਰੈਪ ਬੁੱਕ ਤਿਆਰ ਕਰਨਾ, ਇਤਿਹਾਸਿਕ ਇਮਾਰਤਾਂ ਅਤੇ ਦੇਸ਼ ਭਗਤਾਂ ਦੀਆਂ ਤਸਵੀਰਾਂ ਇਕੱਤਰ ਕਰਨਾ ਅਤੇ ਗੁਬਾਰੇ ਦੀ ਮਦਦ ਨਾਲ ਗਲੋਬ ਦੀ ਤਰਾਂ ਅਕਸ਼ਾਂਸ/ਦਿਸ਼ਾਂਤਰ/ਸਾਗਰ/ਮਹਾਂਸਾਗਰ ਆਦਿ ਵਿਖਾਉਣ ਸਮੇਤ 11 ਗਤੀਵਿਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਿਸ਼ਾ ਅਧਿਆਪਕ ਇੰਨਾਂ ਤੋਂ ਇਲਾਵਾ ਆਪਣੇ ਪੱਧਰ ਤੇ ਹੋਰ ਗਤੀਵਿਧੀਆਂ ਵੀ ਕਰਵਾ ਸਕਦੇ ਹਨ।
ਸਿੱਖਿਆ ਅਧਿਕਾਰੀਆਂ ਵਲੋਂ ਸਕੂਲ ਮੁਖੀਆਂ ਤੇ ਵਿਸ਼ਾ ਅਧਿਆਪਕਾਂ ਨੂੰ ਇੰਨਾਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਨੂੰ ਲੋੜੀਂਦੀ ਅਗਵਾਈ ਦੇਣ ਲਈ ਕਿਹਾ ਹੈ। ਇਸ ਸਮੇਂ ਸ਼੍ਰੀਮਤੀ ਜਸਵਿੰਦਰ ਕੌਰ ਜ਼ਿਲ਼ਾ ਮੈਂਟਰ ਅੰਗਰੇਜੀ ਤੇ ਸਮਾਜਿਕ ਸਿੱਖਿਆ ਅੰਮ੍ਰਿਤਸਰ ਤੇ ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇੰਨਾਂ ਆਨਲਾਈਨ ਕ੍ਰਿਆਵਾਂ ਦਾ ਮਨੋਰਥ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਰਵਾਏ ਜਾ ਚੁੱਕੇ ਪਾਠਕ੍ਰਮ ਦੀ ਦੁਹਰਾਈ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰਖਣਾ ਹੈ। ਤਸਵੀਰ ਕੈਪਸ਼ਨ: ਸਿੱਖਿਆ ਵਿਭਗ ਪੰਜਾਬ ਵਲੋਂ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਲਗਾਏੇ ਜਾ ਰਹੇ ਆਨਲਾਈਨ ਸਮਰ ਕੈਂਪ ਦਾ ਲੋਗੋ।