ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਪੰਜਾਬੀ ਨੌਜਵਾਨ ਕੈਨੇਡਾ ’ਚ ਬਣਿਆ ਵਕੀਲ

495

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਸੀ ਲਾਅ ਦੀ ਡਿਗਰੀ

Italian Trulli

ਨਾਭਾ, 14 ਸਤੰਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਦਾ ਨੌਜਵਾਨ ਵਰਗ ਰੋਜ਼ ਮਰ੍ਹਾ ਹੀ ਚੰਗੇ ਭਵਿੱਖ ਦੀ ਤਲਾਸ਼ ਵਿੱਚ ਲੱਖਾਂ ਰੁਪਏ ਖਰਚ ਕਰਕੇ ਹਜ਼ਾਰਾਂ ਦੀ ਤਾਦਾਦ ਵਿੱਚ ਵਿਦੇਸ਼ੀ ਧਰਤੀ ਵੱਲ ਰੁਖ਼ ਕਰ ਰਹੇ ਹਨ। ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਆਸਾਨੀ ਦੇ ਨਾਲ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਕੜੀ ਮਿਹਨਤ ਮੁਸ਼ੱਕਤ ਦੇ ਨਾਲ ਅਜਿਹਾ ਹੀ ਮੁਕਾਮ ਹਾਸਿਲ ਕੀਤਾ ਹੈ ਨਾਭਾ ਦੇ ਰਹਿਣ ਵਾਲੇ ਨੌਜਵਾਨ ਪ੍ਰੀਤਇੰਦਰ ਸਿੰਘ ਭੰਦੋਹਲ ਨੇ, ਜਿਸ ਨੇ ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਨਾਭਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤਇੰਦਰ ਸਿੰਘ ਭੰਦੋਹਲ ਨੂੰ ਨਾਭਾ ਬਾਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੀਤਇੰਦਰ ਸਿੰਘ ਭੰਦੋਹਲ ਕੈਨੇਡੀਅਨ ਵਕੀਲ ਨੇ ਕਿਹਾ ਕਿ ਉਸ ਨੂੰ ਆਨਲਾਈਨ ਪੜ੍ਹਾਈ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇਹ ਮੁਕਾਮ ਹਾਸਲ ਕਰਨ ਲਈ ਉਸ ਨੇ ਰਾਤ ਸਮੇਂ ਅੱਠ-ਅੱਠ ਘੰਟੇ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਅਤੇ ਦਿਨ-ਰਾਤ ਇੱਕ ਕਰਕੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ।

ਉਸ ਨੇ ਕਿਹਾ ਕਿ ਅੱਜ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ, ਉਹ ਬਹੁਤ ਖੁਸ਼ ਹੈ। ਪ੍ਰੀਤਇੰਦਰ ਨੇ ਕਿਹਾ ਕਿ ਹੁਣ ਉਹ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਵਿਚ ਜਾ ਕੇ ਫਰੀ ਸੈਮੀਨਾਰ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਉਸ ਨੇ ਪੰਜਾਬ ਦੇ ਮਾੜੇ ਸਿਸਟਮ ਦੇ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਹੀ ਚੰਗੀਆਂ ਨੌਕਰੀਆਂ ਦੇ ਸਾਧਨ ਹੋਣ ਤਾਂ ਕੋਈ ਵੀ ਵਿਦੇਸ਼ੀ ਧਰਤੀ ਵੱਲ ਨੌਜਵਾਨ ਰੁੱਖ ਨਹੀਂ ਕਰੇਗਾ।

ਪ੍ਰੀਤਇੰਦਰ ਦੇ ਪਿਤਾ ਗਿਆਨ ਸਿੰਘ ਮੂੰਗੋ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਸ ਦੇ ਬੇਟੇ ਨੇ ਸਖ਼ਤ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ ਹੈ, ਉਸ ਨਾਲ ਉਹ ਬਹੁਤ ਖੁਸ਼ ਹੈ। ਉਨ੍ਹਾਂ ਪ੍ਰੀਤਇੰਦਰ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਨਾਭਾ ਬਾਰ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਕੀਲ ਮੋਹਨ ਲਾਲ ਵਰਮਾ ਨੇ ਕਿਹਾ ਕਿ ਇਹ ਨਾਭਾ ਬਾਰ ਐਸੋਸੀਏਸ਼ਨ ਦੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ, ਜੋ ਇਸ ਬਾਰ ਦਾ ਮੈਂਬਰ ਕਨੇਡਾ ਵਿੱਚ ਵਕੀਲ ਬਣਿਆ ਹੈ। ਇਸ ਨੌਜਵਾਨ ਤੋਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲੇਗੀ। ਇਸ ਨੌਜਵਾਨ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਨਾਭਾ ਸ਼ਹਿਰ ਦਾ ਵੀ ਨਾਂਅ ਰੌਸ਼ਨ ਕੀਤਾ ਹੈ।