ਮੋਦੀ ਦੀ ਕੈਨੇਡੀਅਨ ਸਿੱਖਾਂ ਨੂੰ ਦਿੱਤੀ ਗੋਲ ਧਮਕੀ ਵੀ ਕਰ ਗਏ ਹਜ਼ਮ
ਕੈਨੇਡਾ ਤੇ ਹਿੰਦੁਸਤਾਨ ਵਿਚਾਲੇ ਹੋਏ 6 ਸਮਝੌਤੇ
ਨਵੀਂ ਦਿੱਲੀ, (ਏਜੰਸੀਆਂ): ‘‘ਅੱਧੀ ਤੇਰੀ ਆਂ ਮੁਲਾਜ਼ੇਦਾਰਾਂ, ਅੱਧੀ ਮੈਂ ਗਰੀਬ ਜੱਟ ਦੀ’’ ਦੇ ਬੋਲਾਂ ਅਨੁਸਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਮੋਦੀ ਦੀ ਜੱਫ਼ੀ ਤੇ ਧਮਕੀ ਨੂੰ ਇਕੋ ਜਿਹਾ ਮੰਨ ਕੇ ‘‘ ਅੱਤਵਾਦ ਤੇ ਵੱਖਵਾਦ’’ ਦੇ ਅਲਾਪੇ ਰਾਗ ਨੂੰ ਪ੍ਰਵਾਨ ਕਰਕੇ, ਮੋਦੀ ਨੂੰ ਵੀ ਖੁਸ਼ ਕਰ ਗਏ। ਇਸ ਤੋਂ ਪਹਿਲਾ ਉਹ ਦਰਬਾਰ ਸਾਹਿਬ ਵਿਖੇ ਪੂਰਨ ਸ਼ਰਧਾ ਨਾਲ ਨਤਮਸਤਕ ਹੋ ਕੇ ਤੇ ਢੋਲ ਦੇ ਡੱਗੇ ਤੇ ਭੰਗੜਾ ਪਾ ਕੇ ਸਿੱਖਾਂ ਨੂੰ ਵੀ ਖੁਸ਼ ਕਰ ਗਏ ਸਨ। ਮੋਦੀ ਨੇ ਦਿੱਲੀ ਵਿਖੇ ਟੂਰਡੋ ਨੂੰ ਜੱਫ਼ੀ ਪਾ ਕੇ ਮਿਲਣੀ ਕੀਤੀ। ਪ੍ਰੰਤੂ ਸਾਂਝੀ ਪ੍ਰੈਸ ਕਾਂਨਫਰੰਸ ’ਚ ਭਾਰਤ ਅੱਤਵਾਦ ਤੇ ਵੱਖਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ, ਕੈਨੇਡਾ ਨੂੰ ਧਮਕੀ ਦੇਣ ਤੱਕ ਉਤਰ ਆਏ। ਪ੍ਰੰਤੂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਹਿੰਦੂਤਵੀਆਂ ਵਲੋਂ ਅਲਾਪੇ ਇਸ ਰਾਗ ਤੇ ਗੋਲ ਮੋਲ ਮੋਹਰ ਲਾਉਂਦਿਆ, ਇਸ ਮੱਦ ਨੂੰ ਦੋਵਾਂ ਦੇਸ਼ਾਂ ਵਿਚ ਹੋਏ 6 ਨੁਕਾਤੀ ਸਮਝੌਤੇ ’ਚ ਸ਼ਾਮਿਲ ਕਰ ਲਿਆ।
ਵਪਾਰਿਕ ਰਿਸ਼ਤਿਆਂ ਨੂੰ ਵੀ ਵਧਾਉਣ ਦੀ ਇਸ ਸਮਝੌਤੇ ’ਚ ਚਾਰ ਮੱਦਾਂ ਸ਼ਾਮਿਲ ਕੀਤੀਆ ਗਈਆ। ਕੀ ਜਸਟਿਨ ਟਰੂਡੋ ਨੇ ਮੌਕੇ ਅਨੁਸਾਰ ਰੰਗ ਬਦਲਿਆ? ਇਸ ਸੱਚ ਤੋਂ ਪਰਦਾ ਟਰੂਡੋ ਦੇ ਵਾਪਸ ਕੈਨੇਡਾ ਪਰਤ ਕੇ ਮੋਦੀਕਿਆਂ ਵਲੋਂ ਪਾਈ ਖਾਲਿਸਤਾਨੀ ਕਾਵਾਂ ਰੋਲੀ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫ਼ਿਲਹਾਲ ਦੋਵੇਂ ਧਿਰਾਂ ਹੀ ਆਪਣੇ ਆਪ ਨੂੰ ਜੇਤੂ ਮੰਨ ਕੇ ਖੁਸ਼ ਹਨ। ਮੁੰਨੀ ਦੇ ਮਾਪੇ ਦੇਣਗੇ ਕੀ? ਇਹ ਤਾਂ ਖੱਟ ਤੇ ਹੀ ਪਤਾ ਲੱਗੂ, ਪ੍ਰੰਤੂ ਸਿੱਖਾਂ ਆਪਣੇ ਭਵਿੱਖ ਪ੍ਰਤੀ ਗਹਿਰ ਗੰਭੀਰ ਹੋਣ ਦੀ ਨਸੀਹਤ ਜ਼ਰੂਰ ਮਿਲਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਸਬੰਧੀ ਮੁੱਦਿਆਂ ਸਮੇਤ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ‘ਤੇ ਡੂੰਘੀ ਵਿਚਾਰ ਚਰਚਾ ਕੀਤੀ। ਦੋਵਾਂ ਨੇਤਾਵਾਂ ਦਰਮਿਆਨ ਬੈਠਕ ਤੋਂ ਬਾਅਦ ਭਾਰਤ, ਕੈਨੇਡਾ ਨੇ ਊਰਜਾ ਖੇਤਰ ਵਿੱਚ ਸਹਿਯੋਗ ਸਮੇਤ ਕੁੱਲ ਛੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਤਕਰੀਬਨ ਦੋ ਘੰਟੇ ਤਕ ਚੱਲੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਾਂਝੇ ਤੌਰ ‘ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਦਰਮਿਆਨ ਦੁਵੱਲੀ ਹਿੱਸੇਦਾਰੀ ਦੇ ਸਾਰੇ ਪਹਿਲੂਆਂ ‘ਤੇ ਗੱਲਬਾਤ ਕੀਤੀ। ਇਸ ਮੌਕੇ ਮੋਦੀ ਨੇ ਕਿਹਾ ਕਿ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ ਜੋ ਸਿਆਸੀ ਟੀਚੇ ਪ੍ਰਾਪਤ ਕਰਨ ਲਈ ਧਰਮ ਦੀ ਵਰਤੋਂ ਕਰਦੇ ਹਨ। ਉਨਾਂ ਇਹ ਵੀ ਕਿਹਾ ਕਿ ਭਾਰਤ ਦੀ ਏਕਤਾ ਨੂੰ ਚੁਨੌਤੀ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੋਦੀ ਦਾ ਇਹ ਬਿਆਨ ਟਰੂਡੋ ਸਰਕਾਰ ਦੇ ਖ਼ਾਲਿਸਤਾਨ ਦੇ ਮੁੱਦੇ ‘ਤੇ ਨਰਮ ਰੁਖ਼ ਤੋਂ ਬਾਅਦ ਆਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ ਵਣਜ ਸਹਿਯੋਗੀ ਬਣਾਇਆ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਰੂਡੋ ਨਾਲ ਮੁਲਾਕਾਤ ਕਰ ਕੇ ਆਪਸੀ ਹਿਤਾਂ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਹਮਰੁਤਬਾ ਜਸਟਿਨ ਟਰੂਡੋ ਦਾ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਰੂਡੋ ਨੂੰ ਕਲ਼ਾਵੇ ਵਿੱਚ ਲੈਂਦਿਆਂ ਮੋਦੀ ਨੇ ਉਨਾਂ ਚਰਚਾਵਾਂ ਨੂੰ ਠੱਲ ਪਾਈ ਕਿ ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪ੍ਰਾਹੁਣਾਚਾਰੀ ਢੰਗ ਨਾਲ ਨਹੀਂ ਕੀਤੀ। ਟਰੂਡੋ ਦੇ ਨਾਲ ਉਨਾਂ ਦੀ ਪਤਨੀ ਸੋਫੀਆ, ਬੱਚੇ ਜ਼ੇਵੀਅਰ, ਐਲਾ-ਗ੍ਰੇਸ ਤੇ ਹੈਡ੍ਰੀਅਨ ਵੀ ਰਾਸ਼ਟਰਪਤੀ ਭਵਨ ਪਹੁੰਚੇ ਹਨ। ਮੋਦੀ ਨੇ ਸੋਫੀਆ ਟਰੂਡੋ, ਜ਼ੇਵੀਅਰ ਤੇ ਲਿਟਲ ਹੈਡ੍ਰੇਇਨ ਨਾਲ ਹੱਥ ਮਿਲਾਇਆ ਤੇ ਐਲੇ-ਗ੍ਰੇਸ ਨਾਲ ਖਾਸ ਗਲਵੱਕੜੀ ਪਾ ਕੇ ਪਿਆਰ ਜਤਾਇਆ।
ਅੱਜ ਟਰੂਡੋ ਦਾ ਰਸਮੀ ਸਵਾਗਤ ਕਰਨਾ ਮੋਦੀ ਸਰਕਾਰ ਦੀ ਆਲੋਚਨਾ ਦਾ ਕਾਰਨ ਬਣਿਆ ਹੋਇਆ ਸੀ, ਕਿਉਂਕਿ ਬੀਤੀ 17 ਫਰਵਰੀ ਤੋਂ ਭਾਰਤ ਪੁੱਜੇ ਟਰੂਡੋ ਇਸ ਤੋਂ ਪਹਿਲਾਂ ਆਗਰਾ, ਅਹਿਮਦਾਬਾਦ, ਮੁੰਬਈ ਤੇ ਅੰਮਿ੍ਰਤਸਰ ਵਰਗੇ ਸਥਾਨਾਂ ‘ਤੇ ਜਾ ਚੁੱਕੇ ਹਨ। ਅੰਮਿ੍ਰਤਸਰ ਵਿੱਚ ਉਨਾਂ ਦਾ ਪੰਜਾਬ ਸਰਕਾਰ ਵੱਲੋਂ ਸਵਾਗਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਮੋਦੀ ਨੇ ਟਰੂਡੋ ਤੇ ਉਨਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕਰ ਕੇ ਇਨਾਂ ਸਵਾਲਾਂ ‘ਤੇ ਰੋਕ ਲਾ ਦਿੱਤੀ ਹੈ। ਟਰੂਡੋ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਦੁਵੱਲੇ ਸਬੰਧਾਂ ਬਾਰੇ ਮੀਟਿੰਗ ਹੋਵੇਗੀ, ਜਿਸ ਦੌਰਾਨ ਕਈ ਸਮਝੌਤੇ ਹੋਣ ਦੀ ਉਮੀਦ ਹੈ।
ਪਹਿਰੇਦਾਰ ਤੋਂ ਧੰਨਵਾਦ ਸਾਹਿਤ