More

    ਅੱਤਵਾਦੀ ਬਣਾ 16 ਦਿਨ ਹਿਰਾਸਤ ਵਿਚ ਰੱਖਣ ਮਗਰੋਂ ਰਿਹਾਅ ਕੀਤਾ 18 ਸਾਲਾ ਨੌਜਵਾਨ ਜਸਪ੍ਰੀਤ ਸਿੰਘ

    ਪਿਛਲੇ ਦਿਨੀਂ ਪੰਜਾਬ ਪੁਲਸ ਵੱਲੋਂ ਅੱਤਵਾਦੀ ਕਹਿ ਕੇ ਗ੍ਰਿਫਤਾਰ ਕੀਤੇ ਪੰਜਾਬ ਦੇ ਤਿੰਨ ਨੌਜਵਾਨਾਂ ਵਿਚੋਂ ਇਕ 18 ਸਾਲਾ ਜਸਪ੍ਰੀਤ ਸਿੰਘ ਨੂੰ 16 ਦਿਨ ਹਿਰਾਸਤ ਵਿਚ ਰੱਖਣ ਤੋਂ ਬਾਅਦ ਸੋਮਵਾਰ ਰਾਤ ਰਿਹਾਅ ਕਰ ਦਿੱਤਾ ਗਿਆ। ਜਸਪ੍ਰੀਤ ਸਿੰਘ ਨੂੰ ਪੁਲਸ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਅਧੀਨ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਪੁਲਸ ਨੇ ਪਟਿਆਲਾ ਅਦਾਲਤ ਨੂੰ ਕਿਹਾ ਕਿ ਜਸਪ੍ਰੀਤ ਸਿੰਘ ਖਿਲਾਫ ਸਬੂਤ ਨਾ ਮਿਲਣ ਕਰਕੇ ਉਸਨੂੰ ਇਸ ਮਾਮਲੇ ਵਿਚੋਂ ਬਾਹਰ ਕਰ ਦਿੱਤਾ ਜਾਵੇ।

    ਜਸਪ੍ਰੀਤ ਸਿੰਘ ਦੇ ਮਾਪਿਆਂ ਦਾ ਕਹਿਣਾ ਹੈ ਕਿ ਪੁਲਸ ਉਸਨੂੰ ਘਰੇ ਪੁੱਛਣ ਆਈ ਸੀ, ਪਰ ਉਦੋਂ ਜਸਪ੍ਰੀਤ ਘਰ ਨਹੀਂ ਸੀ। ਇਸ ਤੋਂ ਕੁੱਝ ਸਮੇਂ ਬਾਅਦ ਉਹ ਖੁਦ 28 ਜੂਨ ਨੂੰ ਅੰਮ੍ਰਿਤਸਰ ਵਿਚ ਪੁਲਸ ਸਾਹਮਣੇ ਪੇਸ਼ ਹੋਇਆ ਸੀ। 30 ਜੂਨ ਨੂੰ ਪੰਜਾਬ ਦੇ ਡੀਜੀਪੀ ਵੱਲੋਂ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਪੁਲਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹਨਾਂ ਵਿਚ ਜਸਪ੍ਰੀਤ ਸਿੰਘ ਦਾ ਨਾਂ ਵੀ ਸ਼ਾਮਲ ਸੀ। ਪੁਲਸ ਦੇ ਇਸ ਦਾਅਵੇ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਪੁਲਸ ਜਸਪ੍ਰੀਤ ਸਿੰਘ ਨੂੰ ਪੁੱਛਣ ਘਰ ਆਈ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ‘ਤੇ ਕਿਸੇ ਕੁੜੀ ਨੂੰ ਛੇੜਨ ਦਾ ਮਾਮਲਾ ਹੈ।

    ਜਸਪ੍ਰੀਤ ਸਿੰਘ ਦੇ ਪਿਤਾ ਪਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਖਬਾਰਾਂ ਵਿਚ ਇਹ ਖਬਰ ਪੜ੍ਹ ਕੇ ਸਾਡੀ ਤਾਂ ਦੁਨੀਆ ਹੀ ਤਬਾਹ ਹੋ ਗਈ ਸੀ। ਉਹਨਾਂ ਦੱਸਿਆ ਕਿ ਪਿਛਲੇ 16 ਦਿਨਾਂ ਵਿਚ ਉਹ ਜਸਪ੍ਰੀਤ ਸਿੰਘ ਦੇ ਮਾਮਲੇ ‘ਤੇ 50000 ਰੁਪਏ ਦੇ ਕਰੀਬ ਰਕਮ ਖਰਚ ਚੁੱਕੇ ਹਨ।

    ਪਲਵਿੰਦਰ ਸਿੰਘ ਨੇ ਕਿਹਾ, “ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੀ ਹੋਈ ਕਿ ਮੇਰਾ ਪੁੱਤ ਘਰ ਪਰਤ ਆਇਆ। ਉਸਨੇ ਇਹਨਾਂ 16 ਦਿਨਾਂ ਵਿਚ ਬਹੁਤ ਕੁੱਝ ਦੇਖਿਆ। ਉਸਦੇ ਸਾਹਮਣੇ ਪੁਲਸ ਨੇ ਉਸਦੇ ਨਾਲ ਫੜੇ ਮੁੰਡਿਆਂ ‘ਤੇ ਤੀਜੀ ਡਿਗਰੀ ਦਾ ਤਸ਼ੱਦਦ ਕੀਤਾ, ਉਸਨੂੰ ਪੁਲਸ ਨੇ ਕੁੱਟਿਆ, ਪਰ ਉਹ ਤੀਜੀ ਡਿਗਰੀ ਦੇ ਤਸ਼ੱਦਦ ਤੋਂ ਬਚ ਗਿਆ ਸ਼ਾਇਦ ਇਸ ਲਈ ਕਿ ਉਹ ਪਹਿਲਾਂ ਹੀ ਬਹੁਤ ਕਮਜ਼ੋਰ ਸੀ ਅਤੇ ਹਿਰਾਸਤ ਵਿਚ ਕੁੱਝ ਖਾ ਵੀ ਨਹੀਂ ਰਿਹਾ ਸੀ। ਪਰ ਬਾਕੀਆਂ ‘ਤੇ ਉਸਦੇ ਸਾਹਮਣੇ ਹੀ ਤਸ਼ੱਦਦ ਕੀਤਾ ਗਿਆ। ਉਹ ਉਹਨਾਂ ਮੁੰਡਿਆਂ ਨੂੰ ਨਹੀਂ ਜਾਣਦਾ ਸੀ ਤੇ ਮੁੰਡਿਆਂ ਨੇ ਵੀ ਕਿਹਾ ਕਿ ਉਹ ਮੇਰੇ ਪੁੱਤ ਨੂੰ ਨਹੀਂ ਜਾਣਦੇ।”

    ਦੱਸ ਦਈਏ ਕਿ ਪੁਲਸ ਵੱਲੋਂ ਬੀਤੇ ਦਿਨਾਂ ਦੌਰਾਨ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਯੂਏਪੀਏ ਅਧੀਨ ਕੀਤੀਆਂ ਗਈਆਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਖਿਲਾਫ ਭੁਲੱਥ ਹਲਕੇ ਤੋਂ ਐਮਐਲਏ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਜ਼ੋਰਦਾਰ ਅਵਾਜ਼ ਚੁੱਕੀ ਸੀ। ਪਰਿਵਾਰ ਨੇ ਇਹਨਾਂ ਆਗੂਆਂ ਦਾ ਵੀ ਧੰਨਵਾਦ ਕੀਤਾ।

    ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਿਹਰਾ ਪਿੰਡ ਦੇ ਸੁਖਚੈਨ ਸਿੰਘ ਦੀ ਗ੍ਰਿਫਤਾਰੀ ਵੀ ਸਵਾਲਾਂ ਦੇ ਘੇਰੇ ਵਿਚ ਹੈ। ਪਿੰਡ ਦੀ ਪੰਚਾਇਤ ਨੇ ਪੁਲਸ ਦੇ ਦਾਅਵੇ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਦੱਸਿਆ ਸੀ ਕਿ ਪੰਚਾਇਤ ਦੀ ਹਾਜ਼ਰੀ ਵਿਚ ਪੁਲਸ ਸੁਖਚੈਨ ਸਿੰਘ ਨੂੰ ਘਰ ਤੋਂ ਲੈ ਕੇ ਗਈ ਹੈ ਜਦਕਿ ਪੁਲਸ ਦਾ ਕਹਿਣਾ ਸੀ ਕਿ ਉਹਨਾਂ ਸੁਖਚੈਨ ਸਿੰਘ ਨੂੰ ਨੇੜਲੇ ਪਿੰਡ ਕੌਲੀ ਦੇ ਬਸ ਅੱਡੇ ਤੋਂ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ।

    ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ 

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img