ਅੰਮ੍ਰਿਤਸਰ, 24 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਭਾਰਤ ਚੋਣ ਕਮਿਸ਼ਨ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਫਲੈਗਸ਼ਿਪ ਪ੍ਰੋਜੈਕਟ ‘ਸਨਮਾਨ’ ਜਿਸ ਤਹਿਤ ਬਜ਼ੁਰਗ ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਚੋਣ ਬੂਥ ਤੱਕ ਲਿਆਉਣ ਲਈ ਆਓ ਵੋਟ ਪਾਉਣ ਚੱਲੀਏ ਦਾ ਨਾਅਰਾ ਦਿੱਤਾ ਗਿਆ ਸੀ, ਨੂੰ ਪਹੁੰਚਯੋਗ ਚੋਣਾਂ ਤਹਿਤ ਦੇਸ਼ ਦਾ ਸਭ ਤੋਂ ਵਧੀਆ ਉਪਰਾਲਾ ਕਰਾਰ ਦਿੰਦੇ ਹੋਏ ਨੈਸ਼ਨਲ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪਹਿਲੀ ਵਾਰ ਵੋਟ ਪਾਉਣ ਆ ਰਹੇ ਬਾਲਗਾਂ ਨੂੰ ਵਡੇਰੀ ਉਮਰ ਦੇ ਵੋਟਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਲ੍ਹੇ ਦੇ ਨੌਜਵਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ। ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਦੇਸ਼ ਦਾ ਪਹਿਲਾ ਅਜਿਹਾ ਪ੍ਰੋਜੈਕਟ ਸੀ, ਜਿਸ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਚੋਣਾਂ-2022 ਦੌਰਾਨ ਸਮਾਜ ਦੇ ਤਿੰਨ ਤਬਕੇ (ਯੁਵਾ/ਪਹਿਲੀ ਵਾਰ ਵੋਟ ਕਰਨ ਵਾਲੇ ਮਤਦਾਤਾ, ਸੀਨੀਅਰ ਸੀਟੀਜਨ ਅਤੇ ਦਿਵਆਂਗ ਵੋਟਰ) ਨੂੰ ਇਕੱਠੇ ਕਰਦੇ ਹੋਏ ਮਤਦਾਨ ਕਰਨ ਦਾ ਉਪਰਾਲਾ ਕੀਤਾ ਗਿਆ। ਪ੍ਰੋਜੈਕਟ ਸਨਮਾਨ ਦਾ ਮੰਤਵ ਪਹਿਲੀ ਵਾਰ ਵੋਟ ਕਰਨ ਵਾਲੇ ਯੁਵਾ ਵੋਟਰਾਂ ਦੇ ਉਤਸਾਹ ਦੇ ਨਾਲ ਨਾਲ ਦਿਵਆਂਗ ਮਤਦਾਤਾਵਾਂ ਨੂੰ ਵੋਟ ਪਾਉਣ ਵਿੱਚ ਸਹਾਇਤਾ ਅਤੇ ਬਜੁਰਗਾਂ ਦੇ ਰੂਪ ਵਿੱਚ ਤਜ਼ਰਬੇ ਨੂੰ ਇਕੱਠਾ ਕਰਨਾ ਸੀ।
ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਮਨਾਏ ਜਾ ਰਹੇ 13ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸਮਾਰੋਹ ਦੌਰਾਨ ਨਵੀਂ ਦਿੱਲੀ ਵਿੱਖੇ ਮਿਤੀ 25 ਜਨਵਰੀ ਨੂੰ ਇਹ ਸਨਮਾਨ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ. ਤਤਕਾਲੀ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੂੰ ਦਿੱਤਾ ਜਾ ਰਿਹਾ ਹੈ। ਇਹ ਨਾ ਕੇਵਲ ਅੰਮ੍ਰਿਤਸਰ ਬਲਕਿ ਪੰਜਾਬ ਲਈ ਬੜੇ ਹੀ ਮਾਣ ਦੀ ਗੱਲ ਹੈ। ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜਿਲ੍ਹਾ ਅਤੇ ਵਿਧਾਨ ਸਭਾ ਪੱਧਰ ਤੇ ਗਠਿਤ ਸਮੂਹ ਸਵੀਪ ਟੀਮ ਅਤੇ ਲਾਈਜਨ ਅਫਸਰਾਂ ਦਾ ਧੰਨਵਾਦ ਕਰਦੇ ਹੋਏ ਵਧਾਈ ਦਿੱਤੀ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਤਹਿਤ ਦਿਵਆਂਗ ਅਤੇ ਬਜੁਰਗ ਵੋਟਰਾਂ ਦੀ ਸਹਾਇਤਾ ਲਈ ਇਨ੍ਹਾਂ ਨੂੰ ਘਰ ਤੋਂ ਲੈਕੇ ਪੋਲਿੰਗ ਸਟੇਸ਼ਨ ਅਤੇ ਵਾਪਸੀ ਲਈ ਗੱਡੀ ਦੀ ਸੁਵਿਧਾ ਦਿੱਤੀ ਗਈ ਸੀ। ਜਿਲ੍ਹੇ ਦੇ 11 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪ੍ਰੋਜੈਕਟ ਸਨਮਾਨ ਦੀ 11 ਕਾਮਯਾਬ ਕਹਾਣੀਆਂ ਨੂੰ ਇੱਕ ਕਿਤਾਬ ਦੀ ਸੂਰਤ ਵਿੱਚ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਰਾਂ ਦੇ ਤਜੁਰਬੇ ਨੂੰ ਪ੍ਰੋਜੈਕਟ ਸਨਮਾਨ ਤਹਿਤ ਵੀਡੀਓ ਰਿਕਾਰਡ ਕਰਦੇ ਹੋਏ ਇੱਕ ਡਾਕੂਮੈਂਟਰੀ ਤਿਆਰ ਕੀਤੀ ਗਈ, ਜ਼ੋ ਕਿ ਯੂ.ਟਯੂਬ ਅਤੇ ਹੋਰ ਸ਼ੋਸ਼ਲ ਪਲੇਟਫਾਰਮਾਂ ਤੇ ਜਾਰੀ ਕੀਤੀ ਗਈ।