ਅੰਮ੍ਰਿਤਸਰ ਜ਼ਿਲ਼੍ਹੇ ਦੇ 60 ਪ੍ਰਾਇਮਰੀ ਅਤੇ 41 ਸੈਕੰਡਰੀ ਸਕੂਲਾਂ ‘ਚ 25 ਫੀਸਦੀ ਤੋਂ ਜਿਆਦਾ ਬੱਚੇ ਹੋਏ ਦਾਖਿਲ

ਅੰਮ੍ਰਿਤਸਰ ਜ਼ਿਲ਼੍ਹੇ ਦੇ 60 ਪ੍ਰਾਇਮਰੀ ਅਤੇ 41 ਸੈਕੰਡਰੀ ਸਕੂਲਾਂ ‘ਚ 25 ਫੀਸਦੀ ਤੋਂ ਜਿਆਦਾ ਬੱਚੇ ਹੋਏ ਦਾਖਿਲ

 ਨਿੱਜੀ ਸਕੂਲਾਂ ਦੇ 14912 ਵਿਦਿਆਰਥੀਆਂ ਜੋੜਿਆ ਸਰਕਾਰੀ ਸਕੂਲਾਂ ਨਾਲ ਨਾਤਾ – ਸਿੱਖਿਆ ਅਧਿਕਾਰੀ

ਅੰਮ੍ਰਿਤਸਰ, 4 ਜੁਲਾਈ (ਗਗਨ) – ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਸਿੱਖਿਆ ਨੀਤੀ ਕਾਰਨ ਸੂਬੇ ਦੇ ਸਰਕਾਰੀ ਸਕੂਲਾਂ ਅੰਦਰ ਆਈਆਂ ਕ੍ਰਾਂਤੀਕਾਰੀ ਤਬਦੀਲੀਆਂ ਦੀ ਬਦੌਲਤ ਜ਼ਿਲ਼ਾ ਅੰਮ੍ਰਿਤਸਰ ਦੇ 60 ਪ੍ਰਾਇਮਰੀ ਸਕੁਲਾਂ ਅਤੇ ਸੈਕੰਡਰੀ ਵਰਗ ਦੇ 41 ਸਕੂਲਾਂ ਅੰਦਰ ਪਿਛਲ਼ੇ ਸੈਸ਼ਨ ਦੇ ਮੁਕਾਬਲੇ ਇਸ ਸੈਸ਼ਨ ਦੌਰਾਨ 25 ਫੀਸਦੀ ਤੋਂ ਜਿਆਦਾ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਬੀਤੇ ਦਿਨ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਹੋਈ ਆਨਲਾਈਨ ਹਫਤਾਵਾਰੀ ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਦਾਖਲਾ ਮੁਹਿੰਮ ਪੰਜਾਬ ਦੇ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ 14912 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹੱਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ। ਸਿਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ਼੍ਹੇ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਸੈਸ਼ਨ 2020-21 ਦੌਰਾਨ ਐਲ.ਕੇ.ਜੀ. ਤੋਂ 12ਵੀ ਜਮਾਤ ਤੱਕ 209826 ਵਿਦਿਆਰਥੀ ਸਰਕਾਰੀ ਸਕੂਲਾਂ ਅੰਦਰ ਪਹੁੰਚ ਕਰ ਰਹੇ ਸਨ ਜਿੰਨਾਂ ਦੀ ਗਿਣਤੀ 12.07 ਦੇ ਵਾਧੇ ਨਾਲ 235148 ਤੱਕ ਪੁੱਜ ਚੁੱਕੀ ਹੈ ਅਤੇ ਇੰਨਾਂ ਵਿਦਿਆਰਥੀਆਂ ਵਿੱਚ 14912 ਵਿਦਿਆਰਥੀਆਂ ਨੇ ਨਿੱਜੀ ਸਕੁਲਾਂ ਤੋਂ ਹੱਟ ਕੇ ਸਰਕਾਰੀ ਸਕੂਲਾਂ ਤੱਕ ਪਹੁੰਚ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੂਬਾ ਪੱਧਰ ਤੇ 211184 ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਤੋਂ ਨਾਤਾ ਤੋੜਦਿਆਂ ਸੂਬੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ।

ਇਸ ਸੰਬੰਧੀ ਵਿਸਥਾਰਿਤ ਜਾਣਕਾਰੀ ਦਿੰਦਿਆਂ ਸੁਸ਼ੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ ਐ.ਸਿੱ. ਨੇ ਦੱਸਿਆ ਕਿ ਜ਼ਿਲ਼੍ਹੇ ਦੇ 827 ਪ੍ਰਾਇਮਰੀ ਸਕੂਲਾਂ ਵਿੱਚ ਪਿਛਲੇ ਸਾਲ 101450 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਸਨ ਜਦਕਿ ਹੁਣ ਤੱਕ 10.75 ਫੀਸਦੀ ਵਾਧੇ ਨਾਲ 112353 ਵਿਦਿਆਰਥੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਹੋ ਚੁੱਕੇ ਹਨ ਜਿੰਨਾਂ ਵਿੱਚ 7019 ਅਜਿਹੇ ਵਿਦਿਆਰਥੀ ਹਨ ਜੋ ਨਿੱਜੀ ਸਕੂਲਾਂ ਤੋਂ ਹੱਟਕੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਹੋਏ ਹਨ। ਇਸੇ ਤਰਾਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ਼ਾ ਅੰਮ੍ਰਿਤਸਰ ਦੇ ਸੈਕੰਡਰੀ ਵਿੰਗ ਦੇ 419 ਸਕੂਲਾਂ ਅੰਦਰ ਪਿਛਲੇ ਸੈਸ਼ਨ ਦੌਰਾਨ 108376 ਵਿਦਿਆਰਥੀ ਦਾਖਲ ਹੋਏ ਸਨ ਜਿੰਨਾਂ ਦੀ ਗਿਣਤੀ 13.30ਫੀਸਦੀ ਦੇ ਵਾਧੇ ਨਾਲ 122795 ਤੱਕ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ਼ੇ ਅੰਦਰ 7893 ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਤੋਂ ਕਿਨਾਰਾ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਵਿਸਵਾਸ਼ ਪ੍ਰਗਟਾਇਆ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ‘ਚ ਵਿਦਿਆਰਥੀਆਂ ਦਾ 25 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਕਤ ਵਾਧੇ ਸੰਬੰਧੀ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੀ ਅਗਵਾਈ ਹੇਠ ਕੀਤੇ ਵੱਡੇ ਉਪਰਾਲਿਆਂ ਸਦਕਾ ਹੀ ਰਾਜ ਦੇ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਵਿਦਿਅਰਥੀਆਂ ਦੀ ਗਿਣਤੀ ਪੱਖੋਂ 1000 ਦਾ ਅੰਕੜਾ ਪਾਰ ਕਰਨ ਵਾਲੇ ਜ਼ਿਲ੍ਹੇ ਦੇ ਪਹਿਲੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਦੇ ਮੁਖੀ ਸ਼੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਅੰਦਰ ਮੁਹੱਈਆ ਕਰਵਾਈਆਂ ਵਧੀਆ ਸਹੂਲਤਾਂ ਤੇ ਮਿਆਰੀ ਸਿੱਖਿਆ ਸਦਕਾ ਲੋਕਾਂ ਦਾ ਵਿਸਵਾਸ਼ ਸਰਕਾਰੀ ਸਕੂਲਾਂ ਪ੍ਰਤੀ ਵਧਿਆ ਹੈ ਤੇ ਵਿਭਗਾ ਵਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਯੋਜਨਾਬੱਧ ਤਰੀਕੇ ਨਾਲ ਕੀਤੇ ਕੰਮਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਅੱਵਲ ਸੂਬਾ ਬਣ ਗਿਆ ਹੈ।

Bulandh-Awaaz

Website: