ਅੰਮ੍ਰਿਤਸਰ, 5 ਜੂਨ (ਰਛਪਾਲ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੰਦਰੁਸਤ ਪੰਜਾਬ ਮਿਸ਼ਨ ਦੀ ਕੀਤੀ ਗਈ ਨਵੀਂ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਜਿਲ੍ਹੇ ਦੇ ਉਹ ਪਿੰਡ, ਜਿੰਨਾ ਦੇ ਪੀਣ ਵਾਲੇ ਪਾਣੀ ਵਿਚ ਆਰਸੈਨਿਕ ਦੀ ਵੱਧ ਮਾਤਰਾ ਹੈ, ਵਿਚ ਆਰਸੈਨਿਕ ਫਿਲਟਰ ਵੰਡਣ ਦੀ ਸ਼ੁਰੂਆਤ ਕੀਤੀ ਗਈ। ਮੁੁੱਖ ਮੰਤਰੀ ਵੱਲੋਂ ਆਨ-ਲਾਇਨ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਦੀ ਅਪੀਲ ਕੀਤੀ ਗਈ। ਸ. ਖਹਿਰਾ ਨੇ ਕਿਹਾ ਕਿ ਸਾਰਿਆਂ ਲਈ ਸਾਫ-ਸੁਥਰਾ ਪੀਣ ਵਾਲਾ ਪਾਣੀ, ਸਾਫ ਆਬੋ-ਹਵਾ, ਚੰਗੀ ਸਿਹਤ, ਖਾਣ-ਪੀਣ ਵਾਲੇ ਸ਼ੁਧ ਪਦਾਰਥ ਇਸ ਮਿਸ਼ਨ ਦਾ ਮੁੱਖ ਟੀਚਾ ਹੈ, ਜਿਸ ਲਈ ਜਿੱਥੇ ਅਸੀਂ ਪਾਣੀ ਸਾਫ ਕਰਨ ਲਈ ਫਿਲਟਰ ਵੰਡਣ ਜਾ ਰਹੇ ਹਾਂ, ਉਥੇ ਖਾਲੀ ਥਾਵਾਂ ਉਤੇ ਰੁੱਖ, ਆਲੇ-ਦੁਆਲੇ ਦੀ ਸਫਾਈ, ਛੱਪੜਾਂ ਦੀ ਸਫਾਈ, ਮਿਲਾਵਟਖੋਰੀ ਉਤੇ ਨਕੇਲ ਅਤੇ ਸੜਕ ਉਤੇ ਚੱਲਦੇ ਆਵਜਾਈ ਨਿਯਮਾਂ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਲਈ ਸਿਹਤ, ਵਾਤਵਰਣ, ਡੇਅਰੀ, ਸਥਾਨਕ ਸਰਕਾਰਾਂ, ਖੇਤੀਬਾੜੀ, ਸਹਿਕਾਰਤਾ, ਜੰਗਲਾਤ, ਖੇਡਾਂ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਵਿਭਾਗ, ਪੰਚਾਇਤਾਂ, ਪੁਲਿਸ ਅਤੇ ਮਿੱਟੀ ਪਰਖ ਵਿਭਾਗ ਦਾ ਸਹਿਯੋਗ ਲਿਆ ਜਾਵੇਗਾ।
ਉਨਾਂ ਦੱਸਿਆ ਕਿ ਸਾਡੇ ਜਿਲ੍ਹੇ ਦੇ ਕਈ ਸਰਹੱਦੀ ਪਿੰਡਾਂ ਵਿਚ ਆਰਸੈਨਿਕ ਪਾਇਆ ਗਿਆ ਹੈ, ਜੋ ਕਿ ਮਨੁੱਖੀ ਸਿਹਤ ਲਈ ਘਾਤਕ ਹੈ। ਉਨਾਂ ਕਿਹਾ ਕਿ ਅਜਿਹਾ ਪਾਣੀ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਆਰਸੈਨਿਕ ਪ੍ਰਭਾਵਿਤ ਹਰੇਕ ਪਿੰਡ ਦੇ ਹਰੇਕ ਘਰ ਵਿਚ ਆਰਸੈਨਿਕ ਸ਼ੁਧੀਕਰਨ ਫਿਲਟਰ ਵੰਡੇ ਜਾਣਗੇ। ਉਨਾਂ ਕਿਹਾ ਕਿ ਆਈ ਆਈ ਟੀ ਮਦਰਾਸ ਵੱਲੋਂ ਤਿਆਰ ਕੀਤਾ ਗਿਆ ਇਹ ਫਿਲਟਰ ਬਿਨਾਂ ਬਿਜਲੀ ਤੋਂ ਚੱਲਦਾ ਹੈ ਅਤੇ ਪਾਣੀ ਵਿਚੋਂ ਆਰਸੈਨਿਕ ਅਤੇ ਲੋਹੇ ਵਰਗੀਆਂ ਭਾਰੀ ਧਾਤਾਂ ਸੋਖ ਲੈਂਦਾ ਹੈ। ਉਨਾਂ ਕਿਹਾ ਕਿ ਇਸ ਫਿਲਟਰ ਦਾ ਪਾਣੀ ਪੀਣ ਤੇ ਖਾਣਾ ਬਨਾਉਣ ਲਈ ਵਰਤਿਆ ਜਾਵੇਗਾ। ਇਸ ਮੌਕੇ ਹਾਜ਼ਰ ਚੇਅਰਮੈਨ ਸ੍ਰੀ ਜੁਗਲ ਕਿਸ਼ੋਰ, ਸ. ਦਿਲਰਾਜ ਸਿੰਘ ਸਰਕਾਰੀਆ, ਸ੍ਰੀਮਤੀ ਮਮਤਾ ਦੱਤਾ ਅਤੇ ਹੋਰ ਪਤਵੰਤਿਆਂ ਨੇ ਇਸ ਉਦਮ ਦੀ ਸਰਾਹਨਾ ਕਰਦੇ ਮਿਸ਼ਨ ਦੀ ਸਫਲਤਾ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।