ਅੰਮ੍ਰਿਤਸਰ, 6 ਜੂਨ (ਰਛਪਾਲ ਸਿੰਘ) – ਦਲ ਖਾਲਸਾ ਵੱਲੋਂ ਅੱਜ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਅਤੇ ਦਰਬਾਰ ਸਾਹਿਬ ਤੱਕ ਮਾਰਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਛੇ ਜੂਨ ਨੂੰ ‘ਖਾਲਿਸਤਾਨ ਡੇਅ’ ਵਜੋਂ ਮਨਾਉਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ, ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਅਤੇ ਗੁਰਮੀਤ ਸਿੰਘ ਖੁੱਡਾ ਦੇ ਭਰਾ ਗਿਆਨੀ ਸੁਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮੇਂ ਨਾਲ ਆਈਆਂ ਰਾਜਨੀਤਕ ਤਬਦੀਲੀਆਂ ਦੇ ਬਾਵਜੂਦ ਸਿੱਖ ਮਨਾਂ ਅੰਦਰੋਂ ਰਾਜ ਕਰਨ ਦੀ ਭਾਵਨਾ ਖ਼ਤਮ ਨਹੀਂ ਕੀਤੀ ਜਾ ਸਕਦੀ।
ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਵਿੱਚ ਫੈਡਰਲਿਜ਼ਮ ਭੁਲੇਖੇ ਤੋਂ ਵੱਧ ਹੋਰ ਕੁੱਝ ਨਹੀਂ ਹੈ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਨੂੰ ਅਮਲੀ ਰੂਪ ਵਿੱਚ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਹੈ, ਅਜਿਹੇ ਹਾਲਾਤ ਵਿੱਚ ਵੱਧ ਅਧਿਕਾਰਾਂ ਦੀ ਗੱਲ ਕਰਨਾ ਅਰਥਹੀਣ ਹੈ ਅਤੇ ਸਮੇਂ ਦੀ ਬਰਬਾਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਫ਼ੌਜੀ ਹਮਲੇ ਦੌਰਾਨ ਨੁਕਸਾਨੇ ਗਏ ਪਾਵਨ ਸਰੂਪ ਦੇ ਸੰਗਤ ਨੂੰ ਦਰਸ਼ਨ ਕਰਵਾਉਣ ਬਾਰੇ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ 37 ਸਾਲਾਂ ਬਾਅਦ ਜਾਗ ਆਈ ਹੈ।
ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਬਹੁਜਨ ਮੁਕਤੀ ਮੋਰਚਾ ਦੇ ਰਾਜਿੰਦਰ ਰਾਣਾ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਜਥੇਦਾਰ ਦਿਲਬਾਗ ਸਿੰਘ ਅਤੇ ਭੁਪਿੰਦਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤ ਵਿੱਚ ਦਲ ਖ਼ਾਲਸਾ ਦੇ ਕਾਰਕੁਨਾਂ ਨੇ ਦਰਬਾਰ ਸਾਹਿਬ ਤੱਕ ਮਾਰਚ ਕੀਤਾ।