ਅੰਮ੍ਰਿਤਸਰ, 3 ਮਾਰਚ – ਲੋਕਾਂ ਦੇ ਖੋਹੇ ਜਾ ਰਹੇ ਸੰਵਿਧਾਨਕ ਹੱਕਾਂ ਦੇ ਵਿਰੋਧ ਵਿਚ ਅੱਜ ਇਥੇ ਅੱਠ ਖੱਬੀਆਂ ਪਾਰਟੀਆਂ ਅਤੇ ਇਨਕਲਾਬੀ ਮੰਚਾਂ ’ਤੇ ਆਧਾਰਤ ਫਾਸ਼ੀ ਹਮਲੇ ਵਿਰੋਧੀ ਫਰੰਟ ਵਲੋਂ ਸਰਕਾਰਾਂ ਦੇ ਖਿਲਾਫ਼ ਰੋਸ ਰੈਲੀ ਅਤੇ ਮਾਰਚ ਕੀਤਾ ਗਿਆ। ਇਥੇ ਕੰਪਨੀ ਬਾਗ ਵਿਖੇ ਕੀਤੀ ਰੈਲੀ ਦੀ ਪ੍ਰਧਾਨਗੀ ਵਿਜੈ ਕੁਮਾਰ, ਰਤਨ ਸਿੰਘ ਰੰਧਾਵਾ, ਅਵਤਾਰ ਸਿੰਘ ਜੱਸੜ, ਮੰਗਲ ਸਿੰਘ ਧਰਮਕੋਟ, ਨਰਪਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਨੇ ਕੀਤੀ, ਜਦੋਂਕਿ ਬੁਲਾਰਿਆਂ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਮੰਗਤ ਰਾਮ ਪਾਸਲਾ, ਰਘੁਬੀਰ ਸਿੰਘ ਅਤੇ ਗੁਰਨਾਮ ਸਿੰਘ ਦਾਊਦ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਦਰਸ਼ਨ ਸਿੰਘ ਖਟਕੜ, ਰਾਜ ਕੁਮਾਰ ਪੰਡੋਰੀ, ਜਤਿੰਦਰ ਸਿੰਘ ਛੀਨਾ, ਸੀਪੀਆਈ ਦੇ ਅਮਰਜੀਤ ਸਿੰਘ ਆਸਲ, ਬਲਬੀਰ ਸਿੰਘ ਕੱਤੋਵਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀਪੀਆਈਐੱਮਐੱਲ ਲਿਬਰੇਸ਼ਨ ਦੇ ਗੁਰਮੀਤ ਸਿੰਘ ਬਖਤੂਪੁਰਾ, ਬਲਬੀਰ ਸਿੰਘ ਰੰਧਾਵਾ, ਗੁਲਜ਼ਾਰ ਸਿੰਘ ਬਸੰਤ ਕੋਟ, ਇਨਕਲਾਬੀ ਕੇਂਦਰ ਪੰਜਾਬ ਦੇ ਨਰਭਿੰਦਰ ਅਤੇ ਲੋਕ ਸੰਗਰਾਮ ਮੰਚ ਤੋਂ ਦਲਵਿੰਦਰ ਸਿੰਘ ਸ਼ੇਰਖਾਂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਧਾਰਾ 144 ਲਾ ਕੇ ਗੈਰ ਸਿਆਸੀ ਸਰਗਰਮੀਆਂ ਨੂੰ ਰੋਕਣਾ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਹਮਲਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਰੋਨਾ ਮਹਾਂਮਾਰੀ ਨੂੰ ਰੋਕਣ ਵਿਚ ਅਸਫਲ ਰਹੀਆਂ ਹਨ ਅਤੇ ਹੁਣ ਇਸ ਦੀ ਵਰਤੋਂ ਬੁਨਿਆਦੀ ਮੰਗਾਂ ਨੂੰ ਉੁਭਾਰਨ ਤੋਂ ਰੋਕਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਧਾਰਾ 144 ਵਾਪਸ ਲਈ ਜਾਵੇ, ਤਾਲਾਬੰਦੀ ਦੌਰਾਨ ਰੈਲੀਆਂ ਤੇ ਰੋਸ ਮੁਜਾਹਰੇ ਕਰਨ ਵਾਲਿਆਂ ਖਿਲਾਫ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਬੇਰੁਜ਼ਗਾਰ ਤੇ ਗਰੀਬ ਲੋਕਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇ, ਕਿਸਾਨ ਮਾਰੂ ਖੇਤੀ ਬਿੱਲ ਅਤੇ ਬਿਜਲੀ ਸੋਧ ਬਿਲ ਵਾਪਸ ਲਏ ਜਾਣ। ਰੈਲੀ ਦੌਰਾਨ ਕਾਰਕੁਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਮਗਰੋਂ ਕੰਪਨੀ ਬਾਗ ਤੋਂ ਹਾਲ ਗੇਟ ਤਕ ਰੋਸ ਮਾਰਚ ਕੀਤਾ ਗਿਆ।
ਅੰਮ੍ਰਿਤਸਰ ‘ਚ ਲੋਕ ਹੱਕਾਂ ਦੀ ਰਾਖੀ ਲਈ ਵੱਖ-ਵੱਖ ਧਿਰਾਂ ਵਲੋਂ ਰੋਸ ਮਾਰਚ ਕੱਢਿਆ ਗਿਆ
