ਅਫ਼ਗਾਨਿਸਤਾਨ ਵਿੱਚ ਭਾਰਤੀ ਪੱਤਰਕਾਰ ਦਾਨਿਸ਼ ਸਿੱਦਿਕੀ ਨੂੰ ਮਾਰੀ ਗੋਲੀ

ਅਫ਼ਗਾਨਿਸਤਾਨ ਵਿੱਚ ਭਾਰਤੀ ਪੱਤਰਕਾਰ ਦਾਨਿਸ਼ ਸਿੱਦਿਕੀ ਨੂੰ ਮਾਰੀ ਗੋਲੀ

ਕਾਬੁਲ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਪੁਲਿਤਜਰ ਪੁਰਸਕਾਰ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦਿਕੀ ਦਾ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਹਿੰਸਾ ਦੀ ਮਾਰ ਝੱਲ ਰਹੇ ਇਲਾਕੇ ਦੀ ਕਵਰੇਜ ਕਰ ਰਿਹਾ ਸੀ। ਉਹ ਕੌਮਾਂਤਰੀ ਨਿਊਜ਼ ਏਜੰਸੀ ਰਾਈਟਰਸ ਲਈ ਕੰਮ ਕਰ ਰਿਹਾ ਸੀ। ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਿੱਦਿਕੀ ਦੀ ਮੌਤ ਸਪਿਨ ਬੋਲਡਕ ਇਲਾਕੇ ਵਿੱਚ ਹੋਈ ਹੈ, ਜੋ ਕੰਧਾਰ ਸੂਬੇ ਵਿੱਚ ਸਥਿਤ ਹੈ। ਇੱਥੇ ਇਸ ਸਮੇਂ ਭਿਆਨਕ ਹਿੰਸਾ ਜਾਰੀ ਹੈ। ਸਿੱਦਿਕੀ ਬੀਤੇ ਕੁਝ ਦਿਨਾਂ ਤੋਂ ਕੰਧਾਰ ਵਿੱਚ ਜਾਰੀ ਹਾਲਾਤ ਦੀ ਕਵਰੇਜ ਕਰ ਰਿਹਾ ਸੀ। ਦਾਨਿਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਦੇ ਇੱਕ ਪੱਤਰਕਾਰ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਹ ਫੋਟੋ ਜਰਨਲਿਸਟ ਬਣ ਗਿਆ। ਸਾਲ 2018 ਵਿੱਚ ਸਿੱਦਿਕੀ ਆਪਣੇ ਸਹਿਯੋਗ ਅਦਨਾਨ ਆਬਿਦੀ ਦੇ ਨਾਲ ਪੁਲਿਤਜਰ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਇਨ੍ਹਾਂ ਨੇ ਰੋਹਿੰਗੀਆ ਰਫਿਊਜੀ ਸੰਕਟ ਨੂੰ ਕਵਰ ਕੀਤਾ ਸੀ। ਉੱਥੇ ਹੀ ਕੰਧਾਰ ਵਿੱਚ ਜਾਰੀ ਹਿੰਸਾ ਦੀ ਕਵਰੇਜ ਨਾਲ ਜੁੜੀ ਜਾਣਕਾਰੀ ਉਹ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ’ਤੇ ਲਗਾਤਾਰ ਸ਼ੇਅਰ ਕਰ ਰਹੇ ਸਨ।

13 ਜੂਨ ਨੂੰ ਦਾਨਿਸ਼ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਜਿਸ ਵਾਹਨ ਵਿੱਚ ਸਵਾਰ ਸੀ, ਉਸ ’ਤੇ ਕਈ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਆਪਣੇ ਟਵਿੱਟਰ ’ਚ ਸਿੱਦਿਕੀ ਨੇ ਲਿਖਿਆ ਸੀ ਕਿ ਉਸ ਦੀ ਕਿਸਮਤੀ ਚੰਗੀ ਸੀ, ਜੋ ਉਹ ਬਚ ਗਿਆ, ਕਿਉਂਕਿ ਰਾਕਟ ਜਿਹੇ ਕਈ ਹਥਿਆਰਾਂ ਨਾਲ ਉਨ੍ਹਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ। ਜਾਣਕਾਰੀ ਮੁਤਾਬਕ ਦਾਨਿਸ਼ ਸਿੱਦਿਕੀ ਦੀ ਮੌਤ ਉਸ ਵੇਲੇ ਹੋਈ, ਜਦੋਂ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਦੇ ਸੁਰੱਖਿਆ ਦਸਤਿਆਂ ਵਿਚਾਲੇ ਜੰਗ ਚੱਲ ਰਹੀ ਸੀ, ਜੋ ਕਿ ਹੁਣ ਵੀ ਜਾਰੀ ਹੈ। ਵਿਦੇਸ਼ੀ ਫ਼ੌਜੀ 20 ਸਾਲ ਚੱਲੀ ਜੰਗ ਮਗਰੋਂ ਅਫ਼ਗਾਨਿਸਤਾਨ ਵਿੱਚੋਂ ਜਾ ਰਹੇ ਹਨ, ਜਿਸ ਨੂੰ ਤਾਲਿਬਾਨ ਆਪਣੀ ਜਿੱਤ ਦੇ ਰੂਪ ਵਿੱਚ ਦੇਖ ਰਿਹਾ ਹੈ ਅਤੇ ਦੇਸ਼ ਦੇ ਕੂਟਨੀਤਕ ਤੌਰ ’ਤੇ ਮਹੱਤਵਪੂਰਨ ਹਿੱਸਿਆਂ ’ਤੇ ਕਬਜ਼ਾ ਕਰਦਾ ਜਾ ਰਿਹਾ ਹੈ। ਬੀਤੇ ਦਿਨੀਂ ਤਾਲਿਬਾਰਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਦੇਸ਼ ਦੇ 85 ਫੀਸਦੀ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਤਾਲਿਬਾਨ ਨੇ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ ਕਈ ਜ਼ਿਲਿ੍ਹਆਂ ਅਤੇ ਬਾਰਡਰ ਕਰੌਸਿੰਗ ’ਤੇ ਕਬਜ਼ਾ ਕਰ ਲਿਆ ਹੈ। ਸਰਕਾਰ ਦਾ ਦੋਸ਼ ਹੈ ਕਿ ਤਾਲਿਬਾਨ ਨੇ 34 ਸੂਬਿਆਂ ਵਿੱਚੋਂ 29 ਸੂਬਿਆਂ ਵਿੱਚ ਮੌਜੂਦ ਹਜ਼ਾਰਾਂ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜਦਕਿ ਤਾਲਿਬਾਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਅਫ਼ਗਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਨਾਦੇਰ ਨਾਦੇਰੀ ਨੇ ਕਾਬੂਲ ਵਿੱਚ ਕਿਹਾ ਕਿ ਸੁਰੱਖਿਆ ਦਸਤੇ ਤਾਲਿਬਾਨ ਨੂੰ ਪਿੱਛੇ ਖਦੇੜਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਸ ਦੇ ਕਬਜ਼ੇ ਵਾਲੇ ਜ਼ਿਲਿ੍ਹਆਂ ਨੂੰ ਮੁੜ ਆਪਣੇ ਕੰਟਰੋਲ ਵਿੱਚ ਲਿਆ ਜਾ ਸਕੇ।

 

Bulandh-Awaaz

Website: