More

    ਅਰਥਚਾਰੇ ਵਿੱਚ ਮੁੜ-ਉਭਾਰ – ਕਿਸ ਤਬਕੇ ਦਾ ਉਭਾਰ ਤੇ ਕਿਸ ਦਾ ਨਿਘਾਰ?

    ਪਿਛਲੇ ਦਿਨੀਂ ਭਾਰਤੀ ਰਿਜ਼ਰਵ ਬੈਂਕ ਨੇ ਅਕਤੂਬਰ ਮਹੀਨੇ ਦਾ ਬੁਲੇਟਿਨ ਜਾਰੀ ਕੀਤਾ ਜਿਸ ਵਿੱਚ ਭਾਰਤ ਦੇ ਅਰਥਚਾਰੇ ਦੇ ਤਾਜ਼ਾ ਹਲਾਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਰਿਜ਼ਰਵ ਬੈਂਕ ਨੇ ਕੌਮਾਂਤਰੀ ਮੁਦਰਾ ਕੋਸ਼ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਅਰਥਚਾਰਾ ਹੁਣ ਕਰੋਨਾ ਲੌਕਡਾਊਨ ਦੇ ਹੋਏ ਨੁਕਸਾਨ ਤੋਂ ਉੱਭਰ ਚੁੱਕਾ ਹੈ ਤੇ ਆਸ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਭਾਰਤ ਦੀ ਆਰਥਿਕ ਵਾਧਾ ਦਰ ਸੰਸਾਰ ਔਸਤ ਤੋਂ ਅੱਗੇ ਨਿਕਲ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਅਖ਼ਬਾਰ ਨਾਲ਼ ਮੁਲਾਕਾਤ ਵਿੱਚ ਕਿਹਾ, “ਮੈਨੂੰ ਖੁਸ਼ੀ ਹੈ ਕਿ ਅਰਥਚਾਰਾ ਸਿਹਤਮੰਦ ਹੋ ਰਿਹਾ ਹੈ; ਇਸ ਘੜੀ ਸਾਨੂੰ ਸਾਰੇ ਖੇਤਰਾਂ ਵਿੱਚੋਂ ਬਹੁਤ ਸਕਾਰਤਮਕ ਸੰਕੇਤਾਂ ਦੀ ਜ਼ਰੂਰਤ ਹੈ।” ਵਿੱਤ ਮੰਤਰੀ ਦੇ ਬਿਆਨ ਦੀ ਹਮਾਇਤ ਕਰਦੇ ਕਈ ਅਜਿਹੇ ਅੰਕੜੇ ਵੀ ਸਾਹਮਣੇ ਆਏ ਹਨ ਜਿਹਨਾਂ ਨੂੰ ਦੇਖਣ ਤੋਂ ਲੱਗ ਸਕਦਾ ਹੈ ਕਿ ਭਾਰਤ ਦਾ ਅਰਥਚਾਰਾ ਮੁੜ ਲੀਹ ’ਤੇ ਆ ਰਿਹਾ ਹੈ। ਪਰ ਕੀ ਵਾਕਈ ਕੋਈ ਟਿਕਾਊ ਮੁੜ-ਉਭਾਰ ਛੇਤੀ ਹੋਣ ਜਾ ਰਿਹਾ ਹੈ? ਜਾਂ ਕਿ ਅਰਥਚਾਰੇ ਦੇ ਸਿਰਫ ਇੱਕ ਹਿੱਸੇ ਦਾ – ਅਮੀਰ ਹਿੱਸੇ ਦਾ – ਹੀ ਉਭਾਰ ਹੋ ਰਿਹਾ ਹੈ?

    ਵਿੱਤ ਮੰਤਰੀ ਵੱਲੋਂ ਕਾਹਲੀ ਵਿੱਚ ਅਜਿਹੇ ਸਾਜ਼ਗਾਰ ਬਿਆਨ ਦੇਣ ਪਿੱਛੇ ਜ਼ਾਹਰ ਹੈ ਮਜਬੂਰੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਅਗਲਾ ਸਾਲ ਕਈ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦਾ ਸਾਲ ਹੈ ਤੇ ਇਸ ਲਈ ਸਰਕਾਰ ਨੂੰ ਕਾਹਲੀ ਹੈ ਕਿ ਖੁਦ ਨੂੰ ਜੇਤੂ ਸਾਬਤ ਕਰਕੇ ਲੋਕਾਂ ਅੱਗੇ ਪੇਸ਼ ਕਰ ਸਕੇ। ਤਸਵੀਰ ਦਾ ਇੱਕ ਪਾਸਾ ਆਓ ਪਹਿਲਾਂ ਉਹਨਾਂ ਕੁੱਝ ਅੰਕੜਿਆਂ ’ਤੇ ਨਜ਼ਰ ਮਾਰਦੇ ਹਾਂ ਜਿਹਨਾਂ ਦੀ ਬੁਨਿਆਦ ’ਤੇ ਆਰਥਿਕ ਤੇਜੀ ਦੇ ਦਾਅਵੇ ਕੀਤੇ ਜਾ ਰਹੇ ਨੇ। 29 ਅਕਤੂਬਰ ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਸਰਕਾਰ ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਕਰਾਂ ਤੋਂ ਹੋਣ ਵਾਲ਼ੀ ਆਮਦਨ ਪਿਛਲੇ ਸਾਲ ਦੇ ਸਤੰਬਰ ਮਹੀਨੇ ਮੁਕਾਬਲੇ 50% ਵਧ ਗਈ ਹੈ। ਇਸ ਵਿੱਤੀ ਸਾਲ ਵਿੱਚ ਸਰਕਾਰ ਨੇ ਸਿਤੰਬਰ ਤੱਕ 6.46 ਲੱਖ ਕਰੋੜ ਰੁਪਏ ਇਕੱਠੇ ਕੀਤੇ ਨੇ ਜਿਹੜੇ ਕਿ 2019 ਦੇ ਮੁਕਾਬਲੇ 16.8% ਜ਼ਿਆਦਾ ਹਨ। ਇਹ ਆਸ ਜਤਾਈ ਗਈ ਹੈ ਕਿ ਇਹ ਆਮਦਨ ਵਿੱਤੀ ਸਾਲ 2022 ਦੇ ਅਨੁਮਾਨਾਂ ਤੋਂ ਘੱਟੋ-ਘੱਟ 2 ਲੱਖ ਕਰੋੜ ਉੱਪਰ ਜਾਵੇਗੀ। ਜੇ ਬਰਾਮਦਾਂ ਉੱਪਰ ਨਿਗਾਹ ਮਾਰੀਏ ਤਾਂ ਅਕਤੂਬਰ 2021 ਵਿੱਚ ਅਕਤੂਬਰ 2020 ਦੇ ਮੁਕਾਬਲੇ 42% ਦਾ ਵਾਧਾ ਹੋਇਆ। ਭਾਰਤ ਦੇ ਸਨਅਤੀ ਖੇਤਰ ਵਿੱਚ ਅਕਤੂਬਰ ਮਹੀਨੇ ਹੋਰ ਸੁਧਾਰ ਹੋਣ ਦੀਆਂ ਖਬਰਾਂ ਨੇ। ਇਸ ਦੇ ਪੀਐੱਮਆਈ ਸੂਚਕ ਅਕਤੂਬਰ ਵਿੱਚ ਵਧਕੇ 55.9 ਹੋ ਗਿਆ। ਇਹ ਸੂਚਕ ਸਨਅਤ ਵਿੱਚ ਪੈਦਾਵਾਰ ਦਾ ਇਜ਼ਹਾਰ ਕਰਦਾ ਹੈ। ਜੇ ਅੰਕੜਾ 50 ਤੋਂ ਉੱਪਰ ਹੋਵੇ ਤਾਂ ਪੈਦਾਵਾਰ ਵਧਣ ਦਾ ਸੂਚਕ ਹੁੰਦਾ ਹੈ ਤੇ ਜੇ 50 ਤੋਂ ਹੇਠਾਂ ਹੋਵੇ ਤਾਂ ਸੁੰਗੜਨ ਦਾ। ਟਰੈਕਟਰਾਂ ਦੀ ਘਰੇਲੂ ਵਿਕਰੀ 2019 ਦੇ ਅਪ੍ਰੈਲ-ਸਿਤੰਬਰ ਮੁਕਾਬਲੇ 2021 ਦੇ ਅਪ੍ਰੈਲ-ਸਿਤੰਬਰ ਮਹੀਨੇ ਵਿੱਚ 23% ਵਧਕੇ 4.4 ਲੱਖ ਹੋ ਗਈ ਹੈ। ਇਸੇ ਤਰ੍ਹਾਂ ਏਸੀਆਂ, ਫਰਿੱਜਾਂ ਆਦਿ ਦੀ ਵਿਕਰੀ ਵੀ ਲਗਾਤਾਰ ਵਧੀ ਹੈ। ਪਰ ਅਮੀਰਾਂ ਨੂੰ ਤੇ ਬੁਰਜੂਆ ਪੜਚੋਲੀਆਂ ਨੂੰ ਸਭ ਤੋਂ ਵੱਧ ਉਤਸ਼ਾਹ ਦੇਣ ਵਾਲ਼ੀ ਖਬਰ ਸ਼ੇਅਰ ਬਜ਼ਾਰ ਦਾ ਪਿਛਲੇ ਡੇਢ ਸਾਲ ਦੌਰਾਨ ਲਗਾਤਾਰ ਵਧਦੇ ਜਾਣਾ ਹੈ। ਇਸ ਵਿੱਚ ਨਿਵੇਸ਼ ਕਰਨ ਵਾਲ਼ੀ ਖਾਂਦੀ-ਪੀਂਦੀ ਜਮਾਤ ਆਪਣੇ ਨਿਵੇਸ਼ ’ਤੇ ਹੁੰਦੇ ਨਫ਼ੇ ਨੂੰ ਦੇਖਕੇ ਬਾਗੋਬਾਗ ਹੈ।
    ਇਹਨਾਂ ਸਾਰੇ ਸੰਕੇਤਾਂ ਤੋਂ ਕਿਸੇ ਨੂੰ ਵੀ ਲੱਗ ਸਕਦਾ ਹੈ ਕਿ ਭਾਰਤ ਦੇ ਅਰਥਚਾਰੇ ਲਈ ਨਵਾਂ ਸਾਲ ਬੰਪਰ ਸਾਲ ਹੋਣ ਵਾਲ਼ਾ ਹੈ। ਪਰ ਇਹ ਤਸਵੀਰ ਦਾ ਸਿਰਫ ਇੱਕ ਪਾਸਾ ਹੈ।

    ਦੂਜਾ ਪਾਸਾ

    ਭਾਵੇਂ ਸਮਾਜ ਦਾ ਇੱਕ ਹਿੱਸਾ ਕਰੋਨਾ ਦੌਰਾਨ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਖੁਸ਼ਹਾਲ ਹੋਇਆ ਹੈ ਪਰ ਇਸ ਦਾ ਵੱਡਾ ਹਿੱਸਾ, ਕਿਰਤੀ ਤਬਕੇ ਦਾ ਹਿੱਸਾ, ਇਸ “ਵਾਧੇ” ਤੇ “ਵਿਕਾਸ” ਵਿੱਚੋਂ ਮਨਫ਼ੀ ਹੈ। ਇਸ ਹਿੱਸੇ ਦੀ ਹਾਲਤ ਨੂੰ ਸਮਝਣ ਲਈ ਅਸੀਂ ਗੈਰਰਸਮੀ ਤੇ ਰਸਮੀ ਦੋਹਾਂ ਖੇਤਰਾਂ ਦੇ ਅੰਕੜਿਆਂ ਨੂੰ ਦੇਖਦੇ ਹਾਂ। ਪਿਛਲੇ ਦਿਨੀਂ ਨਰੇਗਾ ਕੰਮਾਂ ਦੇ ਅੰਕੜੇ ਸਾਹਮਣੇ ਆਏ। ਜੁਲਾਈ-ਸਤੰਬਰ 2021 ਵਿੱਚ ਨਰੇਗਾ ਦੇ ਕੰਮ ਦੀ ਮੰਗ ਕਰਨ ਵਾਲ਼ੇ ਕਾਮਿਆਂ ਦੀ ਗਿਣਤੀ 2020 ਦੇ ਜੁਲਾਈ-ਸਤੰਬਰ ਮਹੀਨੇ ਜਿੰਨੀ ਹੀ ਸੀ ਤੇ 2019 ਮੁਕਾਬਲੇ ਕਾਫੀ ਵੱਧ ਸੀ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਜਦ ਸ਼ਹਿਰਾਂ ਵਿੱਚ ਲੌਕਡਾਊਨ ਲੱਗਣ ਕਾਰਨ ਕਰੋੜਾਂ ਕਿਰਤੀ ਲੋਕ ਆਪਣੇ ਪਿੰਡਾਂ ਨੂੰ ਵਾਪਸ ਗਏ ਤਾਂ ਓਥੇ ਨਰੇਗਾ ਤਹਿਤ ਜੋ ਵੀ ਮਾੜਾ-ਮੋਟਾ ਕੰਮ ਮਿਲ਼ ਰਿਹਾ ਸੀ ਉਹ ਕਰਨ ਲੱਗੇ। ਜੇ ਹੁਣ 2021 ਵਿੱਚ ਵੀ ਨਰੇਗਾ ਕੰਮ ਭਾਲਦੇ ਕਾਮਿਆਂ ਦੀ ਗਿਣਤੀ ਲੌਕਡਾਊਨ ਦੇ ਸਾਲ ਜਿੰਨੀ ਹੀ ਹੈ ਤਾਂ ਇਸ ਦਾ ਮਤਲਬ ਇਹੀ ਹੈ ਕਿ ਇਹ ਕਾਮੇ ਸ਼ਹਿਰਾਂ ਦੇ ਕੰਮ ਵੱਲ ਅਜੇ ਖਿੱਚੇ ਨਹੀਂ ਗਏ। ਭਾਵੇਂ ਸ਼ਹਿਰਾਂ ਵਿੱਚ ਮਜ਼ਦੂਰਾਂ ਦੀ ਵਾਪਸੀ ਹੋ ਰਹੀ ਹੈ ਪਰ ਘਿਸ-ਘਿਸਕੇ ਅਗਾਂਹ ਵਧ ਰਹੀ ਸਨਅਤ ਅਜੇ ਐਨੀ ਵੱਡੀ ਪੱਧਰ ’ਤੇ ਕਾਮਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਨਹੀਂ। ਜਿਹੜੇ ਕਾਰਖਾਨਿਆਂ ਵਿੱਚ ਉਹ ਪਹਿਲਾਂ ਕੰਮ ਕਰਦੇ ਸਨ ਉਹ ਜਾਂ ਤਾਂ ਬੰਦ ਹੋ ਗਏ ਜਾਂ ਉਹਨਾਂ ਨੇ ਕਾਮਿਆਂ ਦੀ ਗਿਣਤੀ ਘਟਾ ਦਿੱਤੀ।

    ਇੱਕ ਮਿਸਾਲ ਲਵੋ – ਭਾਰਤ ਦੀ ਕੌਮੀ ਰੈਸਤਰਾਂ ਐਸੋਸੀਏਸ਼ਨ ਦੇ ਤਾਜ਼ਾ ਸਰਵੇਖਣ ਮੁਤਾਬਕ ਭਾਰਤ ਭਰ ਵਿੱਚ 25% ਤੋਂ ਵੱਧ ਰੈਸਤਰਾਂ ਪਿਛਲੇ ਇੱਕ ਸਾਲ ਵਿੱਚ ਹੀ ਬੰਦ ਹੋ ਚੁੱਕੇ ਹਨ। ਇਹਨਾਂ ਵਿੱਚ ਕੰਮ ਕਰਦੇ 2.3 ਲੱਖ ਕਾਮਿਆਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ ਹੈ। ਇਸੇ ਤਰ੍ਹਾਂ ਟਰੱਕਾਂ ਤੇ ਢੋਆ-ਢੁਆਈ ਵਿੱਚ ਵੀ ਵੱਡੀ ਪੱਧਰ ’ਤੇ ਛਾਂਟੀ ਹੋਈ ਹੈ। ਇਸ ਛਾਂਟੀ ਦੀ ਪ੍ਰਤੱਖ ਮਿਸਾਲ ਹੈ ਕਿਰਤੀਆਂ ਦੀ ਹਿੱਸੇਦਾਰੀ ਦਾ ਅੰਕੜਾ। ਅਦਾਰੇ ਸੀਐੱਮਆਈਈ ਵੱਲ਼ੋਂ ਜਾਰੀ ਕੀਤਾ ਜਾਂਦਾ ਇਹ ਅੰਕੜਾ 15 ਸਾਲਾਂ ਤੋਂ ਉੱਪਰ ਦੀ ਭਾਰਤ ਦੀ ਕੁੱਲ ਵਸੋਂ ਵਿੱਚ ਮਜ਼ਦੂਰਾਂ ਦੇ ਹਿੱਸੇ ਨੂੰ ਮਾਪਦਾ ਹੈ। ਸਤੰਬਰ ਮਹੀਨੇ ਇਹ ਦਰ ਸ਼ਹਿਰੀ ਖੇਤਰ ਲਈ 37.88% ਸੀ ਜਦਕਿ ਫਰਵਰੀ 2020 ਵਿੱਚ, ਜਾਣੀ ਲੌਕਡਾਊਨ ਤੋਂ ਪਹਿਲਾਂ ਇਹ 40.48% ਸੀ। ਪੇਂਡੂ ਖੇਤਰ ਲਈ ਇਹ ਅੰਕੜਾ ਫਰਵਰੀ 2020 ਵਿੱਚ 43.67% ਤੇ ਹੁਣ ਸਤੰਬਰ ਵਿੱਚ 42.08% ਸੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਮਜ਼ਦੂਰਾਂ ਦਾ ਖਾਸਾ ਵੱਡਾ ਹਿੱਸਾ ਨੌਕਰੀ ਦੀ ਭਾਲ ਕਰਨੋਂ ਹਟ ਗਿਆ ਹੈ ਤੇ ਆਪੋ-ਆਪਣੇ ਪਿੰਡਾਂ/ਸ਼ਹਿਰਾਂ ਵਿੱਚ ਆਪਣੀ ਟੁਕੜਾ ਕੁ ਜ਼ਮੀਨ ’ਤੇ ਕਿਰਤ ਕਰ ਰਿਹਾ ਹੈ ਜਾਂ ਨਰੇਗਾ ਅਧੀਨ ਮਾੜੇ-ਮੋਟੇ ਕੰਮ ’ਤੇ ਲੱਗਿਆ ਹੋਇਆ ਹੈ ਤੇ ਜਾਂ ਕੋਈ ਰੇਹੜੀ/ਖੋਖਾ ਲਾ ਕੇ ਗੁਜ਼ਾਰਾ ਚਲਾ ਰਿਹਾ ਹੈ। ਭਾਰਤ ਦੇ ਅਰਥਚਾਰੇ ਦੇ ਦੂਜੇ ਪਾਸੇ ਨੂੰ ਰਸਮੀ ਖੇਤਰ ਦੇ ਅੰਕੜਿਆਂ ਤੋਂ ਵੀ ਸਮਝਿਆ ਜਾ ਸਕਦਾ ਹੈ।

    ਭਾਰਤ ਦੇ ਬਹੁਤੇ ਪਰਿਵਾਰਾਂ ਲਈ ਦੋਪਹੀਆ ਵਾਹਨ ਖਰੀਦਣਾ ਉਹਨਾਂ ਦਾ ਸਭ ਤੋਂ ਵੱਡਾ ਖਰਚਾ ਹੁੰਦਾ ਹੈ। ਅਪ੍ਰੈਲ-ਸਤੰਬਰ 2021 ਦੇ ਅੰਕੜੇ ਦੱਸਦੇ ਹਨ ਕਿ ਦੋਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਦਸ ਸਾਲਾਂ ਵਿੱਚ ਲਗਭਗ ਸਭ ਤੋਂ ਨੀਂਵੇਂ ਪੱਧਰ ’ਤੇ ਹੈ। ਜੇ ਘਰਾਂ ਲਈ ਲਏ ਜਾਂਦੇ ਕਰਜ਼ੇ ’ਤੇ ਨਿਗਾਹ ਮਾਰੀਏ ਤਾਂ ਦੇਖਦੇ ਹਾਂ ਕਿ ਘਰਾਂ ਲਈ ਕਰਜ਼ੇ ਵਿੱਚ ਅਮੀਰਾਂ ਦਾ ਹੀ ਵੱਡਾ ਹਿੱਸਾ ਹੈ, ਇਸ ਵਿੱਚੋਂ ਠੀਕ-ਠਾਕ ਮੱਧਵਰਗ ਦਾ ਹਿੱਸਾ ਵੀ ਕਾਫੀ ਥੋੜ੍ਹਾ ਹੈ। ਹੋਰ – ਸੋਨੇ ਬਦਲੇ ਲਿਆ ਕਰਜ਼ਾ ਅਗਸਤ 2021 ਵਿੱਚ ਅਗਸਤ 2020 ਦੇ ਮੁਕਾਬਲੇ 66% ਤੱਕ ਵਧ ਚੁੱਕਿਆ ਹੈ। ਭਾਰਤ ਦੇ ਪਰਿਵਾਰਾਂ ਦੀ ਖਸਲਤ ਤੋਂ ਜਾਣੂੰ ਕੋਈ ਵੀ ਸਮਝ ਸਕਦਾ ਹੈ ਕਿ ਸੋਨਾ ਉਹ ਚੀਜ਼ ਹੈ ਜਿਹੜੀ ਲੋਕੀਂ ਆਪਣੇ ਆਖਰੀ ਚਾਰੇ ਵਜੋਂ ਵਰਤਦੇ ਹਨ। ਅਗਸਤ 2019 ਤੇ ਅਗਸਤ 2021 ਦਰਮਿਆਨ ਸੋਨੇ ਬਦਲੇ ਕਰਜ਼ੇ ਦਾ 137% ਤੱਕ ਵਧਣਾ ਇਹੀ ਦਰਸਾਉਂਦਾ ਹੈ ਕਿ ਭਾਰਤ ਦੇ ਪਰਿਵਾਰਾਂ ਦੇ ਵੱਡੇ ਹਿੱਸੇ ਕੋਲ਼ ਬੱਚਤਾਂ ਦਾ ਆਖਰੀ ਸੋਮਾ ਵੀ ਮੁੱਕ ਚੱਲਿਆ ਹੈ।

    ਅਮੀਰਾਂ ਦਾ ਵਾਧਾ, ਅਮੀਰਾਂ ਦਾ ਵਿਕਾਸ

    ਇਸ ਲਈ, ਦੋ ਤਰ੍ਹਾਂ ਦੇ ਉਪਰੋਕਤ ਅੰਕੜਿਆਂ ਵਿੱਚ ਇਹ ਵਿਰੋਧਤਾਈ ਕਿਉਂ ਹੈ? ਇਸ ਦਾ ਸਿੱਧਾ ਮਤਲਬ ਇਹੀ ਹੈ ਕਿ ਭਾਰਤ ਵਿੱਚ ਜੋ ਆਰਥਿਕ “ਵਾਧੇ” ਦਾ ਵਰਤਾਰਾ ਹੈ ਇਸ ਦੀ ਬੁਨਿਆਦ ਉੱਪਰਲੀ 10 ਕੁ ਫ਼ੀਸਦੀ ਵਸੋਂ ਦੀ ਖਪਤ ’ਤੇ ਹੀ ਟਿਕੀ ਹੈ। ਇਹ ਉੱਪਰ ਦਿੱਤੇ ਟਰੈਕਟਰਾਂ ਦੀ ਵਿਕਰੀ, ਘਰਾਂ ਦੀ ਵਿਕਰੀ, ਏਸੀ ਆਦਿ ਵਿਕਰੀ ਤੋਂ ਸਪੱਸ਼ਟ ਹੈ। ਉੱਪਰਲੇ 10 ਫ਼ੀਸਦੀ ਦੀ ਖਪਤ ਹੇਠਲੀ 50 ਫ਼ੀਸਦੀ ਅਬਾਦੀ ਦੀ ਖਪਤ ਨਾਲ਼ੋਂ ਵੱਧ ਹੈ। ਇਸ ਤਬਕੇ ਦੀ ਮੌਜੂਦਾ ਖਪਤ ਵੀ ਅਸਲ ਵਿੱਚ ਕਰੋਨਾ ਸਾਲ ਦੀ ਰੋਕ ਕੇ ਰੱਖੀ ਖਪਤ ਹੀ ਹੈ ਜਿਹੜੀ ਕਿ ਹੁਣ ਖਰਚ ਹੋ ਰਹੀ ਹੈ। ਕਰੋਨਾ ਸਾਲ ਵਿੱਚ ਹੋਈ ਆਮਦਨ ਨੂੰ ਖਰਚਣ ਦਾ ਕੋਈ ਜ਼ਰੀਆ ਨਾ ਹੋਣ ਕਰਕੇ ਇਸ ਦਾ ਕਾਫੀ ਵੱਡਾ ਹਿੱਸਾ ਸ਼ੇਅਰ ਬਜ਼ਾਰ ਵਿੱਚ ਵੀ ਲੱਗਿਆ ਤੇ ਹੁਣ ਘਰਾਂ, ਕਾਰਾਂ ਤੇ ਹੋਰ ਸਹੂਲਤ ਦੀਆਂ ਚੀਜ਼ਾਂ ਦੀ ਵਿਕਰੀ ਵਿੱਚ ਸਾਹਮਣੇ ਆ ਰਿਹਾ ਹੈ। ਦੂਜੇ ਪਾਸੇ ਨਰੇਗਾ ਕੰਮ ਦੀ ਮੰਗ ਵਧਣਾ, ਕਿਰਤੀਆਂ ਦੀ ਕੁੱਲ ਵਸੋਂ ਵਿੱਚ ਹਿੱਸੇਦਾਰੀ ਘਟਣਾ, ਦੋਪਹੀਆ ਵਾਹਨਾਂ ਦੀ ਵਿਕਰੀ ਘਟਣਾ ਇਹੀ ਦਰਸਾਉਂਦਾ ਹੈ ਕਿ ਗਰੀਬ ਤੇ ਨਿਮਨ ਮੱਧਵਰਗ ’ਤੇ ਪਿਛਲੇ ਦੋ-ਤਿੰਨ ਸਾਲਾਂ ਦੇ “ਵਿਕਾਸ” ਨੇ ਜਿਹੜੀ ਮਾਰ ਪਾਈ ਹੈ ਉਸ ਤੋਂ ਉਹ ਉੱਭਰਿਆ ਨਹੀਂ। ਹੁਣ ਭਾਵੇਂ ਸਰਕਾਰ 2022 ਵਿੱਚ ਸਕਾਰਤਮਕ ਅੰਕੜਿਆਂ ਦਾ ਦਾਅਵਾ ਕਰ ਰਹੀ ਹੈ ਪਰ ਮੋਦੀ ਸਰਕਾਰ ਦੇ ਬਾਕੀ ਦਾਅਵਿਆਂ ਵਾਂਗੂੰ ਇਸ ਦਾਅਵੇ ਵਿੱਚ ਵੀ ਕਿੰਨਾ ਕੁ ਦਮ ਹੈ ਇਹ ਤਾਂ ਤੁਸੀਂ ਵੀ ਬਿਹਤਰ ਜਾਣਦੇ ਓਂ!

    (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img