ਅਰਜਨਟੀਨਾ ਦੇ ਫ਼ੁਟਬਾਲਰ ਮੇਸੀ ‘ਤੇ ਲੱਗੀ 3 ਮਹੀਨੇ ਦੀ ਪਾਬੰਦੀ

ਅਰਜਨਟੀਨਾ ਦੇ ਫ਼ੁਟਬਾਲਰ ਮੇਸੀ ‘ਤੇ ਲੱਗੀ 3 ਮਹੀਨੇ ਦੀ ਪਾਬੰਦੀ

ਅਸੰਕਿਓਨ: ਫ਼ੁਟਬਾਲ ਦੀ ਸੰਸਥਾ ਨੇ ਅਰਜਨਟੀਨਾ ਦੇ ਸਟਾਰ ਫ਼ੁਟਬਾਲਰ ਲਿਓਨੇਲ ਮੇਸੀ ਨੂੰ ਕੌਮਾਂਤਰੀ ਫ਼ੁਟਬਾਲ ਤੋਂ 3 ਮਹੀਨੇ ਲਈ ਮੁਅੱਤਲ ਕਰ ਦਿਤਾ ਹੈ। ਮੇਸੀ ਨੂੰ ਹਾਲੀ ਹੀ ‘ਚ ਖ਼ਤਮ ਹੋਏ ਕੋਪਾ ਅਮਰੀਕਾ ਕੱਪ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਚਲਦੇ ਮੁਅੱਤਲ ਕੀਤਾ ਗਿਆ ਹੈ। ਦਖਣੀ ਅਮਰੀਕੀ ਫ਼ੁਟਬਾਲ ਕੰਟਰੋਲਰ ਸੰਸਥਾ ਨੇ ਇਸ ਦੇ ਨਾਲ ਹੀ ਸ਼ੁਕਰਵਾਰ ਨੂੰ ਮੇਸੀ ‘ਤੇ 50 ਹਜ਼ਾਰ ਅਮਰੀਕਾ ਡਾਲਰ ਦਾ ਜੁਰਮਾਨਾ ਲਗਾਇਆ ਹੈ। ਪਿਛਲੇ ਮਹੀਨੇ ਬ੍ਰਾਜ਼ੀਲ ਵਿਚ ਖੇਡੇ ਗਏ ਕੋਪਾ ਅਮਰੀਕਾ ਕੱਪ ਵਿਚ ਚਿਲੀ ਵਿਰੁਧ ਤੀਸਰੇ ਸਥਾਨ ਲਈ ਹੋਏ ਮੁਕਾਬਲੇ ਦੌਰਾਨ ਮੈਦਾਨ ਤੋਂ ਬਾਹਰ ਭੇਜੇ ਜਾਣ ਤੋਂ ਬਾਅਦ ਬਾਰਸੀਲੋਨਾ ਦੇ ਇਸ ਖਿਡਾਰੀ ਨੇ ਦਖਣੀ ਅਮਰੀਕੀ ਫ਼ੁਟਬਾਲ ਸੰਘ ‘ਤੇ ਭਰਸ਼ਟਾਚਾਰ ਦਾ ਦੋਸ਼ ਲਗਾਇਆ ਸੀ।

ਮੇਜ਼ਬਾਨ ਟੀਮ ਵਿਰੁਧ ਸੈਮੀਫ਼ਾਈਨਲ ਵਿਚ ਦੋ ਮੌਕਿਆਂ ‘ਤੇ ਪੈਨਲਟੀ ਨਹੀਂ ਮਿਲਣ ਤੋਂ ਨਾਰਾਜ਼ ਮੇਸੀ ਨੇ ਕਿਹਾ ਸੀ ਕਿ ਬ੍ਰਾਜ਼ੀਲ ‘ਇਨ੍ਹਾਂ ਦਿਨਾਂ ਵਿਚ ਸੀ.ਓ.ਐਨ.ਐਮ.ਈ.ਬੀ.ਓ.ਐਲ ਵਿਚ ਬਹੁਤ ਕੁਝ ਕਾਬੂ ਕਰ ਰਿਹਾ ਹੈ।” ਬ੍ਰਾਜ਼ੀਲ ਨੇ ਇਸ ਮੁਕਾਬਲੇ ਵਿਚ ਅਰਜਨਟੀਨਾ ਨੂੰ 2-0 ਨਾਲ ਹਰਾਇਆ ਸੀ। ਅਗਲੇ ਮੁਕਾਬਲੇ ਵਿਚ ਰੈਫ਼ਰੀ ਨੇ ਉਨ੍ਹਾਂ ਨੂੰ ਮੈਦਾਲ ਤੋਂ ਬਾਹਰ ਕਰ ਦਿਤਾ ਜਿਸ ਤੋਂ ਬਾਅਦ ਉਹ ਅਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸਕੇ। ਟੀਮ ਦੀ 2-1 ਨਾਲ ਜਿੱਤ ਤੋਂ ਬਾਅਦ ਉਨ੍ਹਾਂ ਦੋਸ਼ ਲਗਾਇਆ, ”ਭਰਸ਼ਟਾਚਾਰ ਅਤੇ ਰੈਫ਼ਰੀ ਲੋਕਾਂ ਨੂੰ ਫ਼ੁਟਬਾਲ ਦਾ ਲੁਤਫ਼ ਲੈਣ ਤੋਂ ਰੋਕ ਰਹੇ ਹਨ ਅਤੇ ਉਹ ਇਸ ਨੂੰ ਬਰਬਾਦ ਕਰ ਰਹੇ ਹਨ।”

ਫ਼ੁਟਬਾਲ ਸੰਘ ਨੇ ਅਪਦੀ ਵੈਬਸਾਈਟ ਰਾਹੀਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀ ਉਨ੍ਹਾਂ ਦੀ ਅਨੁਸ਼ਾਸਨ ਨਿਯਮਾਂ ਦੀ ਧਾਰਾ 7.1 ਅਤੇ 7.2 ਨਾਲ ਸਬੰਧਤ ਹੈ। ਇਸ ਧਾਰਾ ਦਾ ਸਬੰਧ ‘ਹਮਲਾਵਰ, ਅਪਮਾਨਜਨਕ ਵਰਤਾਉ ਜਾਂ ਕਿਸੀ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਇਸ ਦੌਰਾਨ ਅਰਜਨਟੀਨਾ ਨੂੰ ਕੁਝ ਦੋਸਤਾਨਾ ਮੁਕਾਬਲੇ ਹੀ ਖੇਡਣੇ ਹਨ। ਅਰਜਨਟੀਨਾ ਅਗਲਾ ਮੁਕਾਬਲਾ ਮੈਚ 2022 ਵਿਸ਼ਵ ਕੱਪ ਲਈ ਦਖਣੀ ਅਮਰਹੀਕੀ ਕੁਆਲੀਫ਼ਾਇਰ ਵਿਚ ਹੋਵੇਗਾ ਜੋ ਅਗਲੇ ਸਾਲ ਸ਼ੁਰੂ ਹੋਵੇਗਾ। (ਪੀਟੀਆਈ)

Bulandh-Awaaz

Website: