ਕੈਲੇਫੋਰਨੀਆ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਪਿਛਲੇ ਇਕ ਦਹਾਕੇ ਦੇ ਸਿਖਰ ’ਤੇ ਪੁੱਜ ਗਈ ਹੈ ਅਤੇ ਬਾਰਡਰ ਏਜੰਟਾਂ ਵੱਲੋਂ ਜੂਨ ਮਹੀਨੇ ਦੌਰਾਨ 1 ਲੱਖ 89 ਹਜ਼ਾਰ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਾਂ ਉਨ੍ਹਾਂ ਨੂੰ ਵਾਪਸ ਭੇਜ ਦਿਤਾ ਗਿਆ। ਮਈ ਵਿਚ ਬਾਰਡਰ ਏਜੰਟਾਂ ਦਾ ਟਾਕਰਾ ਇਕ ਲੱਖ 80 ਹਜ਼ਾਰ ਪ੍ਰਵਾਸੀਆਂ ਨਾਲ ਹੋਇਆ ਸੀ।
ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ ਪ੍ਰਵਾਸੀਆਂ ਵਿਚ ਭਰਮ ਪੈਦਾ ਹੋ ਗਿਆ ਹੈ ਕਿ ਉਹ ਬੇਰੋਕ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਮਗਰੋਂ ਮੈਕਸੀਕੋ ਦੀ ਸਰਹੱਦ ਰਾਹੀਂ ਆਉਣ ਵਾਲਿਆਂ ਦੀ ਗਿਣਤੀ ਬੇਹੱਦ ਹੇਠਾਂ ਚਲੀ ਗਈ ਸੀ। ਪਰ ਪਿਛਲੇ ਕੁਝ ਮਹੀਨੇ ਦੌਰਾਨ ਵੱਡੇ-ਵੱਡੇ ਝੁੰਡਾਂ ਦੇ ਰੂਪ ਵਿਚ ਗ਼ੈਰਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਦਾਖ਼ਲ ਹੋ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚ ਰੱਖਣਾ ਵੀ ਸੰਭਵ ਨਹੀਂ ਅਤੇ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਮਈ ਵਿਚ ਸਿਰਫ਼ 23 ਹਜ਼ਾਰ ਪ੍ਰਵਾਸੀਆਂ ਨੂੰ ਅਮਰੀਕਾ ਦੀ ਸਰਹੱਦ ’ਤੇ ਰੋਕਿਆ ਗਿਆ ਪਰ ਇਸ ਸਾਲ ਇਹ ਅੰਕੜਾ ਪੌਣੇ ਦੋ ਲੱਖ ਤੋਂ ਟੱਪ ਗਿਆ। ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ 10 ਲੱਖ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜੋ 2019 ਦੇ ਅੰਕੜੇ ਤੋਂ ਕਿਤੇ ਉਪਰ ਚਲਾਂ ਜਾਂਦਾ ਹੈ।
ਬੀਤੇ ਮਾਰਚ ਵਿਚ ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰੀ ਐਲੇਹੈਂਦਰੋ ਮਯੋਰਕਸ ਨੇ ਅੰਦਾਜ਼ਾ ਪੇਸ਼ ਕਰਦਿਆਂ ਕਿਹਾ ਸੀ ਕਿ ਇਸ ਸਾਲ ਪ੍ਰਵਾਸੀਆਂ ਦਾ ਆਮਦ ਦਾ 20 ਸਾਲ ਦਾ ਰਿਕਾਰਡ ਟੁੱਟ ਸਕਦਾ ਹੈ। ਅਮਰੀਕਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਸੁਚੇਤ ਕਰਨ ਦੇ ਬਾਵਜੂਦ ਇਹ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ।