ਅਮਰੀਕਾ ਵਿਚ ਹੁਣ ਹੋ ਰਹੀਆਂ ਹਨ ਟੀਕਾਕਰਣ ਨਾ ਕਰਵਾਉਣ ਵਾਲਿਆਂ ਦੀਆਂ ਜਿਆਦਾ ਮੌਤਾਂ

ਅਮਰੀਕਾ ਵਿਚ ਹੁਣ ਹੋ ਰਹੀਆਂ ਹਨ ਟੀਕਾਕਰਣ ਨਾ ਕਰਵਾਉਣ ਵਾਲਿਆਂ ਦੀਆਂ ਜਿਆਦਾ ਮੌਤਾਂ

ਸੈਕਰਾਮੈਂਟੋ, 26 ਜੂਨ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਇਸ ਸਮੇ ਤਕਰੀਬਨ ਸਾਰੀਆਂ ਮੌਤਾਂ ਉਨਾਂ ਲੋਕਾਂ ਦੀਆਂ ਹੋ ਰਹੀਆਂ ਹਨ ਜਿਨਾਂ ਨੇ ਕੋਵਿਡ-19 ਤੋਂ ਬਚਾਅ ਲਈ ਟੀਕਾ ਨਹੀਂ ਲਗਵਾਇਆ। ਏ ਪੀ ਵੱਲੋਂ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਸਪਸ਼ਟ ਹੋਇਆ ਹੈ ਕਿ ਕੋਵਿਡ-19 ਵੈਕਸੀਨ ਲਵਾ ਚੁੱਕੇ ਲੋਕਾਂ ਦੀ ਮੌਤ ਦਰ ਬਹੁਤ ਘੱਟ ਹੈ ਤੇ ਉਹ ਬਿਮਾਰ ਵੀ ਨਹੀਂ ਹੋ ਰਹੇ। ਵਿਸ਼ਲੇਸ਼ਣ ਅਨੁੁਸਾਰ ਹਸਪਤਾਲ ਵਿਚ ਦਾਖਲ ਹੋਏ 8,53,000 ਲੋਕਾਂ ਵਿਚੋਂ ਵੈਕਸੀਨ ਲਵਾ ਚੁੱਕੇ ਮਰੀਜ਼ਾਂ ਦੀ ਗਿਣਤੀ ਮਹਿਜ 1200 ਹੈ ਜੋ ਕੇਵਲ 0.1% ਬਣਦੀ ਹੈ। ਇਸੇ ਤਰਾਂ ਕੋਰੋਨਾ ਕਾਰਨ ਮਰੇ 18000 ਤੋਂ ਵਧ ਲੋਕਾਂ ਵਿਚੋਂ ਪੂਰੀ ਤਰਾਂ ਟੀਕਾਕਰਣ ਕਰਵਾ ਚੁੱਕੇ ਲੋਕਾਂ ਦੀ ਗਿਣਤੀ 150 ਹੈ ਜੋ ਕੁਲ ਮੌਤਾਂ ਦਾ 0.8% ਹੈ। ਇਹ ਅੰਕੜੇ ਸੈਟਰਜ ਫਾਰ ਡਸੀਜ਼ ਕੰਟਰੋਲ (ਸੀ ਡੀ ਸੀ) ਵੱਲੋਂ 45 ਰਾਜਾਂ ਵਿਚੋਂ ਇਕੱਠੇ ਕੀਤੇ ਗਏ ਹਨ। ਇਸ ਵਿਸ਼ਲੇਸ਼ਣ ਤੋਂ ਇਕ ਗੱਲ ਸਾਫ ਹੋਈ ਹੈ ਕਿ ਕੋਵਿਡ ਵੈਕਸੀਨ ਮੌਤਾਂ ਤੇ ਬਿਮਾਰੀ ਨੂੰ ਰੋਕਣ ਵਿੱਚ ਸਫਲਤਾ ਪੂਰਵਕ ਕੰਮ ਕਰ ਰਹੀ ਹੈ। ਸੀ ਡੀ ਸੀ ਦੇ ਡਾਇਰੈਕਟਰ ਡਾਕਟਰ ਰੋਚੈਲ ਵਾਲੇਨਸਕੀ ਨੇ ਕਿਹਾ ਹੈ ਕਿ ਟੀਕਾਕਰਣ ਬਿਮਾਰੀ ਤੇ ਮੌਤਾਂ ਨੂੰ ਰੋਕਣ ਵਿਚ ਤਕਰੀਬਨ 100% ਕਾਰਗਰ ਹੈ। ਉਨਾਂ ਕਿਹਾ ਕਿ ਇਸ ਸਮੇ ਟੀਕਾਕਰਣ ਰਾਹੀਂ ਬਾਲਗਾਂ ਦੀਆਂ ਮੌਤਾਂ ਮੁਕੰਮਲ ਰੂਪ ਵਿਚ ਰੋਕੀਆਂ ਜਾ ਸਕਦੀਆਂ ਹਨ। ਸੀ ਡੀ ਸੀ ਅਨੁਸਾਰ ਹੁਣ ਤੱਕ 63% ਲੋਕਾਂ ਦੇ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ ਜਦ ਕਿ 53% ਲੋਕਾਂ ਦੇ ਦੋਨੋਂ ਟੀਕੇ ਲੱਗ ਚੁੱਕੇ ਹਨ।

ਕੋਵਿਡ 19 ਦੇ ਭਾਰਤੀ ਮੂਲ ਦੇ ਡੈਲਟਾ ਵਇਰਸ ਦੇ ਅਮਰੀਕਾ ਦੇ ਮਿਸੂਰੀ ਰਾਜ ਵਿਚ ਵਧ ਰਹੇ ਮਾਮਲਿਆਂ ਕਾਰਨ ਚਿੰਤਾ ਵਧ ਗਈ ਹੈ। ਸਪਰਿੰਗ ਫੀਲਡ ਗਰੀਨ ਕਾਊਂਟੀ ਸਿਹਤ ਵਿਭਾਗ ਅਨੁਸਾਰ ਇਸ ਮਹੀਨੇ ਪਹਿਲੀ ਜੂਨ ਤੋਂ ਡੈਲਟਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਿਚ 225% ਵਾਧਾ ਹੋਇਆ ਹੈ। ਸੀ ਡੀ ਸੀ ਅਨੁਸਾਰ ਡੈਲਟਾ ਵਾਇਰਸ ਦੇ ਫੈਲਣ ਦੀ ਰਫਤਾਰ ਬਹੁਤ ਤੇਜ ਹੈ ਤੇ ਮਿਸੂਰੀ ਵਿਚ ਡੈਲਟਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਬਾਕੀ ਸਭ ਰਾਜਾਂ ਨਾਲੋਂ ਵਧ 29% ਹੈ। ਮਿਸੂਰੀ ਵਿਚ ਟੀਕਾਕਰਣ ਦੀ ਦਰ ਵੀ ਔਸਤ ਨਾਲੋਂ ਘੱਟ ਹੈ। ਅਜੇ ਤੱਕ ਮਿਸੂਰੀ ਦੀ 38% ਆਬਾਦੀ ਦੇ ਹੀ ਮੁਕੰਮਲ ਟੀਕਾਕਰਣ ਹੋਇਆ ਹੈ। ਇਸ ਸਮੇ ਹਸਪਤਾਲਾਂ ਵਿਚ ਆ ਰਹੇ ਮਰੀਜ਼ ਛੋਟੀ ਉਮਰ ਦੇ ਹਨ ਤੇ ਇਹ ਸਰਦੀਆਂ ਦੌਰਾਨ ਫੈਲੇ ਵਾਇਰਸ ਕਾਰਨ ਬਿਮਾਰ ਹੋਏ ਹਨ। ਸਪਰਿੰਗ ਫੀਲਡ ਗਰੀਨ ਕਾਊਂਟੀ ਸਿਹਤ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਕੇਟ ਟਾਊਨ ਅਨੁਸਾਰ ਛੋਟੀ ਉਮਰ ਦੇ ਇਨਾਂ ਕਈ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਵੀ ਲੋੜ ਪੈ ਰਹੀ ਹੈ।

Bulandh-Awaaz

Website: