ਅਮਰੀਕਾ ਦੇ 6 ਰਾਜਾਂ ਵਿਚ ਅੱਗ ਲੱਗਣ ਨਾਲ 3 ਲੱਖ ਏਕੜ ਜੰਗਲ ਸੜਿਆ

88

ਸੈਕਰਾਮੈਂਟੋ, 13 ਜੁਲਾਈ (ਬੁਲੰਦ ਆਵਾਜ ਬਿਊਰੋ) – ਪੱਛਮੀ ਅਮਰੀਕਾ ਦੇ 6 ਰਾਜਾਂ ਵਿਚ ਅੱਗ ਲੱਗਣ ਨਾਲ 3 ਲੱਖ ਏਕੜ ਤੋਂ ਵਧ ਰਕਬੇ ਵਿਚ ਫੈਲਿਆ ਜੰਗਲ ਸੜਕੇ ਸਵਾਹ ਹੋ ਗਿਆ ਹੈ ਜਦ ਕਿ ਤਾਪਮਾਨ ਰਿਕਾਰਡ ਹੱਦ ਤੱਕ ਵਧ ਜਾਣ ਕਾਰਨ ਪਾਵਰ ਗਰਿਡਾਂ ਉਪਰ ਦਬਾਅ ਪੈ ਰਿਹਾ ਹੈ ਜਿਸ ਕਾਰਨ ਖੱਪਤਕਾਰਾਂ ਨੂੰ ਘੱਟ ਬਿਜਲੀ ਵਰਤਣ ਲਈ ਕਿਹਾ ਗਿਆ ਹੈ। ਇਕੱਲੇ ਓਰਗੋਨ ਵਿਚ 1,43,607 ਏਕੜ ਜੰਗਲ ਸੜ ਗਿਆ ਹੈ ਜਦ ਕਿ ਇਥੇ ਅੱਗ ਉਪਰ ਕਾਬੂ ਪਾਉਣ ਵਿੱਚ ਕੋਈ ਸਫਲਤਾ ਨਹੀਂ ਮਿਲੀ। ਕੈਲੀਫੋਰਨੀਆ ਵਿਚ ਵੀ ਹਜਾਰਾਂ ਏਕੜ ਜੰਗਲ ਅੱਗ ਦੀਆਂ ਲਪਟਾਂ ਦੇ ਘੇਰੇ ਵਿਚ ਆਇਆ ਹੈ ਤੇ ਰਾਜ ਵਿਚ ਇਸ ਸਾਲ ਲੱਗੀ ਇਹ ਸਭ ਤੋਂ ਵੱਡੀ ਅੱਗ ਹੈ। ਅੱਗ ਕਾਰਨ ਨੇਵਾਡਾ ਦੀ ਵਾਸਹੋ ਕਾਊਂਟੀ ਵਿਚ ਘਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਨੇਵਾਡਾ ਤੇ ਕੈਲੀਫੋਰਨੀਆ ਵਿਚ ਵਧੇਰੇ ਗਰਮੀ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਦੱਖਣ ਪੂਰਬ ਕੈਲੀਫੋਰਨੀਆ ਦੀ ‘ਡੈਥ ਵੈਲੀ’ ਵਜੋਂ ਜਾਣੇ ਜਾਂਦੇ ਮੋਜੇਵ ਮਾਰੂਥਲ ਵਿਚ ਤਾਪਮਾਨ 128 ਡਿਗਰੀ ਫਾਰਨਹੀਟ ਤੱਕ ਪੁੱਜ ਗਿਆ ਹੈ। ਫਰਨੇਸ ਕਰੀਕ ਦੀ ਕੌਮੀ ਮੌਸਮ ਸੇਵਾ ਅਨੁਸਾਰ ਇਸ ਖਿਤੇ ਵਿਚ ਸਭ ਤੋਂ ਵਧ ਤਾਪਮਾਨ ਸ਼ੁੱਕਰਵਾਰ 130 ਡਿਗਰੀ ਫਾਰਨਹੀਟ ਰਿਕਾਰਡ ਹੋਇਆ ਹੈ। ਜੁਲਾਈ 1913 ਤੋਂ ਬਾਅਦ ਦਰਜ ਹੋਇਆ ਇਹ ਸਭ ਤੋਂ ਵਧ ਤਾਪਮਾਨ ਹੈ। 1913 ਵਿਚ ਫਰਨੇਸ ਕਰੀਕ ਮਾਰੂਥਲ ਵਿਚ ਰਿਕਾਰਡ 134 ਡਿਗਰੀ ਫਾਰਨਹੀਟ ਤਾਪਮਾਨ ਦਰਜ ਹੋਇਆ ਸੀ ਜੋ ਸਮਝਿਆ ਜਾਂਦਾ ਹੈ ਕਿ ਧਰਤੀ ਉਪਰ ਦਰਜ ਹੋਇਆ ਇਹ ਸਭ ਤੋਂ ਵਧ ਤਾਪਮਾਨ ਹੈ। ਕੌਮੀ ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਹੈ ਕਿ ਖਤਰਨਾਕ ਹਾਲਾਤ ਕਾਰਨ ਗਰਮੀ ਨਾਲ ਸਬੰਧਤ ਬਿਮਾਰੀਆਂ ਫੈਲ ਸਕਦੀਆਂ ਹਨ। ਦੱਖਣੀ ਕੈਲੀਫੋਰਨੀਆ ਵਿਚ ਪਾਲਮ ਸਪਰਿੰਗਜ ਵਿਖੇ ਪਿਛਲੇ ਦਿਨ ਤਾਪਮਾਨ 120 ਡਿਗਰੀ ਫਾਰਨਹੀਟ ਦਰਜ ਹੋਇਆ ਜੋ ਇਸ ਸਾਲ ਇਥੇ ਦਰਜ ਹੋਇਆ ਸਭ ਤੋਂ ਵਧ ਤਾਪਮਾਨ ਹੈ।

Italian Trulli

ਦੋ ਅੱਗ ਬੁਝਾਊ ਅਧਿਕਾਰੀਆਂ ਦੀ ਮੌਤ- ਐਰੀਜ਼ੋਨਾ ਦੇ ਅੱਗ ਬੁਝਾਊ ਅਮਲੇ ਦੇ ਦੋ ਮੈਂਬਰਾਂ ਦੀ ਉਸ ਸਮੇ ਮੌਤ ਹੋ ਗਈ ਜਦੋਂ ਉਨਾਂ ਨੂੰ ਲਿਜਾ ਰਿਹਾ ਜਹਾਜ਼ ਤਬਾਹ ਹੋ ਗਿਆ। ਮਾਰੇ ਗਏ ਮੈਂਬਰ ਆਗੂ ਬੁਝਾਉਣ ਦੀਆਂ ਕੋਸ਼ਿਸ਼ਾਂ ਵਿਚ ਹਿੱਸਾ ਲੈਣ ਜਾ ਰਹੇ ਸਨ ਕਿ ਅਚਾਨਕ ਆਈ ਖਰਾਬੀ ਕਾਰਨ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।