ਟੈਕਸਸ, 14 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਪੈ ਰਹੀ ਅਤਿ ਦੀ ਗਰਮੀ ਬਗ਼ੈਰ ਦਸਤਾਵੇਜ਼ਾਂ ਤੋਂ ਮੁਲਕ ਵਿਚ ਦਾਖ਼ਲ ਹੋਣ ਦੀ ਤਾਕ ਵਿਚ ਬੈਠੇ ਪ੍ਰਵਾਸੀਆਂ ਉਪਰ ਕਹਿਰ ਢਾਹ ਰਹੀ ਹੈ। ਟੈਕਸਸ ਅਤੇ ਐਰੀਜ਼ੋਨਾ ਰਾਜਾਂ ਵਿਚ ਮੈਕਸੀਕੋ ਨਾਲ ਲਗਦੀ ਸਰਹੱਦ ਤੋਂ ਦਰਜਨਾਂ ਦੀ ਗਿਣਤੀ ਵਿਚ ਮਿਲ ਰਹੀਆਂ ਲਾਸ਼ਾਂ ਹੌਲਨਾਕ ਕਹਾਣੀ ਬਿਆਨ ਕਰ ਰਹੀਆਂ ਹਨ।
ਇਕੱਲੇ ਐਰੀਜ਼ੋਨਾ ਸੂਬੇ ਵਿਚ ਕੌਮਾਂਤਰੀ ਸਰਹੱਦ ਤੋਂ 43 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਦੀ ਮੌਤ ਗਰਮੀ ਕਾਰਨ ਹੋਈ ਦੱਸੀ ਜਾ ਰਹੀ ਹੈ। ਪਾਣੀ ਤੋਂ ਬਗ਼ੈਰ ਐਰੀਜ਼ੋਨਾ ਦੇ ਰੇਗਿਸਤਾਨੀ ਇਲਾਕਿਆਂ ਵਿਚ ਜ਼ਿਆਦਾ ਦੇਰ ਲੁਕ ਕੇ ਬੈਠਣਾ ਸੰਭਵ ਨਹੀਂ ਪਰ ਅਮਰੀਕਾ ਪਹੁੰਚਣ ਦੀ ਉਮੀਦ ਵਿਚ ਪ੍ਰਵਾਸੀਆਂ ਦੀਆਂ ਡਾਰਾਂ ਸਰਹੱਦੀ ਇਲਾਕੇ ਵਿਚ ਮੌਜੂਦ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਗ਼ੈਰ-ਮੁਨਾਫ਼ੇ ਵਾਲੀ ਜਥੇਬੰਦੀ ਹਿਊਮਨ ਬਾਰਡਰਜ਼ ਨੇ ਦੱਸਿਆ ਕਿ ਗਰਮੀ ਅਤੇ ਪਿਆਸ ਕਾਰਨ ਦਮ ਤੋੜਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ। ਜੂਨ ਦੇ ਅੰਤ ਅਤੇ ਦੋ ਦਿਨ ਪਹਿਲਾਂ ਪਈ ਗਰਮੀ ਨੇ ਸਾਰੇ ਰਿਕਾਰਡ ਮਾਤ ਕਰ ਦਿਤੇ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਰੀਜ਼ੋਨਾ ਦੇ ਰੇਗਿਸਤਾਨੀ ਇਲਾਕਿਆਂ ਦਾ ਤਾਪਮਾਨ ਪਹਿਲਾਂ ਹੀ ਆਮ ਨਾਲੋਂ ਉਪਰ ਚੱਲ ਰਿਹਾ ਹੈ ਪਰ ਫ਼ਿਨਿਕਸ ਵਰਗੇ ਸ਼ਹਿਰਾਂ ਵਿਚ ਵੀ ਗਰਮੀ ਰਿਕਾਰਡ ਤੋੜ ਰਹੀ ਹੈ। ਸੂਤਰਾਂ ਮੁਤਾਬਕ ਕੌਮਾਂਤਰੀ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਮੌਤ ਦੇ ਮਾਮਲੇ ਠੰਢੇ ਮੌਸਮ ਦੌਰਾਨ ਵੀ ਸਾਹਮਣੇ ਆਉਂਦੇ ਹਨ ਪਰ ਗਿਣਤੀ ਕਾਫ਼ੀ ਘੱਟ ਹੁੰਦੀ ਹੈ। ਇਸ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ 127 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 96 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਮੌਤ ਦਾ ਸਭ ਤੋਂ ਵੱਡਾ ਕਾਰਨ ਗਰਮੀ ਮੰਨਿਆ ਜਾ ਰਿਹਾ ਹੈ।