ਨਿਊਯਾਰਕ, 27 ਜੂਨ (ਬੁਲੰਦ ਆਵਾਜ ਬਿਊਰੋ) – ਜੌਨਸਨ ਐਂਡ ਜੌਨਸਨ ਕੰਪਨੀ ਓਪੀਔਡ ਸੰਕਟ ਮਾਮਲੇ ਵਿੱਚ ਅਮਰੀਕਾ ਦੇ ਨਿਊਯਾਰਕ ਸੂਬੇ ਨੂੰ 23 ਕਰੋੜ ਡਾਲਰ ਦਾ ਮੁਆਵਜ਼ਾ ਦੇਣ ਲਈ ਰਾਜ਼ੀ ਹੋ ਗਈ ਹੈ।
ਅਟਾਰਨੀ ਜਨਰਲ ਲੇਟੀਟਿਆ ਜੇਮਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਵਾ ਨਿਰਮਾਤਾ ਕੰਪਨੀ ਨਿਊਯਾਰਕ ਦੇ ਨਾਲ-ਨਾਲ ਦੇਸ਼ ਭਰ ਵਿੱਚ ਓਪੀਔਡ (ਇੱਕ ਪ੍ਰਕਾਰ ਦਾ ਦਰਦ ਨਿਵਾਰਕ ਪਦਾਰਥ) ਦੇ ਨਿਰਮਾਣ ਅਤੇ ਵੰਡ ਨੂੰ ਸਮਾਪਤ ਕਰਨ ਲਈ ਵੀ ਸਹਿਮਤ ਹੋ ਗਈ ਹੈ। ਕੰਪਨੀ ਨੇ ਇਸ ਦਵਾ ਸੰਕਟ ਨੂੰ ਹਵਾ ਦੇਣ ਵਿੱਚ ਮਦਦ ਕੀਤੀ, ਪਰ ਅੱਜ ਉਹ ਨਾ ਸਿਰਫ਼ ਨਿਊਯਾਰਕ, ਸਗੋਂ ਸਮੁੱਚ ਅਮਰੀਕਾ ਵਿੱਚ ਓਪੀਔਡ ਕਾਰੋਬਾਰ ਨੂੰ ਤਿਆਗਣ ਜਾ ਰਹੀ ਹੈ।
ਇਸ ਕਰਾਰ ਦੇ ਤਹਿਤ ਜੇਮਸ ਵੱਲੋਂ 2019 ਵਿੱਚ ਕੀਤੇ ਗਏ ਇੱਕ ਮੁਕੱਦਮੇ ਤੋਂ ਜੌਨਸਨ ਐਂਡ ਜੌਨਸਨ ਨੂੰ ਨਿਜਾਤ ਮਿਲ ਜਾਵੇਗੀ, ਜਿਸ ਦੀ ਸੁਣਵਾਈ ਅਗਲੇ ਹਫ਼ਤੇ ਲਾਂਗ ਆਈਲੈਂਡ ਵਿੱਚ ਸ਼ੁਰੂ ਹੋਣ ਵਾਲੀ ਸੀ। ਇਹ ਉਨ੍ਹਾਂ ਮੁਕੱਦਮਿਆਂ ਵਿੱਚ ਸ਼ਾਮਲ ਹੈ, ਜੋ ਪਿਛਲੇ ਦੋ ਦਹਾਕਿਆਂ ਵਿੱਚ ਹੋਈਆਂ ਲਗਭਗ 50 ਹਜ਼ਾਰ ਲੋਕਾਂ ਦੀ ਮੌਤ ਨਾਲ ਸਬੰਧਤ ਹਨ।
ਜੌਨਸਨ ਐਂਡ ਜੌਨਸਨ ਵੱਲੋਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਕਰਾਰ ਦੋ ਦਰਦ ਨਿਵਾਰਕਾਂ ਨੂੰ ਲੈ ਕੇ ਹੈ, ਜਿਸ ਦਾ ਵਿਕਾਸ ਉਸ ਦੀ ਸਹਾਇਕ ਕੰਪਨੀ ਨੇ ਕੀਤਾ ਹੈ। ਕੰਪਨੀ ਮੁਤਾਬਕ ਇਨ੍ਹਾਂ ਦਰਦ ਨਿਵਾਰਕਾਂ ਦੀ ਬਾਜ਼ਾਰ ਵਿੱਚ ਸਿਰਫ਼ 1 ਫੀਸਦੀ ਹਿੱਸੇਦਾਰੀ ਸੀ ਅਤੇ ਉਹ ਹੁਣ ਅਮਰੀਕਾ ਵਿੱਚ ਨਹੀਂ ਵੇਚੇ ਜਾਂਦੇ।