ਸੈਨ ਫ਼ਰਾਂਸਿਸਕੋ, 1 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਨਾਜਾਇਸ਼ ਤਰੀਕੇ ਨਾਲ ਦਾਖ਼ਲ ਹੋ ਰਹੇ 10 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ਏਜੰਟਾਂ ਨੇ ਪਿਛਲੇ 8 ਮਹੀਨੇ ਦੌਰਾਨ ਕਾਬੂ ਕੀਤਾ ਅਤੇ ਇਨ੍ਹਾਂ ਵਿਚੋਂ ਹਜ਼ਾਰਾਂ ਪੰਜਾਬੀ ਨੌਜਵਾਨ ਦੱਸੇ ਜਾ ਰਹੇ ਹਨ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੈਕਸੀਕੋ ਨਾਲ ਲਗਦੀ ਸਰਹੱਦ ਤੋਂ ਕਾਬੂ ਕੀਤੇ ਗਏ ਪ੍ਰਵਾਸੀਆਂ ਦੀ ਗਿਣਤੀ ਨੇ 2019 ਦਾ ਰਿਕਾਰਡ ਤੋੜ ਦਿਤਾ ਹੈ ਜਦਕਿ ਮੌਜੂਦਾ ਵਿੱਤੀ ਵਰ੍ਹੇ ਦੇ ਤਿੰਨ ਮਹੀਨੇ ਹਾਲੇ ਬਾਕੀ ਹਨ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ ਤੋਂ ਮਈ ਦਰਮਿਆਨ 5 ਲੱਖ 15 ਹਜ਼ਾਰ ਨਾਜਾਇਜ਼ ਪ੍ਰਵਾਸੀਆਂ ਨੂੰ ਰੋਕਿਆ ਗਿਆ ਅਤੇ ਇਹ ਅੰਕੜਾ 2020 ਦੇ ਵਿੱਤੀ ਵਰ੍ਹੇ ਤੋਂ ਦੁੱਗਣਾ ਬਣਦਾ ਹੈ।
ਪਿਛਲੇ ਸਾਲ ਅਪ੍ਰੈਲ ਵਿਚ ਡੌਨਲਡ ਟਰੰਪ ਦੇ ਕਾਰਜਕਾਲ ਦੌਰਾਨ 16 ਹਜ਼ਾਰ ਪ੍ਰਵਾਸੀ ਗ੍ਰਿਫ਼ਤਾਰ ਕੀਤੇ ਗਏ ਜਦਕਿ ਇਸ ਸਾਲ ਅਪ੍ਰੈਲ ਵਿਚ ਅੰਕੜਾ ਵਧ ਕੇ ਪੌਣੇ ਦੋ ਲੱਖ ਹੋ ਗਿਆ। ਫ਼ੈਡਰਲ ਅਧਿਕਾਰੀਆਂ ਵੱਲੋਂ ਜੂਨ ਦੇ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਗਏ ਪਰ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ’ਤੇ ਚੱਲ ਰਹੇ ਹਾਲਾਤ ਨਾਜਾਇਜ਼ ਪ੍ਰਵਾਸ ਦੀਆਂ ਅਣਗਿਣਤ ਕੋਸ਼ਿਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਨ। ਅਮਰੀਕਾ ਵਿਚ ਦਾਖ਼ਲ ਹੋਣ ਦੀ ਦੌੜ ਵਿਚ ਪੰਜਾਬੀ ਵੀ ਪਿੱਛੇ ਨਹੀਂ ਅਤੇ ਲੱਖ ਰੁਪਏ ਖ਼ਰਚ ਕਰਨ ਤੇ ਕਈ ਮੁਲਕਾਂ ਦੀ ਖ਼ਾਕ ਛਾਣਨ ਤੋਂ ਬਾਅਦ ਉਹ ਮੈਕਸੀਕੋ ਦੀ ਸਰਹੱਦ ’ਤੇ ਪੁੱਜ ਰਹੇ ਹਨ। ਜਿਥੇ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਚੌਕਸੀ ਵਧਾ ਦਿਤੀ ਗਈ ਹੈ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਪੰਜਾਬੀਆਂ ਸਣੇ ਹੋਰਨਾਂ ਪ੍ਰਵਾਸੀਆਂ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਉਨ੍ਹਾਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ ਅਤੇ ਉਹ ਕਿਸੇ ਨਾਲ ਕਿਸੇ ਤਰੀਕੇ ਅਮਰੀਕਾ ਵਿਚ ਆਪਣਾ ਟਿਕਾਣਾ ਬਣਾਉਣ ਵਿਚ ਸਫ਼ਲ ਹੋ ਜਾਣਗੇ।