ਅਮਰੀਕਾ ਇਰਾਕ ਵਿੱਚ ‘ਜੰਗ ਮਿਸ਼ਨ’ ਇਸ ਸਾਲ ਦੇ ਆਖਿਰ ਵਿਚ ਖਤਮ ਕਰ ਦੇਵੇਗਾ – ਬਾਇਡਨ

76

ਵਾਸ਼ਿੰਗਟਨ, 28 ਜੁਲਾਈ (ਬੁਲੰਦ ਆਵਾਜ ਬਿਊਰੋ) – ਅਫਗਾਨਿਸਤਾਨ ਤੋਂ ਬਾਅਦ ਅਮਰੀਕਾ ਨੇ ਇਰਾਕ ਵਿਚੋਂ ਵੀ ਆਪਣੇ ਆਪ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਹੈ । ਰਾਸ਼ਟਰਪਤੀ ਜੋਅ ਬਾਇਡਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ- ਕਾਧੀਮੀ ਨਾਲ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਇਸ ਸਾਲ ਦੇ ਅੰਤ ਤੱਕ ਇਰਾਕ ਵਿਚ ਅਮਰੀਕਾ ਦਾ ‘ਜੰਗੀ ਮਿਸ਼ਨ’ ਖਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਵਾਈਟ ਹਾਊਸ ਵਿਚ ਪੁੱਜਣ ‘ਤੇ ਰਾਸ਼ਟਰਪਤੀ ਨੇ ਇਰਾਕ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਓਵਾਲ ਦਫਤਰ ਵਿਚ ਆਪਣੇ ਸੰਬੋਧਨ ਵਿਚ ਬਾਇਡਨ ਨੇ ਕਿਹਾ ਕਿ ਅਮਰੀਕੀ ਫੌਜ ਇਰਾਕੀ ਫੌਜੀਆਂ ਨੂੰ ਸਿਖਲਾਈ ਦੇਣਾ ਜਾਰੀ ਰਖੇਗੀ ਤੇ ਇਸਲਾਮਿਕ ਸਟੇਟ ਨਾਲ ਲੜਾਈ ਵਿੱਚ ਇਰਾਕ ਨਾਲ ਸਹਿਯੋਗ ਜਾਰੀ ਰਹੇਗਾ। ਇਸ ਵੇਲੇ ਇਰਾਕ ਵਿਚ ਅਮਰੀਕਾ ਦੇ 2500 ਦੇ ਕਰੀਬ ਫੌਜੀ ਹਨ।

Italian Trulli

ਅਲ -ਕਾਧਿਮੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਰਾਕ ਵਿਚ ਕਿਸੇ ਵੀ ਵਿਦੇਸ਼ੀ ਫੋਰਸ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਇਰਾਕ ਦੀਆਂ ਸੁਰੱਖਿਆ ਫੋਰਸਾਂ ਤੇ ਫੌਜ ਅਮਰੀਕਾ ਦੀ ਅਗਵਾਈ ਵਾਲੀ ਸਾਂਝੀ ਫੌਜ ਦੀ ਮੱਦਦ ਤੋਂ ਬਿਨਾਂ ਦੇਸ਼ ਦੀ ਰਖਿਆ ਕਰਨ ਦੇ ਸਮਰਥ ਹਨ। ਓਵਾਲ ਦਫਤਰ ਵਿਚ ਬਾਇਡਨ ਨਾਲ ਹੋਈ ਮੀਟਿੰਗ ਦੌਰਾਨ ਅਲ-ਕਾਧਿਮੀ ਨੇ ਕਿਹਾ ਕਿ ”ਮੈ ਇਰਾਕ ਦੇ ਲੋਕਾਂ ਦੀ ਤਰਫੋਂ ਅਮਰੀਕਨ ਲੋਕਾਂ ਦਾ ਧੰਨਵਾਦ ਕਰਦਾ ਹਾਂ। ਅੱਜ ਸਾਡਾ ਦੇਸ਼ ਜਿੰਨਾ ਮਜਬੂਤ ਹੈ ਓਨਾ ਪਹਿਲਾਂ ਕਦੇ ਵੀ ਨਹੀਂ ਸੀ।” ਇਸ ਉਪਰੰਤ ਵਾਈਟ ਹਾਊਸ ਵਿਖੇ ਗੱਲਬਾਤ ਕਰਦਿਆਂ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਇਸ ਸਾਲ ਦੇ ਅੰਤ ਵਿੱਚ ਇਰਾਕ ਵਿਚ ਕਿੰਨੇ ਅਮਰੀਕੀ ਫੌਜੀ ਟਿਕੇ ਰਹਿਣਗੇ।