ਅੱਜ ਦੇ ਤੇਜ਼ ਯੁੱਗ ਵਿਚ ਸਿੱਖ ਬੀਬੀ ਦੀ ਭੂਮਿਕਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਕ ਨਜ਼ਰ ਸਿੱਖ ਇਤਿਹਾਸ ‘ਤੇ ਮਾਰਨ ਦੀ ਜ਼ਰੂਰਤ ਹੈ, ਅੱਜ ਦੀ ਗੱਲ ਕਰਨ ਤੋਂ ਪਹਿਲਾਂ ਇਹ ਵੇਖਣਾ, ਸਮਝਣਾ ਅਤਿਅੰਤ ਜ਼ਰੂਰੀ ਹੈ ਗੁਰੂ ਕਾਲ ਤੋਂ ਲੈ ਕੇ ਇਤਿਹਾਸ ਦੇ ਪੰਨਿਆਂ ਵਿਚ ਸਿੱਖ ਬੀਬੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਬੇਬੇ ਨਾਨਕੀ ਜੀ ਭਾਈ ਮਰਦਾਨਾ ਜੀ ਨੂੰ ਰਬਾਬ ਖਰੀਦਣ ਲਈ ਮਾਇਆ ਦੇ ਕੇ ਉਸ ਸਫਰ ਦੀ ਆਰੰਭਤਾ ਕਰਦੇ ਹਨ ਜਿਸ ਦੀ ਸੰਪੂਰਨਤਾ 1699 ਈ: ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਅਤੇ ਅੰਮ੍ਰਿਤ-ਸੰਚਾਰ ਮੌਕੇ ਪਤਾਸਿਆਂ ਦੀ ਸੇਵਾ ਕਰ ਮਾਤਾ ਸਾਹਿਬ ਕੌਰ ਜੀ ਨੇ ਕੀਤੀ।ਸਿੱਖ ਇਤਿਹਾਸ ਤੋਂ ਇਲਾਵਾ ਗੁਰਬਾਣੀ ਵਿਚ ਵੀ ਸਾਨੂੰ ਕਿੰਨੇ ਪ੍ਰਮਾਣ ਮਿਲਦੇ ਹਨ, ਜਿਥੇ ਬੀਬੀ ਨੂੰ ਸਤਿਕਾਰਿਆ ਗਿਆ। ਸਤਿਕਾਰ, ਇੱਜ਼ਤ ਦੇਣਾ ਤਾਂ ਬਰਾਬਰਤਾ ਤੋਂ ਵੀ ਕਿੰਨੀ ਉੱਚੀ ਗੱਲ ਹੈ, ਔਰਤ ਜੋ ਸਦੀਆਂ ਤੋਂ ਲਿਤਾੜੀ ਜਾ ਰਹੀ ਸੀ, ਜਿਸ ਨੂੰ ਇਨਸਾਨਾਂ ਵਾਂਗ ਜਿਊਣ ਦਾ ਹੱਕ ਵੀ ਨਹੀਂ ਸੀ, ਤਾਂ ਗੁਰੂ ਸਾਹਿਬ ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹਨ ਕਿ ਔਰਤ ਮਰਦ ਵਿਚ ਕੋਈ ਭੇਦ ਨਹੀਂ ਹੈ:
ਪੁਰਖ ਮਹਿ ਨਾਰਿ ਨਾਰਿ ਮਹਿ
ਪੁਰਖਾ ਬੂਝਹੁ ਬ੍ਰਹਮ ਗਿਆਨੀ
ਹੁਣ ਵਿਚਾਰ ਕਰਦੇ ਹਾਂ ਕਿ ਉਹ ਔਰਤ ਜਾਤ ਜਿਸ ਨੂੰ ਸਿੱਖ ਧਰਮ ਨੇ ਮਾਣ-ਮਰਿਆਦਾ ਅਤੇ ਸਤਿਕਾਰ ਦਿੱਤਾ ਕੀ ਆਪਣੇ ਇਸ ਸਤਿਕਾਰ ਨੂੰ ਬਹਾਲ ਰੱਖਦਿਆਂ ਹੋਇਆਂ ਅੱਜ ਦੀਆਂ ਸਿੱਖ ਮੁਟਿਆਰਾਂ ਧਰਮ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਸਹੀ ਯੋਗਦਾਨ ਪਾ ਰਹੀਆਂ ਹਨ? ਇਹ ਆਮ ਪ੍ਰਚਲਤ ਗੱਲ ਹੈ ਕਿ ਕੌਮਾਂ ਨੂੰ ਜ਼ਿੰਦਾ ਰੱਖਣ ਲਈ ਔਰਤ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ, ਪਰ ਇਹ ਕਿਵੇਂ ਹੋ ਸਕਦਾ ਹੈ, ਇਹ ਪਤਾ ਲਗਾਉਣ ਲਈ ਕੋਸ਼ਿਸ਼ ਕਰਦੇ ਹਾਂ ਹਰ ਉਸ ਛੋਟੀ-ਛੋਟੀ ਗੱਲ ਨੂੰ ਵਿਚਾਰਨ ਦੀ, ਜਿਸ ਨੂੰ ਆਮ ਤੌਰ ‘ਤੇ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ।ਨਾਂਅ : ਸਿੱਖਾਂ ਦੀ ਇਕ ਅੱਡਰੀ ਹੋਂਦ-ਹਸਤੀ ਵਜੋਂ ਇਕ ਵੱਖਰੀ ਪਛਾਣ ਦੇ ਰੂਪ ਹਰ ਇਕ ਲੜਕੇ ਦੇ ਨਾਂਅ ਨਾਲ ਸਿੰਘ ਅਤੇ ਲੜਕੀ ਦੇ ਨਾਂਅ ਨਾਲ ਕੌਰ ਲਗਾਉਣ ਦਾ ਹੁਕਮ ਹੈ, ਪਰ ਅੱਜ ਦੇ ਨੌਜਵਾਨ ਆਪਣੇ ਨਾਂਵਾਂ ਨਾਲ ਸਿੰਘ ਜਾਂ ਕੌਰ ਲਾਉਣ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਅੱਧੇ ਅਧੂਰੇ ਨਾਂਅ ਲਿਖਣੇ, ਛੋਟੇ- ਛੋਟੇ ਨਾਂਅ ਲਿਖਣੇ ਅਤੇ ਸਿੰਘ-ਕੌਰ ਸ਼ਬਦ ਲਾਉਣ ਤੋਂ ਗੁਰੇਜ਼ ਕਰਨਾ ਇਕ ਫੈਸ਼ਨ ਬਣਦਾ ਜਾ ਰਿਹਾ ਹੈ। ਬਤੌਰ ਅਧਿਆਪਕ ਕਾਲਜ ਵਿਚ ਇਸ ਵਰਤਾਰੇ ਨਾਲ ਤਕਰੀਬਨ ਹਰ ਰੋਜ਼ ਸਾਹਮਣਾ ਹੁੰਦਾ ਹੈ, ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ। ਅੱਜਕਲ੍ਹ ਤਾਂ ਨਾਂਅ ਹੀ ਇਸ ਤਰ੍ਹਾਂ ਦੇ ਰੱਖੇ ਜਾਣ ਲੱਗੇ ਹਨ ਕਿ ਪਤਾ ਹੀ ਨਹੀਂ ਚਲਦਾ ਕਿ ਇਹ ਸਿੱਖ ਬੱਚਾ ਹੈ, ਇੰਝ ਲਗਦਾ ਜਿਵੇਂ ਆਉਣ ਵਾਲੇ ਸਮੇਂ ਵਿਚ ਸਿੱਖ ਨਾਂਵਾਂ ਦਾ ਕਾਲ ਹੀ ਪੈ ਜਾਵੇਗਾ। ਮੇਰਾ ਨਿੱਜੀ ਵਿਚਾਰ ਹੈ ਕਿ ਹਰ ਸਿੱਖ ਮਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸਿੰਘ-ਕੌਰ ਸ਼ਬਦਾਂ ਦੀ ਮਹਾਨਤਾ ਬਾਰੇ ਦੱਸਿਆ ਜਾਵੇ। ਹਰ ਸਿੱਖ ਮਾਂ ਆਪਣਾ ਫ਼ਰਜ਼ ਪਛਾਣਦੇ ਹੋਏ ਆਪਣੇ ਬੱਚੇ ਦਾ ਨਾਂਅ ਹੀ ਇਸ ਤਰ੍ਹਾਂ ਦਾ ਰੱਖੇ ਕਿ ਜਿਸ ਨੂੰ ਸੁਣ ਕੇ ਜਾਂ ਪੜ੍ਹ ਕੇ ਹੀ ਪਤਾ ਲੱਗ ਜਾਵੇ ਕਿ ਇਹ ਸਿੱਖ ਬੱਚਾ ਹੈ।
ਪਹਿਰਾਵਾ : ਸਿੱਖ ਧਰਮ ਇਕ ਨਵੀਨ ਧਰਮ ਹੈ ਜੋ ਸਦੀਆਂ ਤੋਂ ਚਲੀਆਂ ਆਉਂਦੀਆਂ ਬੰਦਿਸ਼ਾਂ ਤੋਂ ਪਰ੍ਹੇ ਹੈ, ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ: ਬਾਬਾ ਹੋਰੁ ਪੈਨਣੁ ਖੁਸੀ ਖੁਆਰੁ
ਜਿਤੁ ਪੈਧੇ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ
ਜਾਪਦਾ ਨਹੀਂ ਕਿ ਇਸ ਤੋਂ ਵੱਧ ਖੁੱਲੇ ਵਿਚਾਰ ਕਿਸੇ ਹੋਰ ਧਰਮ ਗ੍ਰੰਥ ਵਿਚ ਮਿਲਦੇ ਹਨ, ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਦੀ ਮਨਾਹੀ ਨਹੀਂ, ਬਸ਼ਰਤੇ ਕਿ ਪਹਿਰਾਵਾ ਇਸ ਤਰ੍ਹਾਂ ਦਾ ਨਾ ਹੋਵੇ ਜਿਸ ਨਾਲ ਮਨ ਅਤੇ ਤਨ ਦੁਖੀ ਹੋਣ, ਇਨਸਾਨ ਦੇ ਆਪਣੇ ਜਾਂ ਦੂਸਰਿਆਂ ਦੇ ਮਨ ਵਿਚ ਕਿਸੇ ਤਰ੍ਹਾਂ ਦੇ ਕੋਈ ਬੁਰੇ ਵਿਕਾਰ ਪੈਦਾ ਹੋਣ। ਫਿਰ ਵੀ ਪਤਾ ਨਹੀਂ ਕਿਉਂ ਸਾਡੀਆਂ ਨੌਜਵਾਨ ਲੜਕੀਆਂ ਗ਼ਲਤ ਪਹਿਰਾਵੇ ਨੂੰ ਤਰਜੀਹ ਦਿੰਦੀਆਂ ਹਨ, ਕਿਉਂ ਅਸੀਂ ਆਪਣੇ ਬੱਚਿਆਂ ਨੂੰ ਸਹੀ ਪਹਿਰਾਵੇ ਬਾਰੇ ਦੱਸਣ ਵਿਚ ਅਸਫ਼ਲ ਰਹੇ ਹਾਂ।
ਖਾਣ-ਪੀਣ: ਪਹਿਰਾਵੇ ਦੀ ਤਰ੍ਹਾਂ ਸਿੱਖ ਧਰਮ ਵਿਚ ਖਾਣ-ਪੀਣ ਦੇ ਸਬੰਧ ਵਿਚ ਵੀ ਕੋਈ ਖਾਸ ਮਨਾਹੀ ਜਾਂ ਹਦਾਇਤ ਨਹੀਂ ਹੈ,
ਬਾਬਾ ਹੋਰ ਖਾਣਾ ਖੁਸੀ ਖੁਆਰੁ
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ
ਹਾਂ ਪਰਾਇਆ ਹੱਕ ਖਾਣ ਦੀ ਮਨਾਹੀ ਅਤੇ ਹੱਕ ਦੀ ਕਮਾਈ ਤੋਂ ਜੀਵਨ-ਗੁਜ਼ਾਰਾ ਕਰਨ ਦਾ ਹੁਕਮ ਜ਼ਰੂਰ ਹੈ, ਔਰਤ ਘਰ ਦੀ ਨੀਂਹ ਹੁੰਦੀ ਹੈ, ਜੇਕਰ ਹਰ ਔਰਤ ਇਨ੍ਹਾਂ ਗੁਣਾਂ ਵਿਚ ਪਰਪੱਕਤਾ ਰੱਖ ਪਰਿਵਾਰ ਪਾਲੇ ਤਾਂ ਨਿਸ਼ਚਿਤ ਰੂਪ ਵਿਚ ਸੁਚੱਜੇ ਸਮਾਜ ਦਾ ਵਿਕਾਸ ਹੋਵੇਗਾ।
ਹਕੁ ਪਰਾਇਆ ਨਾਨਕਾ,
ਉਸ ਸੂਅਰ ਉਸ ਗਾਇ
ਕੇਸ: ਇਸ ਧਰਤੀ ਉੱਤੇ ਅਨੇਕਾਂ ਹੀ ਧਰਮ ਹਨ। ਹਰ ਧਰਮ ਦੇ ਪੈਰੋਕਾਰਾਂ ਨੇ ਦੂਜਿਆਂ ਧਰਮਾਂ ਤੋਂ ਵਿਲੱਖਣ ਅਤੇ ਅੱਡਰੀ ਹੋਂਦ ਰੱਖਣ ਦੀ ਕੋਸ਼ਿਸ਼ ਸਦਕਾ ਵੱਖਰੀ ਤਰ੍ਹਾਂ ਦੀ ਮਰਿਆਦਾ ਦਿੱਤੀ। ਸਿੱਖ ਧਰਮ ਦੀ ਮਰਿਆਦਾ ਅਨੁਸਾਰ ਕੇਸ ਗੁਰੂ ਦੀ ਮੋਹਰ ਹਨ ਭਾਵ ਸਾਡੇ ਸਿਰਾਂ ਉੱਤੇ ਸੰਭਾਲ ਕਰਕੇ ਰੱਖੇ ਗਏ ਕੇਸ ਹੀ ਸਾਡੀ ਪਛਾਣ ਨੂੰ ਬਾਖੂਬੀ ਬਿਆਨ ਕਰਦੇ ਹਨ ਕਿ ਅਸੀਂ ਸਿੱਖ ਧਰਮ ਨਾਲ ਸਬੰਧਤ ਹਾਂ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅੱਜ ਦੇ ਨੌਜਵਾਨ ਕੇਸਾਂ ਨੂੰ ਆਪਣੀ ਸ਼ਾਨ ਨਹੀਂ ਇਕ ਬੋਝ ਸਮਝਣ ਲੱਗੇ ਹਨ। ਜੇਕਰ ਅਸੀਂ ਆਪਣੇ ਬੱਚਿਆਂ ਲਈ ਸਿੱਖ ਮੁਟਿਆਰ ਜਾਂ ਸਿੱਖ ਗੱਭਰੂ ਜਿਹੇ ਸ਼ਬਦ ਵਰਤਣਾ ਚਾਹੁੰਦੇ ਹਾਂ ਤਾਂ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਕੇਸਾਂ ਦੀ ਮਹਾਨਤਾ ਇਸ ਤਰਾਂ ਸਮਝਾਈਏ ਕਿ ਉਨ੍ਹਾਂ ਨੂੰ ਕੇਸ ਇਕ ਪਾਬੰਦੀ ਨਾ ਲੱਗਣ ਸਗੋਂ ਆਪਣਾ ਮਾਣ-ਸਨਮਾਨ ਦਿਸਣ। ਕੇਸਾਂ ਦੀ ਸਾਂਭ-ਸੰਭਾਲ ਵਿਚ ਮਾਂ ਦੀ ਭੂਮਿਕਾ ਪ੍ਰਮੁੱਖ ਹੈ, ਬੱਚਿਆਂ ਦੀ ਪਾਲਣਾ-ਪੋਸ਼ਣਾ ਹੀ ਇਸ ਤਰ੍ਹਾਂ ਦੇ ਸੰਸਕਾਰਾਂ ਨਾਲ ਕਰਨੀ ਚਾਹੀਦੀ ਹੈ ਕਿ ਆਪਣੀ ਪਛਾਣ ਆਪਣੀ ਦਿੱਖ ‘ਤੇ ਮਾਣ ਮਹਿਸੂਸ ਕਰਨ।ਸੁਭਾਅ : ਹਰ ਵਿਅਕਤੀ ਦਾ ਸੁਭਾਅ ਉਸ ਸ਼ਖ਼ਸੀਅਤ ਦੇ ਗੁਣਾਂ-ਔਗੁਣਾਂ ਦਾ ਸੁਮੇਲ ਹੁੰਦਾ ਹੈ। ਅਸਹਿਣਸ਼ੀਲਤਾ ਅੱਜ ਦੇ ਨੌਜਵਾਨਾਂ ਦੇ ਸੁਭਾਅ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ, ਜੋ ਨਸ਼ੇ ਅਤੇ ਹੋਰ ਵਿਕਾਰਾਂ ਨੂੰ ਜਨਮ ਦਿੰਦੀ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਸਿੱਖ ਹਾਂ, ਸਾਡੇ ਧਰਮ ਦਾ ਫ਼ਲਸਫ਼ਾ ਹੀ ਜੀਵਨ ਜਾਚ ਹੈ। ਇਹ ਫ਼ਲਸਫ਼ਾ ਹੀ ਸਾਨੂੰ ਸੇਧ ਦਿੰਦਾ ਹੈ ਕਿ ਕਿਵੇਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਵਿਕਾਰਾਂ ਉੱਤੇ ਕਾਬੂ ਪਾਉਣਾ ਹੈ। ਜੇਕਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਸਾਡੀਆਂ ਬੱਚੀਆਂ ਸਮਾਜ ਵਿਚ ਇਕ ਮਿਸਾਲ ਬਣ ਕੇ ਉਭਰਨ ਤਾਂ ਇਕ ਸਿੱਖ ਮਾਂ ਦਾ ਫ਼ਰਜ਼ ਬਣਦਾ ਹੈ ਕਿ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਸਿੱਖ ਫਲਸਫੇ ਤੋਂ ਜਾਣੂ ਕਰਵਾਏ।
ਸਦਾਚਾਰ : ਅੱਜ ਦੇ ਮਾਡਰਨ ਯੁੱਗ ਵਿਚ ਇਕ ਖ਼ਤਰਨਾਕ ਜਿਹੀ ਆਵਾਜ਼ ਕੰਨੀ ਪੈ ਰਹੀ ਹੈ ਕਿ ਚੰਗੇ ਕੰਮ ਕਰੀ ਚਲੋ ਕਿਸੇ ਧਰਮ ਦੀ ਲੋੜ ਨਹੀਂ ਜਾਂ ਕੁਝ ਸੋਚਦੇ ਨੇ ਕਿ ਕਿਸੇ ਇਕ ਧਰਮ ਦੀ ਸ਼ਰ੍ਹਾ, ਰਹੁਰੀਤ ਜਾਂ ਮਰਯਾਦਾ ਅਨੁਸਾਰ ਢਲ ਜਾਣਾ ਹੀ ਕਾਫੀ ਹੈ, ਸਦਾਚਾਰ ਜਿਹਾ ਕੁਝ ਵੀ ਜ਼ਰੂਰੀ ਨਹੀਂ। ਸਿੱਖ ਮਾਂ ਆਪਣੇ ਬੱਚੇ ਨੂੰ ਇਹ ਸਮਝਾਵੇ ਕਿ ਸਦਾਚਾਰ ਤੋਂ ਬਿਨਾਂ ਧਾਰਮਿਕ ਹੋਣਾ ਨਿਰਾ ਪਖੰਡ ਹੈ ਅਤੇ ਧਰਮ ਤੋਂ ਬਿਨਾਂ ਸਦਾਚਾਰ ਅਸੰਭਵ ਹੈ। ਦੂਸਰਿਆਂ ਦੇ ਹੱਕਾਂ ਨੂੰ ਆਪਣੇ ਫ਼ਰਜ਼ ਸਮਝਣਾ, ਆਪਣੇ ਹੱਕਾਂ ਦੇ ਨਾਲ ਦੂਜਿਆਂ ਦੇ ਹੱਕਾਂ ‘ਤੇ ਪਹਿਰਾ ਦੇਣਾ, ਸਮਾਜਿਕ ਸਾਂਝ ਨੂੰ ਬਾਖੂਬੀ ਨਿਭਾਉਣਾ ਜਿਵੇਂ ਕਿ ਸੱਚ ਬੋਲਣਾ, ਵੱਡਿਆਂ ਦੀ ਇੱਜ਼ਤ ਕਰਨਾ, ਛੋਟਿਆਂ ਨੂੰ ਪਿਆਰ ਕਰਨਾ, ਮਨੁੱਖੀ ਕਦਰਾਂ ਕੀਮਤਾਂ ਨੂੰ ਸਮਝਣਾ ਹੀ ਸਦਾਚਾਰ ਹੈ।ਸਿੱਖ ਬੀਬੀ ਇਕ ਮਾਂ ਦੇ ਰੂਪ ‘ਚ ਅਜਿਹੀਆਂ ਛੋਟੀਆਂ ਛੋਟੀਆਂ ਪਰ ਮਹਤੱਵਪੂਰਨ ਗੱਲਾਂ ਦਾ ਧਿਆਨ ਰੱਖਦਿਆਂ ਇਕ ਉੱਤਮ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੈ। ਸਿਰਫ ਲੋੜ ਹੈ ਸਿੱਖ ਔਰਤ ਨੂੰ ਆਪਣੇ ਹੱਕਾਂ ਅਤੇ ਫ਼ਰਜ਼ਾਂ ਨੂੰ ਸਹੀ ਤਰ੍ਹਾਂ ਪਛਾਣ ਕੇ ਉਨ੍ਹਾਂ ‘ਤੇ ਪਹਿਰਾ ਦੇਣ ਦੀ।
ਯ਼ਸ਼ਪ੍ਰੀਤ ਕੌਰ