ਅਕਾਲੀ ਤੇ ਭਾਜਪਾ ਵਿਚਾਲੇ ਖੜਕਣ ਮਗਰੋਂ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਕੁਰਸੀ ਵੀ ਲੱਗੀ ਹਿੱਲਣ….

ਅਕਾਲੀ ਤੇ ਭਾਜਪਾ ਵਿਚਾਲੇ ਖੜਕਣ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਕੁਰਸੀ ਵੀ ਹਿੱਲਣ ਲੱਗੀ ਹੈ। ਦਿੱਲੀ ਵਿੱਚ ਬੀਜੇਪੀ ਨਾਲੋਂ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ‘ਤੇ ਸਟੈਂਡ ਲੈ ਕੇ ਕਸੂਤਾ ਘਿਰ ਗਿਆ ਹੈ। ਵਿਰੋਧੀ ਤਿੱਖੇ ਹਮਲੇ ਕਰ ਰਹੇ ਹਨ ਕਿ ਜੇਕਰ ਅਕਾਲੀ ਦਲ ਨੇ ਵਾਕਿਆ ਹੀ ਨਾਗਰਿਕਤਾ ਸੋਧ ਕਾਨੂੰਨ ਕਰਕੇ ਦਿੱਲੀ ਵਿੱਚ ਬੀਜੇਪੀ ਦਾ ਸਾਥ ਛੱਡਿਆ ਹੈ ਤਾਂ ਫਿਰ ਪੰਜਾਬ ਵਿੱਚ ਕਿਹੜੀ ਮਜਬੂਰੀ ਹੈ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਅਜੇ ਵੀ ਮੰਤਰੀ ਦੀ ਕੁਰਸੀ ਨੂੰ ਕਿਉਂ ਚਿੰਬੜੇ ਹੋਏ ਹਨ।
ਅਕਾਲੀ ਦਲ ਦੇ ਤਾਜ਼ਾ ਸੰਕਟ ਬਾਰੇ ਮੰਥਨ ਕਰਨ ਲਈ ਬੁੱਧਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਹੋਈ। ਇਸ ਬਾਰੇ ਪੰਜਾਬ ਵਿੱਚ ਬੀਜੇਪੀ ਨਾਲ ਭਵਿੱਖੀ ਗਿਣਤੀਆਂ-ਮਿਣਤੀਆਂ ਬਾਰੇ ਚਰਚਾ ਹੋਈ। ਚਰਚਾ ਹੈ ਕਿ ਤਾਜ਼ਾ ਹਾਲਾਤ ਕਰਕੇ ਹਰਸਿਮਰਤ ਬਾਦਲ ਦਾ ਮੰਤਰੀ ਬਣਿਆ ਰਹਿਣਾ ਮੁਸ਼ਕਲ ਹੈ। ਬੇਸ਼ੱਕ ਇਸ ਬਾਰੇ ਮੀਟਿੰਗ ਵਿੱਚ ਖੁੱਲ੍ਹ ਕੇ ਚਰਚਾ ਨਹੀਂ ਹੋਈ ਪਰ ਅਕਾਲੀ ਲੀਡਰ ਮਹਿਸੂਸ ਕਰਨ ਲੱਗੇ ਹਨ ਕਿ ਜਲਦ ਹੀ ਇਸ ਬਾਰੇ ਕੋਈ ਫੈਸਲਾ ਲੈਣਾ ਪਏਗਾ।

ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਹੀ ਬਾਦਲ ਪਰਿਵਾਰ ਬੀਜੇਪੀ ਦੇ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਕਿਆ ਹੀ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਬਾਰੇ ਬੀਜੇਪੀ ਤੋਂ ਵੱਖ ਵਿਚਾਰ ਰੱਖਦਾ ਹੈ ਤਾਂ ਹਰਸਿਰਤ ਬਾਦਲ ਨੂੰ ਮੋਦੀ ਕੈਬਨਿਟ ਵਿੱਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਜੇ ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ’ਤੇ ਬੀਜੇਪੀ ਨਾਲ ਗਠਜੋੜ ਤੋੜਿਆ ਹੈ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਕੇਂਦਰੀ ਮੰਤਰੀ ਮੰਡਲ ’ਚ ਉਹ ਮੰਤਰੀ ਹਨ, ਉਸੇ ਸਰਕਾਰ ਨੇ ਸੀਏਏ ਲਾਗੂ ਕੀਤਾ ਹੈ।

Leave a Reply

Your email address will not be published. Required fields are marked *