bulandh awaaz

voice of truth

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਤਲਾਸ਼ੀ ਲਾਜ਼ਮੀ

1 min read

flightdeck-1ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਓਰਟੀ ਅਥਾਰਟੀ (ਸੀ. ਏ. ਟੀ. ਐਸ. ਏ.) ਵੱਲੋਂ ਬੀਤੇ ਦਿਨਾਂ ਤੋਂ ਸੁਰੱਖਿਆ ਜਾਂਚ ਦੇ ਨਿਯਮਾਂ ‘ਚ ਸਖ਼ਤੀ ਕੀਤੀ ਗਈ ਹੈ, ਜਿਸ ਤਹਿਤ ਸਿੱਖਾਂ ਲਈ ਦਸਤਾਰ ਦੀ ਜਾਂਚ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੀ. ਏ. ਟੀ. ਐਸ. ਏ. ਦੇ ਇਕ ਬੁਲਾਰੇ ਨੇ ਆਖਿਆ ਕਿ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਤੋਂ ਪਹਿਲਾਂ ਦਸਤਾਰ ਨਾਲੋਂ ਪਿੰਨਾਂ (ਜਾਂ ਕੋਈ ਵੀ ਧਾਤ) ਵਗੈਰਾ ਉਤਾਰ ਦੇਣ ਨਾਲ ਜਾਂਚ ਦਾ ਕੰਮ ਜਲਦੀ ਨਿਪਟ ਸਕਦਾ ਹੈ। ਮੈਟਲ ਡਿਟੈਕਟਰ ‘ਚੋਂ ਲੰਘਦੇ ਸਮੇਂ ਅਲਾਰਮ ਵੱਜਣ ਨਾਲ ਦਸਤਾਰ ਦੀ (ਉਤਾਰ ਕੇ) ਤਲਾਸ਼ੀ ਲੈਣਾ ਜ਼ਰੂਰੀ ਹੈ। ਯਾਤਰੀ ਦੀ ਬੇਨਤੀ ‘ਤੇ ਅਜਿਹੀ ਤਲਾਸ਼ੀ ਬੰਦ ਕਮਰੇ ‘ਚ ਕੀਤੀ ਜਾ ਸਕਦੀ ਹੈ। ਜੇਕਰ ਮੈਟਲ ਡਿਟੈਕਟਰ ਦਾ ਅਲਾਰਮ ਨਹੀਂ ਵੱਜਦਾ ਤਾਂ ਵੀ ਸਿੱਖ ਨੂੰ ਆਪਣੀ ਦਸਤਾਰ ‘ਤੇ ਆਪ ਹੱਥ ਫੇਰ ਕੇ ਧਮਾਕਾਖੇਜ਼ ਸਮੱਗਰੀ ਦੀ ਤਕਨੀਕੀ ਜਾਂਚ ਕਰਵਾਉਣੀ ਜ਼ਰੂਰੀ ਹੈ। ਇਹ ਨਿਯਮ ਉਨ੍ਹਾਂ ਸਾਰੇ ਯਾਤਰੀਆਂ ਲਈ ਇਕਸਾਰ ਲਾਗੂ ਕੀਤੇ ਗਏ ਹਨ, ਜਿਨ੍ਹਾਂ ਦੇ ਸਿਰ ਢੱਕੇ ਹੁੰਦੇ ਹਨ। ਦਸਤਾਰ ਦੀ ਜਾਂਚ ਲਾਜ਼ਮੀ ਕੀਤੇ ਜਾਣ ਦਾ ਕੈਨੇਡਾ ਦੇ ਸਿੱਖਾਂ ਵਲੋਂ ਤਿੱਖਾ ਨੋਟਿਸ ਲਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਸਰਕਾਰ ਦੇ ਅੰਮ੍ਰਿਤਧਾਰੀ ਰਾਜ ਮੰਤਰੀ ਟਿੰਮ ਉਪਲ ਨੂੰ ਵੀ ਸੀ.ਏ.ਟੀ.ਐਸ.ਏ. ਦੀ ਸੁਰੱਖਿਆ ਜਾਂਚ ਦੇ ਨਵੇਂ ਤਰੀਕੇ ਬਾਰੇ ਏਅਰਪੋਰਟ ਸਕਿਓਰਟੀ ਚੈੱਕ ‘ਚੋਂ ਲੰਘਣ ਸਮੇਂ ਪਤਾ ਲੱਗਾ। ਇਸ ਬਾਰੇ ਸ: ਉਪਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਆਵਾਜਾਈ ਮੰਤਰੀ ਦੇ ਧਿਆਨ ‘ਚ ਲਿਆਂਦਾ ਹੈ ਅਤੇ ਕੈਨੇਡਾ ਸਰਕਾਰ ਨੇ ਇਸ ‘ਤੇ ਕਾਰਵਾਈ ਕਰਦਿਆਂ ਦੇਸ਼ ‘ਚ ਘਰੇਲੂ ਉਡਾਨਾਂ ਲਈ ਸੁਰੱਖਿਆ ਜਾਂਚ ਮੌਕੇ ਦਸਤਾਰ ਦੀ ਜਾਂਚ ਬਾਰੇ ਪੁਰਾਣੇ ਨਿਯਮ ਲਾਗੂ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅਮਰੀਕੀ ਪ੍ਰਸ਼ਾਸਨ ਕੋਲ ਵੀ ਉਠਾਇਆ ਜਾ ਰਿਹਾ ਹੈ ਤਾਂ ਜੋ ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਉਡਾਨਾਂ ਲਈ ਸਕਿਓਰਟੀ ਜਾਂਚ ਮੌਕੇ ਦਸਤਾਰਧਾਰੀ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Social Media Auto Publish Powered By : XYZScripts.com